ਗਰਮ-ਖਿਆਲੀ ਵਿਗਾੜ ਸਕਦੇ ਹਨ ਸਿਆਸੀ ਪਾਰਟੀਆਂ ਦਾ ਗਣਿਤ

05/04/2024 5:02:18 PM

ਪੰਜਾਬ ਵਿਚ ਲੋਕਸਭਾ ਦੀਆਂ 13 ਸੀਟਾਂ ਲਈ ਇਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਬੀ. ਜੇ. ਪੀ. ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ। ਇਸ ਵਾਰ ਸਿਆਸੀ ਪਾਰਟੀਆਂ ਨੂੰ ਉਮੀਦਵਾਰ ਭਾਲਣ ' ਚ ਭਾਰੀ ਮਸ਼ੱਕਤ ਕਰਨੀ ਪਈ ਹੈ ਅਤੇ ਸਾਰੀਆਂ ਪਾਰਟੀਆਂ ਆਪਣੇ ਕੇਡਰ ' ਚੋ ਉਮੀਦਵਾਰ ਉਤਾਰਨ ਦੀ ਜਗ੍ਹਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਾਮਲ ਕਰਕੇ ਟਿਕਟਾਂ ਦੇਣ ' ਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਲੱਗੀਆਂ ਰਹੀਆਂ। ਇਸ ਵਰਤਾਰੇ ਨੇ ਜਿਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਰਕਰਾਂ ' ਚ ਨਿਰਾਸ਼ਾ ਪੈਦਾ ਕੀਤੀ ਹੈ ਉੱਥੇ ਆਮ ਪਬਲਿਕ ਵਿੱਚ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਅਕਸ ਤੇ ਮਾੜਾ ਅਸਰ ਪਾਇਆ ਹੈ।

ਪੰਜਾਬ ਦੀ ਸਿਆਸਤ ' ਚ ਪਿਛਲੇ ਕਈ ਦਹਾਕਿਆਂ ਤੋਂ ਆਮ ਤੌਰ ਤੇ ਹਰ ਚੋਣ ਕਿਸੇ ਨਾ ਕਿਸੇ ਕ੍ਰਿਸ਼ਮਈ ਲੀਡਰ ਦੀ ਅਗਵਾਈ ' ਚ ਲੜੀ ਜਾਂਦੀ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਦੀ ਗੱਲ ਕਰੀਏ ਤਾਂ ਪਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਜਿਹੇ ਲੀਡਰਾਂ ਵਿੱਚ ਸ਼ਾਮਲ ਰਹੇ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ' ਚ ਭਗਵੰਤ ਸਿੰਘ ਮਾਨ ਵੀ ਇਕ ਕ੍ਰਿਸ਼ਮਈ ਆਗੂ ਵਜੋਂ ਉਭਰੇ ਅਤੇ ਆਮ ਆਦਮੀ ਪਾਰਟੀ ਉਹਨਾਂ ਦੀ ਅਗਵਾਈ ' ਚ ਭਾਰੀ ਬਹੁਮਤ ਨਾਲ ਜਿੱਤੀ। ਪਰ ਇਸ ਵਾਰ ਪੰਜਾਬ ਦੀ ਸਿਆਸਤ ' ਚ ਕ੍ਰਿਸ਼ਮਈ ਲੀਡਰਾਂ ਦੀ ਘਾਟ ਦਿਖਾਈ ਦੇ ਰਹੀ ਹੈ ਤੇ ਇਸੇ ਕਾਰਨ ਪਾਰਟੀਆਂ ਸਥਾਨਕ ਲੀਡਰਾਂ ' ਤੇ ਦਾਅ ਲਾ ਰਹੀਆਂ ਹਨ ।

ਪ੍ਰੰਤੂ ਇਨ੍ਹਾਂ ਚੋਣਾਂ ' ਚ ਇਸ ਵਾਰ ਗਰਮ ਖਿਆਲੀ ਆਗੂ ਸਿਮਰਨਜੀਤ ਸਿੰਘ ਮਾਨ ਦੇ ਨਾਲ "ਵਾਰਸ ਪੰਜਾਬ ਦੇ" ਦਾ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਤੋਂ ਸਿਆਸੀ ਆਗੂ ਬਣੇ ਲੱਖਾ ਸਿਧਾਣਾ ਚੋਣ ਪਿੜ ਵਿੱਚ ਆ ਗਏ ਹਨ। ਸਿਮਰਨਜੀਤ ਸਿੰਘ ਮਾਨ ਲੰਬੇ ਸਮੇਂ ਤੋਂ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ ਤੇ ਅੰਮ੍ਰਿਤਪਾਲ ਤੇ ਲੱਖਾ ਸਿਧਾਣਾ ਵੀ ਖਾਲਿਸਤਾਨ ਦੇ ਹਿਮਾਇਤੀ ਹਨ। ਸਿਮਰਨਜੀਤ ਸਿੰਘ ਮਾਨ ਤਕਰੀਬਨ ਸਾਰੀਆਂ ਸੀਟਾਂ ਦੇ ਆਪਣੇ ਉਮੀਦਵਾਰ ਖੜੇ ਕਰਨ ਦਾ ਦਾਅਵਾ ਕਰ ਰਹੇ ਹਨ ਜਦਕਿ ਖੱਡੂਰ ਸਾਹਿਬ ਤੋਂ ਓਹਨਾ ਨੇ ਅਜਾਦ ਉਮੀਦਵਾਰ ਅੰਮ੍ਰਿਤਪਾਲ ਦੀ ਮਦੱਦ ਕਰਨ ਦਾ ਐਲਾਨ ਕੀਤਾ ਹੈ। ਸਿਮਰਨ ਜੀਤ ਸਿੰਘ ਮਾਨ ਨੇ ਖੱਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਹਰਪਾਲ ਸਿੰਘ ਬਲੇਰ ਦਾ ਨਾਂਅ ਅੰਮ੍ਰਿਤਪਾਲ ਦੇ ਹੱਕ ਵਿੱਚ ਵਾਪਸ ਲੈਣ ਦਾ ਐਲਾਨ ਵੀ ਕਰ ਦਿੱਤਾ ਹੈ।

ਅੰਮ੍ਰਿਤਪਾਲ ਸਿੰਘ, ਲੱਖਾ ਸਿਧਾਣਾ ਅਤੇ ਸਿਮਰਨਜੀਤ ਸਿੰਘ ਮਾਨ ਦੇ ਇਕੱਠੇ ਹੋ ਕੇ ਚੋਣ ਲੜਨ ਨਾਲ ਪੂਰੇ ਪੰਜਾਬ ' ਚ ਅਕਾਲੀਦਲ ,ਕਾਂਗਰਸ, ਆਮ ਆਦਮੀ ਪਾਰਟੀ ਅਤੇ ਬੀ ਜੇ ਪੀ ਸਮੇਤ ਸਾਰੀਆਂ ਪਾਰਟੀਆਂ ਦੇ ਚੁਣਾਵੀ ਗਣਿਤ ਤੇ ਅਸਰ ਪੈਣ ਦਾ ਖ਼ਦਸ਼ਾ ਹੈ।

ਅੰਮ੍ਰਿਤਪਾਲ ਸਿੰਘ ਦੇ ਖੱਡੂਰ ਸਾਹਿਬ ਤੋਂ ਚੋਣ ਲੜਨਾ ਅਕਾਲੀਦਲ ਨੂੰ ਉਸ ਦੇ ਕਿਲੇ ਵਿੱਚ ਘੇਰਨ ਵਾਲੀ ਗੱਲ ਹੈ। ਕਿਉਂਕਿ ਇਹ ਹਲਕਾ ਨਿਰੋਲ ਪੰਥਕ ਹਲਕਾ ਮੰਨਿਆ ਜਾਂਦਾ ਹੈ ਅਤੇ ਅੰਮ੍ਰਿਤਪਾਲ ਦਾ ਜੱਦੀ ਪਿੰਡ ਜੱਲੂਪੁਰ ਖੇੜਾ ਵੀ ਇਸੇ ਹਲਕੇ ਵਿਚ ਪੈਂਦਾ ਹੈ। ਪਹਿਲਾਂ ਖੱਡੂਰ ਸਾਹਿਬ ਤਰਨਤਾਰਨ ਲੋਕ ਸਭਾ ਸੀਟ ਵਿੱਚ ਪੈਂਦਾ ਸੀ ਪ੍ਰੰਤੂ 2008 ਵਿੱਚ ਨਵੀਂ ਹਦਬੰਦੀ ਤੋਂ ਬਾਅਦ ਇਸ ਹਲਕੇ ਦਾ ਨਾਂ ਖੱਡੂਰ ਸਾਹਿਬ ਹੋ ਗਿਆ। ਭੂਗੋਲਿਕ ਤੌਰ ਤੇ ਪੰਜਾਬ ਦਾ ਇਹ ਇਕ ਇਕੱਲਾ ਹਲਕਾ ਹੈ ਜਿਹੜਾ ਪੰਜਾਬ ਦੇ ਤਿੰਨਾਂ ਖਿੱਤਿਆਂ ਮਾਝਾ , ਦੋਆਬਾ ਅਤੇ ਮਾਲਵਾ ਵਿੱਚ ਫੈਲਿਆ ਹੋਇਆ ਹੈ। 6 ਵਿਧਾਨ ਸਭਾ ਹਲਕੇ ਮਾਝੇ ਵਿੱਚ , 2 ਵਿਧਾਨ ਸਭਾ ਹਲਕੇ ਦੋਆਬੇ ਵਿੱਚ ਅਤੇ 1 ਵਿਧਾਨ ਸਭਾ ਹਲਕਾ ਮਾਲਵੇ ਵਿੱਚ ਪੈਂਦਾ ਹੈ। ਪਿਛਲੇ 50 ਸਾਲਾਂ ਵਿੱਚ ਕੇਵਲ ਦੋ ਵਾਰ ਹੀ ਇਥੋਂ ਕਾਂਗਰਸ ਜਿੱਤ ਸਕੀ ਹੈ ਇਕ ਵਾਰ 1992 ਵਿੱਚ ਜਦੋਂ ਅਕਾਲੀਦਲ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ ਜਾਂ 2019 ਵਿੱਚ ਅਤੇ ਬਾਕੀ ਹਰ ਵਾਰ ਇਥੋਂ ਅਕਾਲੀ ਦਲ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ।

ਅਕਾਲੀ ਦਲ ਬਾਦਲ ਲਈ ਇਹ ਸੀਟ ਸਭ ਤੋਂ ਜਿਆਦਾ ਸੁਰੱਖਿਅਤ ਮਨੀ ਜਾ ਰਹੀ ਸੀ ਪਰ ਅੰਮ੍ਰਿਤਪਾਲ ਦਾ ਦਾਖਲਾ ਅਕਾਲੀ ਦਲ ਬਾਦਲ ਲਈ ਕਾਫੀ ਮੁਸ਼ਕਲ ਪੈਦਾ ਕਰ ਸਕਦਾ ਹੈ। ਅੰਮ੍ਰਿਤਪਾਲ ਦੇ ਦਾਖਲੇ ਤੋਂ ਪਹਿਲਾਂ ਅਕਾਲੀਦਲ ਬਾਦਲ ਵੱਲੋਂ ਇਥੇ ਅਕਾਲੀਦਲ ਬਾਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਚੋਣ ਲੜਨ ਦੇ ਚਰਚੇ ਸਨ ਪ੍ਰੰਤੂ ਅੰਮ੍ਰਿਤਪਾਲ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਪਰ ਅਕਾਲੀ ਦਲ ਬਾਦਲ ਦੇ ਵਿਰੋਧੀ ਪੰਥਕ ਆਗੂ ਅਕਾਲੀਦਲ ਵੱਲੋਂ ਵਲਟੋਹਾ ਨੂੰ ਉਮੀਦਵਾਰ ਬਣਾਏ ਜਾਣ ਨੂੰ ਪੰਥ ਵਿਰੋਧੀ ਕਰਾਰ ਦੇ ਰਹੇ ਹਨ ਅਤੇ ਅਕਾਲੀਦਲ ਬਾਦਲ 'ਤੇ ਅੰਮ੍ਰਿਤਪਾਲ ਦੀ ਮਦੱਦ ਕਰਨ ਲਈ ਦਬਾਅ ਬਣਾ ਰਹੇ ਹਨ । ਇਸ ਮੰਗ ਨੇ ਅਕਾਲੀਦਲ ਬਾਦਲ ਨੂੰ ਪਸ਼ੋਪੇਸ਼ ' ਚ ਪਾ ਦਿੱਤਾ ਹੈ ਕਿਉਂਕਿ ਹੈ ਅਕਾਲੀਦਲ ਬਾਦਲ ਅੰਮ੍ਰਿਤਾਪਲ ਦੀ ਮਦੱਦ ਕਰਦਾ ਹੈ ਤਾਂ ਉਸ ' ਤੇ ਖਾਲਿਸਤਾਨ ਦੀ ਮੱਦਦ ਕਰਨ ਦਾ ਠੱਪਾ ਲਗਦਾ ਹੈ ਜੇਕਰ ਨਹੀਂ ਕਰਦਾ ਤਾਂ ਅਕਾਲੀ ਦਲ ਦੇ ਵਿਰੋਧੀ ਪੰਥਕ ਆਗੂ ਅਕਾਲੀਦਲ 'ਤੇ ਸਿੱਖ ਵਿਰੋਧੀ ਹੋਣ ਦੇ ਇਲਜਾਮ ਲਗਾਉਣਗੇ।

ਦਿਲਚਸਪ ਗੱਲ ਹੈ ਕਿ ਕੁਝ ਅਕਾਲੀ ਲੀਡਰਾਂ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਦੇ ਚੋਣ ਲੜਨ ਨਾਲ ਅਕਾਲੀਦਲ ਨੂੰ ਫਾਇਦਾ ਹੋਵੇਗਾ ਕਿਉਂਕਿ ਜਿਹੜੀ ਵੋਟ ਅੰਮ੍ਰਿਤਪਾਲ ਨੂੰ ਪੈਣੀ ਹੈ ਉਹ ਅਕਾਲੀਦਲ ਨੂੰ ਪੈਣ ਵਾਲੀ ਨਹੀਂ ਇਸ ਲਈ ਅੰਮ੍ਰਿਤਪਾਲ ਦੇ ਚੋਣ ਲੜਨ ਕਾਰਨ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇਗਾ।

ਆਮ ਆਦਮੀ ਪਾਰਟੀ ਵੱਲੋਂ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਖੱਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਰ ਅੰਮ੍ਰਿਤਪਾਲ ਦੇ ਚੋਣ ਮੈਦਾਨ ' ਚ ਆਉਣ ਨਾਲ ਆਮ ਆਦਮੀ ਪਾਰਟੀ ਲਈ ਵੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਅੰਮ੍ਰਿਤਪਾਲ 'ਤੇ ਐਨ ਐਸ ਏ ਲਗਾਉਣ ਲਈ ਸਿੱਖ ਨੌਜਵਾਨ ਆਮ ਆਦਮੀ ਪਾਰਟੀ ਨੂੰ ਦੋਸ਼ੀ ਮੰਨ ਰਹੇ ਹਨ ।

ਕਾਂਗਰਸ ਪਾਰਟੀ ਨੇ ਭਾਵੇਂ ਇਕ ਪੰਥਕ ਪਿਛੋਕੜ ਵਾਲੇ ਆਗੂ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਬਣਾਇਆ ਹੈ। ਪਰ ਅੰਮ੍ਰਿਤਪਾਲ ਤੇ ਉਸ ਦੇ ਸਾਥੀ 1 ਜੂਨ ਪੋਲਿੰਗ ਵਾਲੇ ਦਿਨ ਨੂੰ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਨਾਲ ਜੋੜ ਕੇ ਕਾਂਗਰਸ ਤੇ ਦੂਸ਼ਣਬਾਜੀ ਕਰ ਸਕਦੇ ਹਨ ਤੇ ਪੂਰੇ ਪੰਜਾਬ ' ਚ ਵੋਟਰਾਂ ਤੇ ਪਰਭਾਵ ਪਾਉਣ ਦਾ ਯਤਨ ਕਰ ਸਕਦੇ ਹਨ ।

ਖਾਲਿਸਤਾਨ ਹਿਮਾਇਤੀਆਂ ਦਾ ਚੋਣ ਮੈਦਾਨ ' ਚ ਦਾਖਲਾ ਹਿੰਦੂ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਬੀ ਜੇ ਪੀ ਵੱਲ ਮੋੜਨ ਦਾ ਇਕ ਮੌਕਾ ਸਾਬਤ ਹੋ ਸਕਦਾ ਹੈ ।

 ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਸਾਥੀ ਬਾਕੀ 12 ਹਲਕਿਆਂ ਵਿਚ ਵੀ ਅਜਿਹੀ ਹੀ ਵਿਉਂਤਬੰਦੀ ਕਰਨਗੇ। ਗਰਮ ਖਿਆਲੀ ਆਗੂਆਂ ਦੀ ਚੋਣ ਮੁਹਿੰਮ ਦਾ ਕਿਸ ਪਾਰਟੀ ਤੇ ਕਿੰਨਾ ਤੇ ਕਿਸ ਤਰਾਂ ਦਾ ਅਸਰ ਪੈਂਦਾ ਹੈ ਜਾ ਕਿਸ ਨੂੰ ਫਾਇਦਾ ਹੁੰਦਾ ਹੈ ਤੇ ਕਿਸ ਨੂੰ ਨੁਕਸਾਨ ਇਹ ਤਾਂ ਚੋਣ ਨਤੀਜਿਆਂ ਤੋਂ ਪਤਾ ਲੱਗ ਹੀ ਜਾਵੇਗਾ । ਇਸ ਤੋਂ ਇਲਾਵਾ, ਅਜਨਾਲਾ ਘਟਨਾ ਤੋਂ ਬਾਅਦ, ਡਿਬਰੂਗੜ੍ਹ ਜੇਲ ਵਿਚ ਬੰਦ ਅੰਮ੍ਰਿਤਪਾਲ ਦੇ ਸਮਰਥਕਾਂ, ਜਿਹੜੇ ਕੇ ਸਰਗਰਮ ਨਹੀਂ ਰਹੇ ਸਨ, ਨੂੰ ਦੋਬਾਰਾ ਸਰਗਰਮੀਆਂ ਸ਼ੁਰੂ ਕਰਨ ਲਈ ਇਕ ਪਲੇਟਫਾਰਮ ਜਰੂਰ ਮਿਲ ਜਾਵੇਗਾ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


Rakesh

Content Editor

Related News