ਲੁਧਿਆਣਾ ਦੇ ਮੰਦਰ ''ਚ ਦਿਨ-ਦਿਹਾੜੇ ਹੋਈ ਚੋਰੀ!
Friday, Jun 12, 2026 - 06:22 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਸ਼ਾਤਿਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਖ਼ੌਫ਼ ਰਿਹਾ ਹੈ ਤੇ ਨਾ ਹੀ ਭਗਵਾਨ ਦਾ ਡਰ। ਤਾਜਾ ਮਾਮਲਾ ਪ੍ਰੇਮ ਨਗਰ ਇਲਾਕੇ ਦਾ ਹੈ, ਜਿੱਥੇ ਸਥਿਤ ਪ੍ਰਸਿੱਧ ਗੋਪਾਲ ਮੰਦਰ ਵਿਚ ਦਿਨ ਦਿਹਾੜੇ ਚੋਰੀ ਹੋ ਗਈ। ਸ਼ਾਤਿਰ ਚੋਰ ਨੇ ਪਹਿਲਾਂ ਤਾਂ ਭਗਵਾਨ ਦੇ ਸਰੂਪ ਅੱਗੇ ਸੀਸ ਨਿਵਾਇਆ ਤੇ ਫ਼ਿਰ ਮੰਦਰ ਦੀ ਗੋਲਕ ਦਾ ਤਾਲਾ ਤੋੜ ਕੇ ਸਾਰਾ ਚੜ੍ਹਾਵਾ ਸਮੇਟ ਕੇ ਰਫ਼ੂਚੱਕਰ ਹੋ ਗਿਆ। ਇਹ ਪੂਰੀ ਵਾਰਦਾਤ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ, ਵੀਰਵਾਰ ਦੁਪਹਿਰ ਨੂੰ ਮੰਦਰ ਦੇ ਪੁਜਾਰੀ ਵਿੱਕੀ ਹਰ ਰੋਜ਼ ਦੀ ਤਰ੍ਹਾਂ ਭਗਵਾਨ ਦੀ ਸੇਵਾ-ਅਰਚਨਾ ਕਰਨ ਮਗਰੋਂ ਦੁਪਹਿਰ ਦੀ ਰੋਟੀ ਖਾਣ ਲਈ ਘਰ ਗਏ ਸੀ। ਉਨ੍ਹਾਂ ਦਾ ਘਰ ਮੰਦਰ ਦੇ ਬਿਲਕੁੱਲ ਸਾਹਮਣੇ ਵਾਲੀ ਗਲੀ ਵਿਚ ਹੀ ਸਥਿਤ ਹੈ। ਇਸੇ ਦੌਰਾਨ ਇਕ ਸ਼ਾਤਿਰ ਚੋਰ ਮੰਦਰ ਦੇ ਅੰਦਰ ਦਾਖ਼ਲ ਹੋਇਆ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਗਿਆ। ਸੀ. ਸੀ. ਟੀ. ਵੀ. ਫੁਟੇਜ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਨੌਜਵਾਨ ਪਹਿਲਾਂ ਮੰਦਰ ਦੇ ਗਰਭ ਗ੍ਰਹਿ ਨੇੜੇ ਜਾਂਦਾ ਹੈ ਤੇ ਬਾਕਾਇਦਾ ਉੱਥੇ ਭਗਵਾਨ ਦੀ ਮੂਰਤੀ ਅੱਗੇ ਮੱਥਾ ਟੇਕਦਾ ਹੈ ਤੇ ਫ਼ਿਰ ਮੌਕਾ ਵੇਖ ਕੇ ਗੋਲਕ ਦਾ ਤਾਲਾ ਤੋੜ ਕੇ ਦਾਨ ਦੇ ਪੈਸੇ ਕੱਢ ਕੇ ਫ਼ਰਾਰ ਹੋ ਜਾਂਦਾ ਹੈ।

ਕੁਝ ਦੇਰ ਮਗਰੋਂ ਜਦੋਂ ਪੁਜਾਰੀ ਰੋਟੀ ਖਾ ਕੇ ਪਰਤੇ ਤਾਂ ਮੰਦਰ ਦੀ ਗੋਲਕ ਦਾ ਟੁੱਟਿਆ ਤਾਲਾ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਮੰਦਰ ਕਮੇਟੀ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਦਿੱਤੀ, ਜਿਸ ਮਗਰੋਂ ਮੰਦਰ ਵਿਚ ਭਾਜੜਾਂ ਪੈ ਗਈਆਂ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੰਦਰ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ ਹੈ। ਅਫ਼ਸਰਾਂ ਦਾ ਕਹਿਣਾ ਹੈ ਕਿ ਫੁਟੇਜ ਦੇ ਅਧਾਰ 'ਤੇ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ।
