10 ਹਜ਼ਾਰ ਦੇ ਉਧਾਰ ਨੂੰ ਲੈ ਕੇ ਖੂਨੀ ਖੇਡ, ਦੋਸਤਾਂ ਸਣੇ ਆਏ ਨੌਜਵਾਨਾਂ ਨੇ ਪਰਿਵਾਰ ''ਤੇ ਚਲਾਈਆਂ ਗੋਲੀਆਂ

Monday, Jun 22, 2026 - 07:13 PM (IST)

10 ਹਜ਼ਾਰ ਦੇ ਉਧਾਰ ਨੂੰ ਲੈ ਕੇ ਖੂਨੀ ਖੇਡ, ਦੋਸਤਾਂ ਸਣੇ ਆਏ ਨੌਜਵਾਨਾਂ ਨੇ ਪਰਿਵਾਰ ''ਤੇ ਚਲਾਈਆਂ ਗੋਲੀਆਂ

ਲੁਧਿਆਣਾ (ਰਾਜ) : ਲੁਧਿਆਣਾ ਦੇ ਗਿਆਸਪੁਰਾ (ਥਾਣਾ ਸਾਹਨੇਵਾਲ) ਇਲਾਕੇ ਵਿੱਚ ਸਿਰਫ਼ 10 ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਵਿਵਾਦ ਵਿੱਚ ਸ਼ਰੇਆਮ ਅੰਨ੍ਹੇਵਾਹ ਫਾਇਰਿੰਗ ਕਰਨ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਉਧਾਰ ਦਿੱਤੇ ਪੈਸੇ ਵਾਪਸ ਮੰਗਣ ਤੋਂ ਨਾਰਾਜ਼ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਅਤੇ ਨਾਮੀ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਮੌਕੇ 'ਤੇ ਬੁਲਾ ਕੇ ਪੀੜਤ, ਉਸਦੇ ਪਿਤਾ, ਚਾਚਾ ਅਤੇ ਮਾਤਾ 'ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਰਹੀ ਕਿ ਇਸ ਜਾਨਲੇਵਾ ਹਮਲੇ ਵਿੱਚ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਵਾਰਦਾਤ ਦੇ ਮੁੱਖ ਮਾਸਟਰਮਾਈਂਡ ਸਮੇਤ ਤਿੰਨ ਦੋਸ਼ੀਆਂ ਨੂੰ ਪਿਸਤੌਲ, ਜਿੰਦਾ ਕਾਰਤੂਸ, ਚੱਲੇ ਹੋਏ ਖੋਲ ਅਤੇ ਵਾਰਦਾਤ ਵਿੱਚ ਵਰਤੀ ਗਈ ਹੌਂਡਾ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ।

ਪੀੜਤ ਸ਼ਿਕਾਇਤਕਰਤਾ ਗੁਰਿੰਦਰ ਸਿੰਘ ਅਨੁਸਾਰ ਉਸਨੇ ਕਰੀਬ ਛੇ ਮਹੀਨੇ ਪਹਿਲਾਂ ਆਪਣੇ ਦੋਸਤ ਸਾਗਰ ਨੂੰ 10,000 ਰੁਪਏ ਵਿਆਜ 'ਤੇ ਉਧਾਰ ਦਿੱਤੇ ਸਨ। ਪੈਸੇ ਵਾਪਸ ਨਾ ਕਰਨ 'ਤੇ ਹੋਈ ਬਹਿਸ ਤੋਂ ਬਾਅਦ, ਸਾਗਰ ਨੇ ਇੰਸਟਾਗ੍ਰਾਮ 'ਤੇ ਗਾਲ੍ਹਾਂ ਕੱਢੀਆਂ ਅਤੇ ਪੀੜਤ ਨੂੰ ਸਬਕ ਸਿਖਾਉਣ ਲਈ ਆਪਣੇ ਘਰ ਦੇ ਪਿੱਛੇ ਵਾਲੀ ਗਲੀ ਵਿੱਚ ਬੁਲਾਇਆ। ਜਦੋਂ ਗੁਰਿੰਦਰ ਉੱਥੇ ਪਹੁੰਚਿਆ ਤਾਂ ਸਾਗਰ ਤੇ ਉਸਦੇ 5-6 ਸਾਥੀਆਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਪੀੜਤ ਨੇ ਆਪਣੇ ਪਰਿਵਾਰ ਨੂੰ ਮੌਕੇ 'ਤੇ ਬੁਲਾਇਆ ਤਾਂ ਦੋਸ਼ੀ ਸਾਗਰ ਨੇ ਆਪਣੇ ਸਾਥੀ ਬਦਮਾਸ਼ ਨਿਖਿਲ ਸ਼ਰਮਾ ਨੂੰ ਹਥਿਆਰਾਂ ਸਮੇਤ ਬੁਲਾ ਲਿਆ, ਜਿਸਨੇ ਆਉਂਦੇ ਹੀ ਪਰਿਵਾਰ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਨਲੇਵਾ ਹਮਲੇ ਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਪੁਲਸ ਨੇ ਤਿੰਨ ਮੁੱਖ ਮੁਲਜ਼ਮਾਂ ਨਿਖਿਲ ਸ਼ਰਮਾ, ਵਿਸ਼ਾਲ ਰਾਣਾ ਉਰਫ਼ ਮਨੀ ਅਤੇ ਸਾਗਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 01 ਪਿਸਤੌਲ, 3 ਚੱਲੇ ਹੋਏ ਕਾਰਤੂਸਾਂ ਦੇ ਖੋਲ ਤੇ ਵਾਰਦਾਤ ਵਿਚ ਵਰਤੀ ਗਈ ਲਾਲ ਰੰਗ ਦੀ ਹੌਂਡਾ ਕਾਰ ਬਰਾਮਦ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਵਾਰਦਾਤ ਵਿਚ ਸ਼ਾਮਲ ਹੋਰ 7-8 ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News