ਯੂ. ਪੀ. ’ਚ ਇਕ ਦਰਜਨ ਸੀਟਾਂ ’ਤੇ ਘੁੰਢੀ, ਉਮੀਦਵਾਰ ਤੈਅ ਨਹੀਂ ਕਰ ਸਕੀਆਂ ਸਿਆਸੀ ਪਾਰਟੀਆਂ

Monday, Apr 22, 2024 - 02:45 PM (IST)

ਯੂ. ਪੀ. ’ਚ ਇਕ ਦਰਜਨ ਸੀਟਾਂ ’ਤੇ ਘੁੰਢੀ, ਉਮੀਦਵਾਰ ਤੈਅ ਨਹੀਂ ਕਰ ਸਕੀਆਂ ਸਿਆਸੀ ਪਾਰਟੀਆਂ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ’ਚ ਪਹਿਲੇ ਪੜਾਅ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਕਈ ਸੀਟਾਂ ’ਤੇ ਹੁਣ ਘੁੰਢੀ ਫਸੀ ਹੋਈ ਹੈ। ਰਿਪੋਰਟ ਮੁਤਾਬਕ ਭਾਜਪਾ, ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਸਾਰੀਆਂ ਪਾਰਟੀਆਂ ਕਰੀਬ ਇਕ ਦਰਜਨ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨ ਨੂੰ ਲੈ ਕੇ ਦੁਚਿੱਤੀ ’ਚ ਨਜ਼ਰ ਆ ਰਹੀਆਂ ਹਨ। ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਦਾ ਤਾਂ ਇਸ ਤੋਂ ਵੀ ਮਾੜਾ ਹਾਲ ਹੈ। ਭਾਜਪਾ ਨੇ ਹੁਣ ਤੱਕ ਇਥੇ ਰਾਏਬਰੇਲੀ ਅਤੇ ਕੈਸਰਗੰਜ ਸੀਟਾਂ ’ਤੇ ਉਮੀਦਵਾਰ ਦੇ ਨਾਂ ਦੇ ਪੱਤੇ ਨਹੀਂ ਖੋਲ੍ਹੇ ਹਨ, ਉਥੇ ਹੀ ਸਮਾਜਵਾਦੀ ਪਾਰਟੀ ਵੀ ਕਨੌਜ ਸਮੇਤ 5 ਸੀਟਾਂ ’ਤੇ ਉਮੀਦਵਾਰਾਂ ਦਾ ਫੈਸਲਾ ਨਹੀਂ ਕਰ ਸਕੀ ਹੈ। ਸੂਬੇ ਦੀਆਂ 80 ’ਚੋਂ 17 ਸੀਟਾਂ ’ਤੇ ਚੋਣ ਲੜ ਰਹੀ ਕਾਂਗਰਸ ਰਾਏਬਰੇਲੀ ਅਤੇ ਅਮੇਠੀ ਸੀਟਾਂ ’ਤੇ ਹੁਣ ਤੱਕ ਕੋਈ ਉਮੀਦਵਾਰ ਨਹੀਂ ਉਤਾਰ ਸਕੀ ਹੈ।

ਕਿੱਥੇ ਦੁਚਿੱਤੀ ’ਚ ਹਨ ਪਾਰਟੀਆਂ

ਸਮਾਜਵਾਦੀ ਪਾਰਟੀ 80 ’ਚੋਂ 62 ਸੀਟਾਂ ’ਤੇ ਚੋਣ ਲੜ ਰਹੀ ਹੈ। 17 ਸੀਟਾਂ ’ਤੇ ਕਾਂਗਰਸ ਅਤੇ 1 ਸੀਟ ’ਤੇ ਤ੍ਰਿਣਮੂਲ ਕਾਂਗਰਸ ਚੋਣ ਲੜ ਰਹੀ ਹੈ। ਇਨ੍ਹਾਂ ’ਚੋਂ 57 ਸੀਟਾਂ ’ਤੇ ਸਪਾ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਉਸ ਨੇ ਕਨੌਜ, ਫਤਿਹਪੁਰ, ਕੈਸਰਗੰਜ, ਬਲੀਆ ਅਤੇ ਰਾਬਰਟਸਗੰਜ ਵਿਚ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਕਨੌਜ ਵਿਚ ਅਖਿਲੇਸ਼ ਯਾਦਵ ਜਾਂ ਤੇਜ ਪ੍ਰਤਾਪ ਯਾਦਵ ਉਮੀਦਵਾਰ ਹੋ ਸਕਦੇ ਹਨ। ਫਤਿਹਪੁਰ ’ਚ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਜਾਂ ਸਾਬਕਾ ਸੰਸਦ ਮੈਂਬਰ ਡਾ.ਅਸ਼ੋਕ ਪਟੇਲ ਦੇ ਨਾਂ ਦੀ ਚਰਚਾ ਚੱਲ ਰਹੀ ਹੈ। ਬਲੀਆ ’ਚ ਉਪੇਂਦਰ ਤਿਵਾਰੀ ਜਾਂ ਅਤੁਲ ਰਾਏ ਨੂੰ ਟਿਕਟ ਮਿਲਣ ਦੀ ਉਮੀਦ ਹੈ। ਸਪਾ ਕੈਸਰਗੰਜ ’ਚ ਭਾਜਪਾ ਦੀ ਟਿਕਟ ਦਾ ਇੰਤਜ਼ਾਰ ਕਰ ਰਹੀ ਹੈ, ਜੇਕਰ ਭਾਜਪਾ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਟਿਕਟ ਕੱਟਦੀ ਹੈ ਤਾਂ ਸਪਾ ਉਨ੍ਹਾਂ ਨੂੰ ਟਿਕਟ ਦੇ ਸਕਦੀ ਹੈ। ਰਾਬਰਟਸਗੰਜ ਰਾਖਵੀਂ ਸੀਟ ’ਤੇ ਸਪਾ ਕਿਸੇ ਹੋਰ ਉਮੀਦਵਾਰ ਨੂੰ ਉਤਾਰ ਸਕਦੀ ਹੈ। ਭਾਜਪਾ ਨੇ ਰਾਏਬਰੇਲੀ ਅਤੇ ਕੈਸਰਗੰਜ ਤੋਂ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

ਦੂਜੇ ਪਾਸੇ ਰਾਏਬਰੇਲੀ ਵਿਚ ਕਾਂਗਰਸ ਉਮੀਦਵਾਰ ਦੀ ਉਡੀਕ ਵਿਚ ਭਾਜਪਾ ਨੇ ਪੱਤੇ ਨਹੀਂ ਖੋਲ੍ਹੇ ਹਨ। ਮਹਿਲਾ ਪਹਿਲਵਾਨਾਂ ਦੇ ਕਥਿਤ ਜਿਣਸੀ ਸ਼ੋਸ਼ਣ ਦੇ ਮਾਮਲੇ ’ਚ ਕੈਸਰਗੰਜ ਦੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ, ਜਿਸ ਦਾ ਫੈਸਲਾ 26 ਅਪ੍ਰੈਲ ਨੂੰ ਸੁਣਾਇਆ ਜਾਣਾ ਹੈ। ਇਸ ਕਾਰਨ ਭਾਜਪਾ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਉਥੇ ਹੀ ਕਾਂਗਰਸ ਨੇ ਵੀ ਹੁਣ ਤੱਕ ਆਪਣੀਆਂ ਰਵਾਇਤੀ ਸੀਟਾਂ ਅਮੇਠੀ ਅਤੇ ਰਾਏਬਰੇਲੀ ਲਈ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਸੂਬਾ ਸੰਗਠਨ ਨੇ ਅਮੇਠੀ ਤੋਂ ਰਾਹੁਲ ਗਾਂਧੀ ਅਤੇ ਰਾਏਬਰੇਲੀ ਸੀਟ ਤੋਂ ਪ੍ਰਿਅੰਕਾ ਵਾਡਰਾ ਦੇ ਨਾਂ ਕੇਂਦਰੀ ਲੀਡਰਸ਼ਿਪ ਨੂੰ ਭੇਜੇ ਹਨ। ਰਾਹੁਲ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜ ਰਹੇ ਹਨ।


author

Rakesh

Content Editor

Related News