ਆਪਣੀ ਸ਼ਾਖ ਬਚਾਉਣ ਲਈ ਸਿਆਸੀ ਪਾਰਟੀਆਂ ਧੜਾਧੜ ਵੰਡਣ ਲੱਗੀਆਂ ਨੇ ਅਹੁਦੇਦਾਰੀਆਂ

08/24/2023 5:20:46 PM

ਮਾਲੇਰਕੋਟਲਾ (ਸ਼ਹਾਬੂਦੀਨ)-ਲੋਕਾਂ ਦੀਆਂ ਸਮੱਸਿਆਵਾਂ ਨਾ ਖਤਮ ਹੋਈਆਂ ਹਨ ਅਤੇ ਨਾ ਹੀ ਖਤਮ ਹੋ ਸਕਦੀਆਂ ਹਨ ਪਰ ਜੋ ਲੋਕ ਸਿਆਸਤ ’ਚ ਸ਼ਾਮਲ ਹੋ ਕੇ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ, ਤਾਂ ਲੋਕ ਵੀ ਉਨ੍ਹਾਂ ਨੂੰ ਦੁਬਾਰਾ ਮੌਕਾ ਪ੍ਰਦਾਨ ਕਰ ਦਿੰਦੇ ਹਨ ਪਰ ਜੇਕਰ ਲੀਡਰ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਨਾ ਉਤਰਨ ਅਤੇ ਆਪਣੀ ਕੁਰਸੀ ਦੇ ਨਸ਼ੇ ’ਚ ਜਨਤਾ ਨੂੰ ਛੋਟਾ ਸਮਝਣਾ ਸ਼ੁਰੂ ਕਰ ਦੇਣ ਤਾਂ ਫਿਰ ਲੋਕ ਉਨ੍ਹਾਂ ਨੂੰ ਨਕਾਰਨ ਲੱਗਿਆਂ ਵੀ ਦੇਰ ਨਹੀਂ ਲਾਉਂਦੇ, ਜਿਸ ਦੇ ਮਾੜੇ ਨਤੀਜੇ ਦਾ ਸਾਰਾ ਅਸਰ ਪੂਰੀ ਪਾਰਟੀ ’ਤੇ ਪੈਂਦਾ ਹੈ। ਕੁਝ ਚੰਗੀ ਲਿਆਕਤ ਵਾਲੇ ਲੀਡਰ ਕਈ-ਕਈ ਵਾਰ ਆਪਣੇ ਹਲਕੇ ਤੋਂ ਜਿੱਤ ਪ੍ਰਾਪਤ ਕਰ ਜਾਂਦੇ ਹਨ, ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਕਿਉਂ ਨਾ ਬਣੇ ਪਰ ਲੋਕ ਤਾਂ ਆਪਣੇ ਹਰਮਨ ਪਿਆਰੇ ਆਗੂ ਨੂੰ ਹੀ ਜਿਤਾਉਣਾ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ
ਮਾਲੇਰਕੋਟਲਾ ’ਚ ਵੀ ਲੋਕਾਂ ਨੇ ਇਸ ਤਰ੍ਹਾਂ ਦੀਆਂ ਮਿਸਾਲਾਂ ਪੇਸ਼ ਕਰਦਿਆਂ ਲੋਕ ਉਮੀਦਾਂ ’ਤੇ ਖਰੇ ਨਾ ਉੱਤਰਣ ਵਾਲੇ ਕੁਝ ਵਿਧਾਇਕਾਂ ਨੂੰ ਸਥਾਨਕ ਰਾਜਨੀਤੀ ’ਚ ਅਜਿਹਾ ਨੁੱਕਰੇ ਲਾਇਆ ਕਿ ਮੁੜ ਉਹ ਵਿਧਾਇਕ ਨਹੀਂ ਬਣ ਸਕੇ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੱਜ ਤੱਕ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਿਰਫ ਕਾਂਗਰਸ ਦੀ ਟਿਕਟ ’ਤੇ ਚੋਣਾਂ ਲੜਣ ਵਾਲੀਆਂ ਪ੍ਰਭਾਵਸ਼ਾਲੀ ਪਰਿਵਾਰਾਂ ਨਾਲ ਸਬੰਧਤ ਦੋ ਮਹਿਲਾ ਨੇਤਾਵਾਂ ਨੇ ਹੀ ਮਾਲੇਰਕੋਟਲਾ ਤੋਂ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਜਿਨ੍ਹਾਂ ’ਚ ਮਾਲੇਰਕੋਟਲਾ ਦੇ ਨਵਾਬ ਸਾਹਿਬ ਦੀ ਤੀਜੀ ਤੇ ਸਭ ਤੋਂ ਛੋਟੀ ਪਤਨੀ ਸਾਜਿਦਾ ਬੇਗਮ ਨੇ 1972 ਤੇ 1979 ’ਚ ਅਤੇ ਪੰਜਾਬ ਪੁਲਸ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਨੇ ਤਿੰਨ ਵਾਰ 2002, 2007 ਅਤੇ 2017 ’ਚ ਜਿੱਤ ਹਾਸਲ ਕੀਤੀ ਸੀ।
ਪੰਜਾਬ ਦੇ ਮੌਜੂਦਾ ਹਾਲਾਤ ਦੀ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਖ਼ਾਸ ਕਰ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਵੱਡੀਆਂ ਸ਼ਕਤੀਸਾਲੀ ਤੋਪਾਂ ਨੂੰ ਮਾਤ ਦਿੰਦੇ ਹੋਏ ਵੱਡੀ ਇਤਿਹਾਸਕ ਜਿੱਤ ਹਾਸਲ ਕਰ ਕੇ ਦੂਜੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਨੁਕਰੇ ਲਾ ਦਿੱਤਾ ਹੈ, ਜਿਸ ਤੋਂ ਖਫਾ ਹੋਏ ਬਾਕੀ ਪਾਰਟੀਆਂ ਵਾਲੇ ਹੁਣ ਉੱਪਰ ਉੱਠਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਬਣਾ ਰਹੇ ਹਨ। 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਹੋਣ ਜਾਂ ਫਿਰ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਹੋਵੇ, ਸਿਆਸੀ ਪਾਰਟੀਆਂ ਨੇ ਲੋਕਾਂ ਦਾ ਦਿਲ ਜਿੱਤਣ ਲਈ ਹੁਣੇ ਤੋਂ ਭਰਪੂਰ ਕੋਸ਼ਿਸ਼ਾਂ ਆਰੰਭ ਕਰ ਕੇ ਆਪਣਾ ਹੋਮ ਵਰਕ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ, ਹਰ ਬੱਸ ’ਤੇ ਲੱਗੇਗਾ ਇਹ ਯੰਤਰ
ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸੇ ਸਾਲ ਦੇ ਅਖੀਰਲੇ ਦਸੰਬਰ ਮਹੀਨੇ ’ਚ ਚੋਣ ਕਮਿਸ਼ਨ ਵੱਲੋਂ ਪੰਜਾਬ ਸੂਬੇ ’ਚ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਭਰ ਦੀਆਂ ਸਿਆਸੀ ਪਾਰਟੀਆਂ ਨੇ ਜਿਥੇ ਆਪਣੀਆਂ ਰਾਜਨੀਤਕ ਸਰਗਰਮੀਆਂ ’ਚ ਤੇਜ਼ੀ ਲਿਆਉਂਦਿਆਂ ਰੁੱਸੇ ਹੋਏ ਵਰਕਰਾਂ ਨੂੰ ਮੰਨਾਉਣ ਲਈ ਅਹੁਦੇਦਾਰੀਆਂ ਦੇ ਲਾਲਚ ਦੇ ਕੇ ਭਰਮਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ ਉਥੇ ਕਾਂਗਰਸ ਪਾਰਟੀ ਵੱਲੋਂ ਆਪਣੇ ਵਰਕਰਾਂ-ਆਗੂਆਂ ’ਚ ਵੰਡੀਆਂ ਗਈਆਂ ਅਹੁਦੇਦਾਰੀਆਂ ਨੂੰ ਲੈ ਕੇ ਧੜੇਬੰਦੀ ਵੀ ਸਾਹਮਣੇ ਆਉਣ ਲੱਗੀ ਹੈ। ਮਾਲੇਰਕੋਟਲਾ ਜ਼ਿਲੇ ਦੇ ਹਲਕਾ ਅਮਰਗੜ੍ਹ ਨਾਲ ਸਬੰਧਤ ਕੁਝ ਕਾਂਗਰਸੀ ਆਗੂਆਂ ਨੇ ਤਾਂ ਪਾਰਟੀ ਵੱਲੋਂ ਵੰਡੀਆਂ ਗਈਆਂ ਅਹੁਦੇਦਾਰੀਆਂ ’ਤੇ ਸਵਾਲ ਉਠਾਉਂਦਿਆਂ ਅਹੁਦੇ ਵੰਡਣ ਮੌਕੇ ਧੜੇਬੰਦੀਆਂ ਤਹਿਤ ਕਥਿਤ ਪੱਖਪਾਤ ਕਰਨ ਦੇ ਵੀ ਮੀਡੀਆ ਰਾਹੀਂ ਦੋਸ਼ ਲਾਏ ਹਨ। ਉੱਧਰ ਸੱਤਾਧਾਰੀ ਆਪ ਪਾਰਟੀ ਵੱਲੋਂ ਮਾਰਕੀਟ ਕਮੇਟੀਆਂ, ਇੰਪਰੂਵਮੈਂਟ ਟਰੱਸਟਾਂ ਸਮੇਤ ਹੋਰ ਵਿਭਾਗਾਂ ਦੇ ਖਾਲੀ ਪਏ ਚੇਅਰਮੈਨ, ਡਾਇਰੈਕਟਰ, ਮੈਂਬਰ ਵਰਗੇ ਹੋਰਨਾਂ ਅਹੁਦਿਆਂ ’ਤੇ ਪਾਰਟੀ ਨਾਲ ਪੁਰਾਣੇ ਜੁੜੇ ਹੋਏ ਵਰਕਰਾਂ-ਆਗੂਆਂ ਦੀਆਂ ਨਿਯੁਕਤੀਆਂ ਕਰ ਕੇ ਜਿਥੇ ਚੋਣਾਂ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਦਾ ਰੋਸਾ ਦੂਰ ਕਰਨ ਦੀ ਕਥਿਤ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਕਾਂਗਰਸ ਸਮੇਤ ਸੂਬੇ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੀ ਸ਼ਾਖ ਬਚਾਉਣ ਲਈ ਆਪਣੇ ਨਾਲ ਜੁੜੇ ਹੋਏ ਪੁਰਾਣੇ-ਨਵੇਂ ਨੌਜਵਾਨਾਂ ਨੂੰ ਧੜਾਧੜ ਅਹੁਦੇਦਾਰੀਆਂ ਦੇ ਕੇ ਘਰ-ਘਰ ਤੱਕ ਪਹੁੰਚ ਕਰਨ ਲਈ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਰੱਖੀਆਂ ਹਨ। ਅਹੁਦੇਦਾਰੀਆਂ ਦੇ ਇਸ ਰਿਵਾਜ਼ ਦਾ ਪੰਜਾਬ ਦੇ ਕਈ ਹਲਕਿਆਂ ’ਚ ਤਾਂ ਕੁਝ ਵਧੇਰੇ ਹੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਨਵੇਂ ਅਹੁਦੇਦਾਰ ਲੋਕਾਂ ’ਚ ਕੀ ਸੰਦੇਸ਼ ਲੈ ਕੇ ਜਾਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਇਹ ਭਵਿੱਖ ਦੇ ਗਰਭ ’ਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


Aarti dhillon

Content Editor

Related News