ਮੋਬਾਈਲ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, ਚੋਰੀ ਦੇ 4 ਮੋਟਰਸਾਈਕਲ ਤੇ 12 ਫੋਨ ਬਰਾਮਦ
Thursday, Jun 18, 2026 - 07:12 PM (IST)
ਲੁਧਿਆਣਾ (ਅਨਿਲ,ਸ਼ਿਵਮ))- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਲੁੱਟ-ਖੋਹ ਅਤੇ ਵਾਹਨ ਚੋਰੀ ਕਰਨ ਵਾਲੇ ਇੱਕ ਸਰਗਰਮ ਗਿਰੋਹ ਦੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ 4 ਮੋਟਰਸਾਈਕਲ, 12 ਮੋਬਾਇਲ ਫੋਨ ਅਤੇ 1 ਲੋਹੇ ਦਾ ਦਾਤ ਬਰਾਮਦ ਕੀਤਾ ਹੈ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕਰਨ ਮੇਸ਼ੀ (ਸਮਰਾਲਾ ਚੌਕ), ਫੁੰਮਣ ਸਿੰਘ ਉਰਫ਼ ਸਨੀ (ਭੱਟੀਆਂ ਬੇਟ) ਤੇ ਰਾਹੁਲ ਉਰਫ਼ ਨਾਈ (ਗੁਰੂ ਹਰਿ ਰਾਏ ਨਗਰ) ਵਜੋਂ ਹੋਈ ਹੈ। ਏ.ਡੀ.ਸੀ.ਪੀ-1 ਸਮੀਰ ਵਰਮਾ ਤੇ ਏ.ਸੀ.ਪੀ. ਨਾਰਥ ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਲੰਘੀ 5 ਜੂਨ ਨੂੰ ਅਸ਼ੋਕ ਨਗਰ ਦੀ ਇੱਕ ਔਰਤ ਜਦੋਂ ਦਵਾਈ ਲੈਣ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਉਸਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ।
ਥਾਣਾ ਮੁਖੀ ਹਰਸ਼ਵੀਰ ਸਿੰਘ ਸੰਧੂ ਅਤੇ ਚੌਕੀ ਇੰਚਾਰਜ ਜਿੰਦਰ ਲਾਲ ਸਿੱਧੂ ਦੀ ਅਗਵਾਈ ਹੇਠ ਪੁਲਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਇਸੇ ਦੌਰਾਨ 17 ਜੂਨ ਨੂੰ ਪੁਲਸ ਨੂੰ ਮੁਖਬਰੀ ਮਿਲੀ ਕਿ ਇਹ ਮੁਲਜ਼ਮ ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ ਹਨ, ਜਿਸ 'ਤੇ ਕਾਰਵਾਈ ਕਰਦੇ ਪੁਲਸ ਨੇ ਇਨ੍ਹਾਂ ਨੂੰ ਦਬੋਚ ਲਿਆ।
ਪੁਲਸ ਮੁਤਾਬਕ ਮੁਲਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ 4 ਮੋਟਰਸਾਈਕਲ ਚੋਰੀ ਕੀਤੇ ਹੋਏ ਸਨ। ਪੁਲਸ ਦੀ ਅੱਖ ਤੋਂ ਬਚਣ ਲਈ ਤੇ ਨੰਬਰ ਪਲੇਟ ਟ੍ਰੇਸ ਨਾ ਹੋਣ ਦੇਣ ਲਈ ਉਹ ਹਰ ਵਾਰਦਾਤ ਤੋਂ ਬਾਅਦ ਮੋਟਰਸਾਈਕਲ ਬਦਲ ਲੈਂਦੇ ਸਨ ਤੇ ਪਹਿਲੇ ਵਾਹਨ ਨੂੰ ਛੁਪਾ ਦਿੰਦੇ ਸਨ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ ਤੇ ਆਪਣੇ ਨਸ਼ੇ ਦੇ ਖ਼ਰਚੇ ਪੂਰੇ ਕਰਨ ਲਈ ਹੀ ਲੁੱਟ-ਖੋਹ ਦਾ ਸਾਮਾਨ ਸਸਤੇ ਭਾਅ ਵੇਚਦੇ ਸਨ। ਮੁਲਜ਼ਮ ਕਰਨ ਮੇਸ਼ੀ ਤੇ ਰਾਹੁਲ ਨਾਈ ਪੁਰਾਣੇ ਅਪਰਾਧੀ ਹਨ, ਜੋ ਜ਼ਮਾਨਤ 'ਤੇ ਬਾਹਰ ਆਏ ਸਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
