ਚਲਦੇ ਆਟੋ ''ਚ ਲੱਖਾਂ ਰੁਪਏ ਦਾ ਸੋਨਾ ਚੋਰੀ! 22 ਦਿਨ ਬਾਅਦ ਦਰਜ ਹੋਇਆ ਪਰਚਾ

Tuesday, Jun 16, 2026 - 06:22 PM (IST)

ਚਲਦੇ ਆਟੋ ''ਚ ਲੱਖਾਂ ਰੁਪਏ ਦਾ ਸੋਨਾ ਚੋਰੀ! 22 ਦਿਨ ਬਾਅਦ ਦਰਜ ਹੋਇਆ ਪਰਚਾ

ਲੁਧਿਆਣਾ (ਤਰੁਣ/ਰਾਜ): ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰੋਂ ਆਟੋ ਵਿਚ ਬਹਿ ਕੇ ਆਪਣੀ ਮੰਜ਼ਲ 'ਤੇ ਜਾਣਾ ਕਿੰਨਾ ਸੁਰੱਖਿਅਤ ਹੈ, ਇਹ ਘਟਨਾ ਤੁਹਾਨੂੰ ਦੱਸ ਦੇਵੇਗੀ। ਇੱਥੇ ਇਕ ਪ੍ਰਵਾਸੀ ਕਾਰੀਗਰ ਆਪਣੇ ਪਰਿਵਾਰ ਦੇ ਨਾਲ ਆਟੋ ਵਿਚ ਬੈਠਿਆ ਤੇ ਆਪਣੀ ਮੰਜ਼ਲ ਵੱਲ ਜਾ ਰਿਹਾ ਸੀ। ਇਸ ਦੌਰਾਨ ਆਟੋ ਗੈਂਗ ਨੇ ਉਸ ਦੇ ਬੈਗ ਦਾ ਤਾਲਾ ਤੋੜੜ ਕੇ 5 ਤੋਲੇ ਸੋਨਾ ਚੋਰੀ ਕਰ ਲਿਆ। ਪੀੜਤ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਪਰ ਹੈਰਾਨੀਜਨਕ ਗੱਲ ਇਹ ਹੈ ਕਿ ਸੁਰੱਖਿਆ ਦਾ ਭਰੋਸਾ ਦੇਣ ਵਾਲੇ ਪੁਲਸ ਕਮਿਸ਼ਨਰੇਟ ਸਿਸਟਮ ਨੇ ਵਾਰਦਾਤ ਦੇ 22 ਦਿਨ ਬਾਅਦ ਇਕ ਐੱਫ. ਆਈ. ਆਰ. ਦਰਜ ਕਰ ਕੇ ਖ਼ਾਨਾਪੂਰਤੀ ਕੀਤੀ ਹੈ। 

ਪੀੜਤ ਸੁਨੀਲ ਸਾਹਨੀ ਨੇ ਦੱਸਿਆ ਕਿ ਉਹ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਅਕਬਰਪੁਰ ਦਾ ਰਹਿਣ ਵਾਲਾ ਹੈ ਤੇ ਲੁਧਿਆਣਾ ਦੀ ਇਕ ਫ਼ਰਮ ਵਿਚ ਫਲੈਟ ਮਸ਼ੀਨ ਦਾ ਠੇਕੇਦਾਰ ਤੇ ਕਾਰੀਗਰ ਹੈ। ਉਹ ਆਪਣੀ ਪਤਨੀ ਤੇ 2 ਬੱਚਿਆਂ ਦੇ ਨਾਲ ਬਸਤੀ ਜੋਧੇਵਾਲ ਵਿਚ ਰਹਿੰਦਾ ਹੈ। 23 ਮਈ ਨੂੰ ਉਹ ਆਪਣੀ ਪਤਨੀ ਤੇ 2 ਬੱਚਿਆਂ ਦੇ ਨਾਲ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਿਆ ਤੇ ਬਸਤੀ ਜੋਧੇਵਾਲ ਜਾਣ ਲਈ ਆਟੋ ਲਿਆ। ਉਹ ਆਪਣੇ ਪਰਿਵਾਰ ਦੇ ਨਾਲ ਆਟੋ ਵਿਚ ਬੈਠ ਗਿਆ। ਮਾਤਾ ਰਾਣੀ ਚੌਕ ਨੇੜੇ ਆਟੋ ਰੁਕਿਆ ਤੇ 3 ਵਿਅਕਤੀ ਆਟੋ ਵਿਚ ਬੈਠ ਗਏ। ਰਾਹ ਵਿਚ ਆਟੋ ਨੇ ਕਈ ਟੋਇਆਂ ਨੂੰ ਪਾਰ ਕੀਤਾ, ਜਿਸ ਕਾਰਨ ਕਾਫ਼ੀ ਧੱਕੇ ਵੀ ਲੱਗੇ। ਬਸਤੀ ਜੋਧੇਵਾਲ ਚੌਕ ਵਿਚ ਉਹ ਪਰਿਵਾਰ ਦੇ ਨਾਲ ਉਤਰ ਗਿਆ ਤੇ ਟਰਾਲੀ ਬੈਗ ਚੁੱਕ ਕੇ ਵੇਖਿਆ ਤਾਂ ਬੈਗ ਨੂੰ ਲੱਗਿਆ ਤਾਲਾ ਗਾਇਬ ਸੀ। ਉਦੋਂ ਤਕ ਆਟੋ ਚਾਲਕ ਆਪਣੇ ਗੈਂਗ ਦੇ ਨਾਲ ਉੱਥੋਂ ਫ਼ਰਾਰ ਹੋ ਗਿਆ। ਜਦੋਂ ਉਸ ਨੇ ਬੈਗ ਦਾ ਸਾਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਆਟੋ ਵਿਚ ਬੈਠੇ ਗੈਂਗ ਨੇ ਬੈਗ ਵਿਚ ਰੱਖੇ ਉਸ ਦੀ ਪਤਨੀ ਦੇ 5 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਉਸ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ। ਪੀੜਤ ਮੁਤਾਬਕ, ਉਸ ਨੂੰ ਕੇਸ ਦਰਜ ਕਰਵਾਉਣ ਲਈ ਥਾਣੇ ਦੇ ਕਈ ਚੱਕਰ ਕੱਟਣੇ ਪਏ। 

ਇਸ ਸਬੰਧੀ ਜਾਂਚ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਪੀੜਤ ਵੱਲੋਂ ਸ਼ਿਕਾਇਤ 25 ਮਈ ਨੂੰ ਮਿਲੀ ਹੈ। ਪੁਲਸ ਪੀੜਤ ਦੇ ਨਾਲ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ਲਈ ਇਲਾਕੇ ਵਿਚ ਕਈ ਥਾਵਾਂ 'ਤੇ ਗਈ। ਇਸ ਦੌਰਾਨ ਪੀੜਤ ਦੀ ਪਤਨੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਸੁਨੀਲ ਸਾਹਨੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਯੂ. ਪੀ. ਚਲਾ ਗਿਆ ਤੇ ਉਸ ਦੇ ਵਾਪਸ ਆਉਣ ਮਗਰੋਂ ਸੁਨੀਲ ਸਾਹਨੀ ਦੇ ਬਿਆਨ ਦਰਜ ਕਰ ਕੇ ਆਟੋ ਚਾਲਕ ਸਮੇਤ 4 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਚੋਰੀ ਅਤੇ ਲੁੱਟਖੋਹ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਐੱਫ.  ਆਈ. ਆਰ. ਦਰਜ ਕਰਨ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। 


author

Anmol Tagra

Content Editor

Related News