ਪੌਸ਼ ਇਲਾਕੇ ਸਿਵਲ ਲਾਈਨਜ਼ ''ਚ ਬਾਈਕ ਸਵਾਰ ਬਦਮਾਸ਼ਾਂ ਦੀ ਦਹਿਸ਼ਤ, ਝਪਟੀ ਸੋਨੇ ਦੀ ਚੇਨ
Wednesday, Jun 17, 2026 - 10:11 PM (IST)
ਲੁਧਿਆਣਾ (ਰਾਜ) : ਮਹਾਨਗਰ ਦੇ ਸਭ ਤੋਂ ਸੁਰੱਖਿਅਤ ਅਤੇ ਪੌਸ਼ ਮੰਨੇ ਜਾਣ ਵਾਲੇ ਸਿਵਲ ਲਾਈਨਜ਼ ਇਲਾਕੇ ਵਿੱਚ ਬਾਈਕ ਸਵਾਰ ਸਨੈਚਰਾਂ ਨੇ ਪੁਲਿਸ ਸੁਰੱਖਿਆ ਦੇ ਦਾਵਿਆਂ ਦੀ ਹਵਾ ਕੱਢ ਦਿੱਤੀ। ਸ਼ਾਤਰ ਬਦਮਾਸ਼ਾਂ ਨੇ ਸਰੇਰਾਹ ਖਾਲਸਾ ਕਾਲਜ ਵਿੱਚ ਤਾਇਨਾਤ ਇੱਕ ਮਹਿਲਾ ਲੈਕਚਰਾਰ ਨੂੰ ਆਪਣਾ ਨਿਸ਼ਾਨਾ ਬਣਾਇਆ। ਵਾਰਦਾਤ ਉਸ ਸਮੇਂ ਹੋਈ ਜਦੋਂ ਮਹਿਲਾ ਸ਼ਾਮ ਦੇ ਸਮੇਂ ਐਕਟਿਵਾ 'ਤੇ ਸੈਰ ਲਈ ਨਿਕਲੀ ਸੀ। ਘਾਤ ਲਗਾ ਕੇ ਬੈਠੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਬੜੀ ਬੇਰਹਿਮੀ ਨਾਲ ਮਹਿਲਾ ਦੇ ਗਲੇ 'ਤੇ ਝਪਟਾ ਮਾਰਿਆ ਅਤੇ ਕਰੀਬ ਡੇਢ ਤੋਲੇ ਦੀ ਸੋਨੇ ਦੀ ਚੇਨ ਤੋੜ ਕੇ ਪਲਕ ਝਪਕਦੇ ਹੀ ਰਫੂਚੱਕਰ ਹੋ ਗਏ। ਸਰੇਸ਼ਾਮ ਹੋਈ ਇਸ ਵਾਰਦਾਤ ਦੇ ਬਾਅਦ ਤੋਂ ਇਲਾਕੇ ਦੇ ਨਿਵਾਸੀਆਂ ਅਤੇ ਸੈਰ ਕਰਨ ਵਾਲੇ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਸੰਤ ਨਗਰ ਹੈਬੋਵਾਲ ਕਲਾਂ ਦੀ ਰਹਿਣ ਵਾਲੀ ਪੀੜਤਾ ਭਾਵਨਾ ਸਚਦੇਵਾ ਖਾਲਸਾ ਕਾਲਜ ਵਿੱਚ ਲੈਕਚਰਾਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ 7 ਜੂਨ ਦੀ ਸ਼ਾਮ ਨੂੰ ਕਰੀਬ 6:10 ਵਜੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਨਿਕਲੀ ਸੀ। ਜਦੋਂ ਉਹ ਦਮੋਰੀਆ ਪੁਲ ਪਾਰ ਕਰਕੇ ਸਿਵਲ ਲਾਈਨਜ਼ ਸਥਿਤ ਇਕਬਾਲ ਨਰਸਿੰਗ ਹੋਮ ਦੇ ਕੋਲ ਪਹੁੰਚੀ, ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਬਿਲਕੁਲ ਨੇੜੇ ਆ ਗਏ।
ਪੀੜਤਾ ਭਾਵਨਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਮੋਟਰਸਾਈਕਲ 'ਤੇ ਪਿੱਛੇ ਬੈਠੇ ਸ਼ਾਤਰ ਬਦਮਾਸ਼ ਨੇ ਉਨ੍ਹਾਂ ਦੇ ਗਲੇ ਵਿੱਚ ਪਾਈ ਕਰੀਬ ਡੇਢ ਤੋਲੇ ਵਜ਼ਨ ਦੀ ਸੋਨੇ ਦੀ ਚੇਨ 'ਤੇ ਜ਼ੋਰਦਾਰ ਝਪਟਾ ਮਾਰ ਦਿੱਤਾ। ਝਟਕਾ ਇੰਨਾ ਭਿਆਨਕ ਸੀ ਕਿ ਮਹਿਲਾ ਐਕਟਿਵਾ ਸਮੇਤ ਡਿੱਗਦੇ-ਡਿੱਗਦੇ ਬਚੀ ਅਤੇ ਖੁਦ ਨੂੰ ਸੰਭਾਲ ਵੀ ਨਹੀਂ ਸਕੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੁਲਜ਼ਮ ਬਾਈਕ ਦੀ ਰਫ਼ਤਾਰ ਵਧਾਉਂਦੇ ਹੋਏ ਹਵਾ ਵਾਂਗ ਗਾਇਬ ਹੋ ਗਏ। ਮਹਿਲਾ ਦੇ ਸ਼ੋਰ ਮਚਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਨੇ ਅਣਪਛਾਤੇ ਬਾਈਕ ਸਵਾਰ ਲੁਟੇਰਿਆਂ ਖਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 304 ਅਤੇ 3(5) ਦੇ ਤਹਿਤ ਸੰਗੀਨ ਮੁਕੱਦਮਾ ਦਰਜ ਕਰ ਲਿਆ ਹੈ।
ਮਾਮਲੇ ਦੀ ਤਫ਼ਤੀਸ਼ ਕਰ ਰਹੇ ਹਵਲਦਾਰ ਅਸੀਸ ਕੁਮਾਰ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਬੇਨਕਾਬ ਕਰਨ ਲਈ ਪੁਲਸ ਨੇ ਚੱਕਰਵਿਊ ਤਿਆਰ ਕਰ ਲਿਆ ਹੈ। ਘਟਨਾ ਸਥਾਨ ਤੇ ਉਸ ਦੇ ਆਸ-ਪਾਸ ਦੇ ਤਮਾਮ ਰਸਤਿਆਂ 'ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਹੁਲੀਏ ਅਤੇ ਮੋਟਰਸਾਈਕਲ ਦੇ ਨੰਬਰ ਦਾ ਸੁਰਾਗ ਲਗਾਇਆ ਜਾ ਸਕੇ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
