ਲੋਕ ਸਭਾ ਚੋਣ : ਇਕ ਹਫ਼ਤੇ ਅੰਦਰ ਅੱਧਾ ਦਰਜਨ ਤੋਂ ਜ਼ਿਆਦਾ ਸਾਬਕਾ ਕੌਂਸਲਰਾਂ ਨੇ ਬਦਲੀਆਂ ਪਾਰਟੀਆਂ

Friday, May 17, 2024 - 01:12 PM (IST)

ਲੋਕ ਸਭਾ ਚੋਣ : ਇਕ ਹਫ਼ਤੇ ਅੰਦਰ ਅੱਧਾ ਦਰਜਨ ਤੋਂ ਜ਼ਿਆਦਾ ਸਾਬਕਾ ਕੌਂਸਲਰਾਂ ਨੇ ਬਦਲੀਆਂ ਪਾਰਟੀਆਂ

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੇ ਪਹਿਲੇ ਤੋਂ ਸ਼ੁਰੂ ਹੋਈ ਮੌਜੂਦਾ ਅਤੇ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਸੰਸਦਾਂ ਦੇ ਪਾਰਟੀਆਂ ਦੇ ਬਦਲਣ ਦੀ ਮੁਹਿੰਮ ਦੇ ਤਹਿਤ ਭਾਵੇਂ ਹੀ ਕਈ ਨੇਤਾ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਬਣ ਕੇ ਲੋਕ ਸਭਾ ਚੋਣ ਲੜ ਰਹੇ ਹਨ ਪਰ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਇਸ ਵਿਚ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਵਲੋਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਦੇ ਬਾਅਦ ਦੋ ਸਾਬਕਾ ਵਿਧਾਇਕਾਂ ਬੈਂਸ ਬ੍ਰਦਰਜ਼ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਇਸ ਲਿਸਟ ਵਿਚ ਕਈ ਸਾਬਕਾ ਕੌਂਸਲਰਾਂ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਕਾਂਗਰਸ ਦੇ ਸਾਬਕਾ ਕੌਂਸਲਰ ਨਗਰ ਨਿਗਮ ਚੋਣ ਦੇ ਇੰਤਜ਼ਾਰ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ।

ਇਨ੍ਹਾਂ ਵਿਚ ਤਾਜਾ ਮਾਮਲਾ ਨਰਿੰਦਰ ਚੌਧਰੀ ਤੇ ਅਨਿਲ ਮਲਹੋਤਰਾ ਦਾ ਹੈ, ਜੋ 'ਆਪ' ਵਿਚ ਸ਼ਾਮਲ ਹੋਏ ਹਨ। ਇਸ ਨੁਕਸਾਨ ਦੀ ਭਰਪਾਈ ਬੈਂਸ ਬ੍ਰਦਰਜ਼ ਦੇ ਨਾਲ ਕਾਂਗਰਸ 'ਚ ਆਏ ਕਈ ਸਾਬਕਾ ਕੌਂਸਲਰਾਂ ਦੇ ਰੂਪ 'ਚ ਹੋਈ ਹੈ ਅਤੇ 'ਆਪ' 'ਚ ਜਾਣ ਵਾਲੇ ਸਾਬਕਾ ਕੌਂਸਲਰ ਅਨਿਲ ਪਾਰਤੀ ਨੇ ਵੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਘਰ ਵਾਪਸੀ ਕਰ ਲਈ ਹੈ। ਇਹ ਮਾਹੌਲ ਸ਼ੁੱਕਰਵਾਰ ਨੂੰ ਵੀ ਦੇਖਣ ਨੂੰ ਮਿਲ ਸਕਦਾ ਹੈ, ਜਿਸਦੇ ਸੰਕੇਤ ਸਾਬਕਾ ਕੌਂਸਲਰ ਪਰਵਿੰਦਰ ਲਾਪਰਾ ਵਲੋਂ ਵੀਰਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਮਿਲ ਰਹੇ ਹਨ। ਇਸ ਸਬੰਧ ਵਿਚ ਰਾਹੁਲ ਗਾਂਧੀ ਨੂੰ ਭੇਜੇ ਪੱਤਰ ਵਿਚ ਜਿੱਥੇ ਲਾਪਰਾਂ ਨੇ ਰਾਜਾ ਵੜਿੰਗ ’ਤੇ ਭੜਾਸ ਕੱਢੀ ਹੈ। ਨਾਲ ਹੀ ਬੈਂਸ ਬ੍ਰਦਰਜ਼ ਨੂੰ ਕਾਂਗਰਸ ਵਿਚ ਸ਼ਾਮਲ ਕਰਨ ’ਤੇ ਇਤਰਾਜ਼ ਜਤਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਰਾਂ ਦੇ ਨਾਲ ਕੁੱਝ ਹੋਰ ਕਾਂਗਰਸੀ ਵੀ ਸ਼ੁੱਕਰਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।
ਬੈਂਸ ਬ੍ਰਦਰਜ਼ ਦੇ ਕਾਂਗਰਸ 'ਚ ਜਾਣ ਮਗਰੋਂ ਭਾਜਪਾ ਦੇ ਲਈ ਸਰਗਰਮ ਹੋਏ ਕੜਵਲ
ਬੈਂਸ ਬ੍ਰਦਰਜ਼ ਦੇ ਕਾਂਗਰਸ 'ਚ ਜਾਣ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਇਲਾਕੇ ਦੇ ਸਾਬਕਾ ਕੌਂਸਲਰਾਂ ਜਾਂ ਨਗਰ ਨਿਗਮ ਚੋਣ ਲੜਨ ਦੀ ਤਿਆਰੀ ਕਰ ਰਹੇ ਪੁਰਾਣੇ ਕਾਂਗਰਸੀਆਂ ਵਿਚ ਘਬਰਾਹਟ ਪਾਈ ਜਾ ਰਹੀ ਹੈ। ਉੱਥੇ ਇਸ ਫ਼ੈਸਲੇ ਨਾਲ ਭਾਜਪਾ 'ਚ ਵੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜਿਸ ਦੇ ਤਹਿਤ ਰਵਨੀਤ ਬਿੱਟੂ ਦੇ ਨਾਲ ਪੁਰਾਣੀ ਨਾਰਾਜ਼ਗੀ ਦੇ ਚੱਲਦੇ ਕਾਫੀ ਦੇਰ ਤੋਂ ਸ਼ਾਂਤ ਬੈਠੇ ਹਲਕਾ ਆਤਮ ਨਗਰ ਤੋਂ ਦੋ ਵਾਰ ਵਿਧਾਇਕ ਚੋਣ ਲੜਨ ਵਾਲੇ ਕਮਲਜੀਤ ਕੜਵਲ ਇਕਾਇਕ ਭਾਜਪਾ ਦੇ ਲਈ ਸਰਗਰਮ ਹੋ ਗਏ ਹਨ ਭਾਂਵੇਕਿ ਇਸ ਡਿਵੈਲਪਮੈਂਟ ਨੂੰ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਦੇ ਉਨ੍ਹਾਂ ਦੇ ਘਰ ਜਾਣ ਤੋਂ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇਹ ਬਦਲਾਅ ਕੜਵਲ ਦੇ ਕੱਟੜ ਵਿਰੋਧੀ ਬੈਂਸ ਬ੍ਰਦਰਜ਼ ਦੇ ਕਾਂਗਰਸ ਵਿਚ ਜਾਣ ਦਾ ਨਤੀਜਾ ਵੀ ਮੰਨਿਆ ਜਾ ਰਿਹਾ ਹੈ।
 


author

Babita

Content Editor

Related News