ਹੁਣ ਬੰਗਾਲ ਦੇ ਸਿਆਸੀ ਅਖਾੜੇ ’ਚ ਮੱਛੀ ਦੀ ਐਂਟਰੀ, ਮਮਤਾ ਵੱਲੋਂ PM ਮੋਦੀ ਨੂੰ ਖਾਣੇ ਦੀ ਆਫਰ ’ਤੇ ਬਵਾਲ

05/16/2024 9:59:10 AM

ਨੈਸ਼ਨਲ ਡੈਸਕ- ਦੇਸ਼ ਭਰ ’ਚ ਚੋਣ ਗਰਮੀ ਦੇ ਦਰਮਿਆਨ ਬਿਹਾਰ ਤੋਂ ਬਾਅਦ ਹੁਣ ਪੱਛਮੀ ਬੰਗਾਲ ਦੇ ਸਿਆਸੀ ਅਖਾੜੇ ’ਚ ਮੱਛੀ ਦੀ ਐਂਟਰੀ ਹੋਈ ਹੈ। ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖਾਣਾ ਬਣਾਉਣ ਦੀ ਪੇਸ਼ਕਸ਼ ਕਰ ਕੇ ਵਿਵਾਦ ਖੜ੍ਹਾ ਕਰ ਦਿੱਤਾ ਗਿਆ ਹੈ। ਮਮਤਾ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਚਾਹੁਣ ਤਾਂ ਮੈਂ ਉਨ੍ਹਾਂ ਲਈ ਕੁਝ ਪਕਾਉਣ ਲਈ ਤਿਆਰ ਹਾਂ। ਹਾਲਾਂਕਿ ਮੈਨੂੰ ਯਕੀਨ ਨਹੀਂ ਹੈ ਕਿ ਉਹ ਮੇਰੇ ਹੱਥਾਂ ਨਾਲ ਪਕਾਇਆ ਖਾਣਾ ਖਾਉਣਗੇ ਜਾਂ ਨਹੀਂ। ਮਮਤਾ ਨੇ ਇਹ ਬਿਆਨ ਲੋਕਾਂ ਦੇ ਖਾਣ-ਪੀਣ ’ਚ ਦਖਲ ਨੂੰ ਲੈ ਕੇ ਦਿੱਤਾ ਹੈ। ਹਾਲਾਂਕਿ, ਹੁਣ ਮਮਤਾ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਪੀ. ਐੱਮ. ਮੋਦੀ ਨੂੰ ਮੱਛੀ-ਚੌਲ ਖੁਆਉਣਾ ਚਾਹੁੰਦੀ ਹੈ, ਹਾਲਾਂਕਿ ਮਮਤਾ ਨੂੰ ਪਤਾ ਹੈ ਕਿ ਪੀ. ਐੱਮ. ਮੋਦੀ ਸ਼ਾਕਾਹਾਰੀ ਹਨ।

ਮਮਤਾ ਦੀ ਇਸ ਟਿੱਪਣੀ ’ਤੇ ਭਾਜਪਾ ਨੇ ਇਸ ਨੂੰ ਸਿਆਸੀ ਏਜੰਡਾ ਕਰਾਰ ਦਿੱਤਾ ਤਾਂ ਉਥੇ ਹੀ ਸੀ. ਪੀ. ਆਈ. (ਐੱਮ) ਨੇ ਇਸ ਨੂੰ ਭਾਜਪਾ ਅਤੇ ਟੀ. ਐੱਮ. ਸੀ. ਵਿਚਕਾਰ ਸਮਝੌਤਾ ਹੋਣ ਦਾ ਦਾਅਵਾ ਕੀਤਾ। ਦੱਸ ਦੇਈਏ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ’ਤੇ ਅਜਿਹੇ ਸਮੇਂ ਮੱਛੀ ਖਾਣ ਨੂੰ ਲੈ ਕੇ ਚੁਟਕੀ ਲਈ ਸੀ, ਜਦੋਂ ਹਿੰਦੂ ਭਾਈਚਾਰਾ ਮਾਸਾਹਾਰੀ ਭੋਜਨ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਦਾ ਹੈ।

ਕੀ ਮੋਦੀ ਜੀ ਮੇਰਾ ਭੋਜਨ ਸਵੀਕਾਰ ਕਰਨਗੇ?

ਮਮਤਾ ਨੇ ਇਕ ਚੋਣ ਰੈਲੀ ’ਚ ਲੋਕਾਂ ਦੇ ਖਾਣ-ਪੀਣ ’ਚ ਕਥਿਤ ਤੌਰ ’ਤੇ ਦਖਲਅੰਦਾਜ਼ੀ ਕਰਨ ਨੂੰ ਲੈ ਕੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੈਨੂੰ ਮੋਦੀ ਲਈ ਖਾਣਾ ਬਣਾ ਕੇ ਬਹੁਤ ਖੁਸ਼ੀ ਮਹਿਸੂਸ ਹੋਵੇਗੀ ਪਰ ਮੈਨੂੰ ਯਕੀਨ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੇਰੇ ਵੱਲੋਂ ਬਣਾਇਆ ਭੋਜਨ ਖਾਣ ਲਈ ਤਿਆਰ ਹੋਣਗੇ ਜਾਂ ਨਹੀਂ? ਮਮਤਾ ਨੇ ਕਿਹਾ, ਮੈਂ ਬਚਪਨ ਤੋਂ ਹੀ ਖਾਣਾ ਬਣਾ ਰਹੀ ਹਾਂ। ਲੋਕ ਮੇਰੇ ਖਾਣੇ ਦੀ ਤਾਰੀਫ਼ ਕਰਦੇ ਹਨ ਪਰ ਕੀ ਮੋਦੀ ਜੀ ਮੇਰਾ ਖਾਣਾ ਸਵੀਕਾਰ ਕਰਨਗੇ? ਕੀ ਉਹ ਮੇਰੇ ’ਤੇ ਵਿਸ਼ਵਾਸ ਕਰਨਗੇ? ਉਨ੍ਹਾਂ ਨੂੰ ਜੋ ਪਸੰਦ ਹੈ, ਮੈਂ ਬਣਾਵਾਂਗੀ।

ਭਾਜਪਾ ਨੂੰ ਵਿਭਿੰਨਤਾ ਦੀ ਜਾਣਕਾਰੀ ਘੱਟ

ਮਮਤਾ ਨੇ ਕਿਹਾ ਕਿ ਮੈਨੂੰ ਢੋਕਲਾ ਵਰਗੇ ਸ਼ਾਕਾਹਾਰੀ ਪਕਵਾਨ ਅਤੇ ਮਾਸਾਹਾਰੀ ਭੋਜਨ ਜਿਵੇਂ ਮੱਛੀ-ਚੌਲ ਦੋਵੇਂ ਪਸੰਦ ਹਨ। ਹਿੰਦੂਆਂ ਦੇ ਵੱਖ-ਵੱਖ ਭਾਈਚਾਰਿਆਂ ਅਤੇ ਵੱਖ-ਵੱਖ ਸੰਪਰਦਾਵਾਂ ’ਚ ਆਪਣੇ ਵਿਲੱਖਣ ਰੀਤੀ-ਰਿਵਾਜ ਅਤੇ ਖਾਣ-ਪੀਣ ਦਾ ਰੁਝਾਨ ਹੈ। ਭਾਜਪਾ ਕੌਣ ਹੁੰਦੀ ਹੈ ਕਿਸੇ ਵਿਅਕਤੀ ਦੇ ਖਾਣ-ਪੀਣ ’ਤੇ ਪਾਬੰਦੀ ਲਗਾਉਣ ਵਾਲੀ? ਇਹ ਦਰਸਾਉਂਦਾ ਹੈ ਕਿ ਭਾਜਪਾ ਲੀਡਰਸ਼ਿਪ ਨੂੰ ਭਾਰਤ ਅਤੇ ਇਸ ਦੀ ਵਿਭਿੰਨਤਾ ਅਤੇ ਸ਼ਮੂਲੀਅਤ ਬਾਰੇ ਬਹੁਤ ਘੱਟ ਜਾਣਕਾਰੀ ਅਤੇ ਸਮਝ ਹੈ।

ਭਾਜਪਾ ਨੇ ਮਮਤਾ ਨੂੰ ਦਿੱਤੀ ਸਲਾਹ

ਪ੍ਰਧਾਨ ਮੰਤਰੀ ਲਈ ਖਾਣਾ ਬਣਾਉਣ ਦੀ ਮਮਤਾ ਦੀ ਪੇਸ਼ਕਸ਼ ’ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਤ੍ਰਿਪੁਰਾ ਦੇ ਸਾਬਕਾ ਰਾਜਪਾਲ ਰਾਏ ਨੇ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਅਤੇ ਕਿਹਾ ਕਿ ਮਮਤਾ ਬੈਨਰਜੀ ਮੋਦੀ ਨੂੰ ਆਪਣੇ ਹੱਥਾਂ ਨਾਲ ਬਣਾਏ ਮੱਛੀ-ਚੌਲ ਖੁਆਉਣਾ ਚਾਹੁੰਦੀ ਹੈ। ਇਹ ਇਕ ਚੰਗਾ ਪ੍ਰਸਤਾਵ ਹੈ, ਪਰ ਉਹ ਇਸ ਤੋਂ ਪਹਿਲਾਂ ਆਪਣੇ ਭਰੋਸੇਮੰਦ ਫਰਹਾਦ ਹਕੀਮ ਨੂੰ ਕਿਉਂ ਨਹੀਂ ਖੁਆਉਂਦੀ? ਇਸ ਨਾਲ ਤਿੰਨ ਉਦੇਸ਼ਾਂ ਦੀ ਪੂਰਤੀ ਹੋਵੇਗੀ। ਪਹਿਲਾਂ ਧਰਮ ਨਿਰਪੱਖਤਾ ਨੂੰ ਅੱਗੇ ਵਧਾਇਆ ਜਾਵੇਗਾ। ਦੂਜਾ, ਲੋਕਾਂ ਨੂੰ ਪਤਾ ਲੱਗੇਗਾ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਤੀਜਾ, ਪਕੌੜਿਆਂ ਦੀ ਵੀ ਪ੍ਰਸ਼ੰਸਾ ਹੋਵੇਗੀ।
 


Tanu

Content Editor

Related News