ਲੁਧਿਆਣਾ ''ਚ 200 ਫੁੱਟ ਉੱਚੇ ਟਾਵਰ ''ਤੇ ਜਾ ਚੜ੍ਹੀ ਵਿਆਹੁਤਾ! ਕਹਿੰਦੀ- ''ਮੇਰੇ ਪਤੀ ਨੇ...''
Wednesday, Jun 17, 2026 - 02:47 PM (IST)
ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਬੱਗਾ ਕਲਾਂ ਵਿਚ ਪਤੀ ਵੱਲੋਂ ਦੂਜੀ ਮਹਿਲਾ ਨਾਲ ਵਿਆਹ ਕਰਨ ਦੇ ਵਿਰੋਧ ਵਿਚ ਇਕ ਮਹਿਲਾ 200 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਜਾ ਚੜ੍ਹੀ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਕਿਹਾ। ਸੂਚਨਾ ਮਿਲਣ ਮਗਰੋਂ ਥਾਣਾ ਲਾਡੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਬੱਗਾ ਕਲਾਂ ਵਿਚ ਇਕ ਮਹਿਲਾ ਮੋਬਾਈਲ ਫ਼ੋਨ ਦੇ 200 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਈ। ਟਾਵਰ 'ਤੇ ਚੜ੍ਹੀ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਫ਼ਿਲਹਾਲ ਪੁਲਸ ਨੇ ਗਮਗਮੀ ਦੇਵੀ ਨੂੰ ਟਾਵਰ ਤੋਂ ਹੇਠਾਂ ਉਤਾਰ ਲਿਆ ਹੈ ਤੇ ਉਸ ਦੇ ਪਤੀ ਪਲਟੂ ਮੰਡਲ ਨੂੰ ਥਾਣਾ ਲਾਡੋਵਾਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਦਾ ਪੱਖ ਜਾਨਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
