ਮੀਂਹ ਕਾਰਨ ਡਿੱਗੀ ਗਰੀਬ ਪਰਿਵਾਰ ਦੇ ਘਰ ਦੀ ਛੱਤ! 70 ਸਾਲਾ ਬਜ਼ੁਰਗ ਔਰਤ ਦੀ ਹਾਲਤ ਗੰਭੀਰ

Saturday, Jun 13, 2026 - 11:54 AM (IST)

ਮੀਂਹ ਕਾਰਨ ਡਿੱਗੀ ਗਰੀਬ ਪਰਿਵਾਰ ਦੇ ਘਰ ਦੀ ਛੱਤ! 70 ਸਾਲਾ ਬਜ਼ੁਰਗ ਔਰਤ ਦੀ ਹਾਲਤ ਗੰਭੀਰ

ਸਮਰਾਲਾ (ਬਿਪਨ): ਸਮਰਾਲਾ ਦੇ ਨੇੜਲੇ ਪਿੰਡ ਸਿਹਾਲਾ ਵਿਖੇ ਦੇਰ ਰਾਤ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ 70 ਸਾਲਾ ਬਜ਼ੁਰਗ ਮਾਤਾ ਲਾਜਵੰਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਉਸ ਨੂੰ ਸਮਰਾਲਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਬਜ਼ੁਰਗ ਮਾਤਾ ਦੇ ਜਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਚੰਡੀਗੜ੍ਹ 32 ਸੈਕਟਰ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। 

ਘਟਨਾ ਵਾਲੇ ਘਰ ਮੌਜੂਦ ਸਰਪੰਚ ਨੀਰਜ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਰਕਾਰ ਨੂੰ ਪਿਛਲੇ ਸਾਲ ਹੀ ਬੇਨਤੀ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਘਰ ਵਿਚ ਤਕਰੀਬਨ 35 ਮਕਾਨ ਕੱਚੇ ਹਨ, ਇਨ੍ਹਾਂ ਨੂੰ ਪੱਕਾ ਕੀਤਾ ਜਾਵੇ। ਇਸ ਲਈ ਉਹ ਬਾਕਾਇਦਾ ਲਿਖਤੀ ਤੌਰ 'ਤੇ ਬੇਨਤੀ ਪੱਤਰ ਵੀ ਦੇ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਸਕੀ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਐੱਨ.ਆਰ.ਆਈ. ਵੀਰਾਂ ਨੂੰ ਬੇਨਤੀ ਕੀਤੀ ਕਿ ਪਿੰਡ ਸਿਹਾਲਾ ਵਿਖੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਅੱਗੇ ਆਉਣ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਅੱਜ ਜੋ ਜਰਨੈਲ ਸਿੰਘ ਦਾ ਘਰ ਦੀ ਛੱਤ ਮੀਂਹ ਕਾਰਨ ਡਿੱਗ ਗਈ ਹੈ, ਉਸ ਦੀ ਵੀ ਮਦਦ ਕੀਤੀ ਜਾਵੇ। 

ਉੱਥੇ ਮੌਜੂਦ ਮਾਤਾ ਦੇ ਰਿਸ਼ਤੇਦਾਰ ਦਰਸ਼ਨ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਗਰੀਬ ਪਰਿਵਾਰ ਦਾ ਮੀਂਹ ਕਾਰਨ ਇਕ ਕਮਰੇ ਦੀ ਛੱਤ ਡਿੱਗਣ ਕਾਰਨ ਕਾਫੀ ਨੁਕਸਾਨ ਹੋਇਆ। ਇਸ ਵਿਚ ਘਰੇਲੂ ਸਮਾਨ ਅਤੇ ਇਕ ਸਕੂਟਰ ਛੱਤ ਡਿੱਗਣ ਕਾਰਨ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਬਜ਼ੁਰਗ ਮਹਿਲਾ ਦੇ ਨਾਲ ਉਸ ਦੀ ਪੋਤੀ ਵੀ ਸੌਂਦੀ ਹੈ, ਉਹ ਇਸ ਵੇਲੇ ਨਾਨਕੇ ਗਈ ਹੋਈ ਸੀ, ਨਹੀਂ ਤਾਂ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ। 
 


author

Anmol Tagra

Content Editor

Related News