ED ਦੀ ਵੱਡੀ ਕਾਰਵਾਈ! 3000 ਕਰੋੜ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਪਰਦਾਫਾਸ਼

Saturday, Jun 20, 2026 - 11:55 AM (IST)

ED ਦੀ ਵੱਡੀ ਕਾਰਵਾਈ! 3000 ਕਰੋੜ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਦਾ ਪਰਦਾਫਾਸ਼

ਲੁਧਿਆਣਾ (ਰਾਜ): ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਬਹੁਤ ਹੀ ਵੱਡੇ ਤੇ ਹਾਈ ਪ੍ਰੋਫ਼ਾਈਲ ਵਿੱਤੀ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਈ. ਡੀ. ਦੇ ਸਹਾਇਕ ਨਿਰਦੇਸ਼ਕ ਸੂਰਜ ਕੁਮਾਰ ਤੋਂ ਮਿਲੀ ਇਨਪੁਟ ਅਤੇ ਅਧਿਕਾਰਤ ਸ਼ਿਕਾਇਤ ਮਗਰੋਂ ਪੁਲਸ ਨੇ ਵੱਡੇ ਫਰਜ਼ੀਵਾੜੇ ਤੇ ਮਨੀ ਲਾਂਡਰਿੰਗ ਦੇ ਇਸ ਕਾਲੇ ਨੈੱਟਟਵਰਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਨੈੱਟਵਰਕ ਰਾਹੀਂ ਫਰਜ਼ੀ ਕੰਪਨੀਆਂ ਤੇ ਬੈਂਕ ਖ਼ਾਤਿਆਂ ਜ਼ਰੀਏ ਤਕਰੀਬਨ 3089.57 ਕਰੋੜ ਰੁਪਏ ਤੋਂ ਵੱਧ ਦੇ ਫੰਡ ਦੀ ਹੇਰਾਫ਼ੇਰੀ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਵੱਡੇ ਘਪਲੇ ਪਿੱਛੇ ਇਕ ਬੇਹੱਦ ਸ਼ਾਤਿਰ ਸੰਗਠਿਤ ਗਿਰੋਹ ਕੰਮ ਕਰ ਰਿਹਾ ਸੀ। ਇਹ ਪੂਰਾ ਨੈੱਟਵਰਕ ਸ਼ੱਕੀ ਲੈਣ-ਦੇਣ, ਮਨੀ ਲਾਂਡਰਿੰਗ ਤੇ ਟੈਕਸ ਚੋਰੀ ਦੀ ਨੀਅਤ ਨਾਲ ਚਲਾਇਆ ਜਾ ਰਿਹਾ ਸੀ। ਇਸ ਗਿਰੋਹ ਨੇ ਚਾਲਾਕੀ ਦਿਖਾਉਂਦਿਆਂ ਫਰਜ਼ੀ ਸ਼ੈੱਲ ਕੰਪਨੀਆਂ ਖੜ੍ਹੀਆਂ ਕੀਤੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਸ਼ੱਕੀ ਸੰਸਥਾਵਾਂ ਇੱਕੋ ਜਿਹੇ ਐਡ੍ਰੈੱਸ, ਫ਼ੋਨ ਨੰਬਰ ਤੇ ਈ-ਮੇਲ ਆਈ. ਡੀ. ਦੀ ਵਰਤੋਂ ਕੀਤੀ ਗਈ ਸੀ। ਇਸ ਗਿਰੋਹ ਦਾ ਮੁੱਖ ਮਕਸਦ ਜਾਅਲੀ ਜੀ. ਐੱਸ. ਟੀ. ਇਨਵਾਇਸਿੰਗ ਤਿਆਰ ਕਰਨਨਾ ਤੇ ਵੱਡੇ ਪੱਧਰ 'ਤੇ ਬੈਂਕਾਂ ਤੋਂ ਨਕਦੀ ਕਢਵਾ ਕੇ ਫੰਡ ਇਕੱਠਾ ਕਰਨਾ ਸੀ। 

ਈ. ਡੀ. ਤੇ ਸਥਾਨਕ ਪੁਲਸ ਦੀ ਤਫ਼ਤੀਸ਼ ਵਿਚ ਜੋ ਖ਼ੁਲਾਸਾ ਹੋਇਆ, ਉਸ ਮੁਤਾਬਕ ਮੁਲਜ਼ਮਾਂ ਨੇ IDFC ਫਰਸਟ ਬੈਂਕ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਖੁੱਲ੍ਹੇ APMC ਬੈਂਕ ਖਾਤਿਆਂ ਰਾਹੀਂ ਕੁੱਲ 3089.57 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਅਤੇ ਵਿਡ੍ਰਾਅ ਕੀਤੀ ਗਈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਬੈਂਕ ਦੇ ਅਕਾਊਂਟਾਂ ਤੋਂ ਵੀ ਇਸੇ ਤਰ੍ਹਾਂ ਕਰੋੜਾਂ ਰੁਪਏ ਦੀ ਸ਼ੱਕੀ ਧੋਖਾਧੜੀ ਕੀਤੀ ਗਈ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਹਾਘਪਲੇ ਵਿਚ ਪੁਲਸ ਤੇ ਵਿੱਤੀ ਜਾਂਚ ਏਜੰਸੀਆਂ ਨਨੇ ਮਾਸਟਰਮਾਈਡਾਂ ਤੇ ਉਨ੍ਹਾਂ ਦੇ ਕਰੀਬੀਆਂ ਦੇ ਖ਼ਿਲਾਫ਼ ਸ਼ਿਕੰਜਾ ਕਸਦਿਆਂ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਐੱਫ. ਆਈ. ਆਰ. ਵਿਚ ਨਾਮਜ਼ਦ ਮੁੱਖ ਮੁਲਜ਼ਮਾਂ ਵਿਚ ਅਮਿਤ ਕੁਮਾਰ ਗੋਇਲ, ਮਨੀਸ਼ ਕੁਮਾਰ, ਗੌਰਵ ਅੱਗਰਵਾਲ, ਗੁਰਦੀਪ ਸਿੰਘ, ਬਲਵੰਤ ਸਿੰਘ ਸਮੇਤ ਕਈ ਹੋਰ ਅਣਪਛਾਤੇ ਵਿਅਕਤੀ ਤੇ ਫਰਜ਼ੀ ਸੰਸਥਾਵਾਂ ਸ਼ਾਮਲ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਤੇ ਈ. ਡੀ. ਦੀਆਂ ਟੀਮਾਂ ਨੇ ਮੁਲਜ਼ਮਾਂ ਦੇ ਪੈਨ ਅਤੇ ਹੋਰ ਦਸਤਾਵੇਜ਼ ਕਬਜ਼ੇ ਵਿਚ ਲੈ ਕੇ ਤਮਾਮ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਦੇਸ਼ ਦੇ ਕੁਝ ਵੱਡੇ ਵਪਾਰੀਆਂ ਦੇ ਬੈਂਕ ਅਫ਼ਸਰਾਂ ਦੀ ਮਿਲੀਭੁਗਤ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਂਚ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਦੇਸ਼ ਦੀਆਂ ਮੰਡੀਆਂ ਤੇ ਖੇਤੀਬਾੜੀ ਖਾਤਿਆਂ ਦੇ ਨਾਂ 'ਤੇ ਲੁੱਟਿਆ ਗਿਆ ਇਹ 3000 ਕਰੋੜ ਤੋਂ ਵੱਧ ਦਾ ਕਾਲਾ ਧਨ ਕਿੱਥੇ-ਖਿੱਥੇ ਖਪਾਇਆ ਗਿਆ ਹੈ ਤੇ ਇਸ ਨੈੱਟਵਰਕ ਦੇ ਤਾਰ ਕਿਨ੍ਹਾਂ ਵੱਡੇ ਚੇਹਰਿਆਂ ਨਾਲ ਜੁੜੇ ਹਨ। 


author

Anmol Tagra

Content Editor

Related News