ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਕੂਲੀ ਪ੍ਰਬੰਧਕਾਂ ਨੂੰ ਹਦਾਇਤ
Sunday, Apr 28, 2024 - 02:50 AM (IST)
ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦੇਸ਼ ਦੇ ਕਈ ਹਿੱਸਿਆਂ ’ਚ ਲੂ ਦੀ ਸਥਿਤੀ ਬਣੀ ਹੋਈ ਹੈ, ਜਿਸ ਦੇ ਅਗਲੇ ਕੁਝ ਦਿਨਾਂ ’ਚ ਗੰਭੀਰ ਰੂਪ ਧਾਰਨ ਕਰਨ ਦਾ ਖਦਸ਼ਾ ਹੈ। ਇਸੇ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਸਿੱਖਿਆ ਡਾਇਰੈਕਟੋਰੇਟ ਨੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਪੜ੍ਹਾਈ ਦੌਰਾਨ ਬੱਚਿਆਂ ਨੂੰ ਪਾਣੀ ਪੀਣ ਲਈ ਬ੍ਰੇਕ ਦੇਣ ਅਤੇ ਬੱਚਿਆਂ ਨੂੰ ਤੇਜ਼ ਧੁੱਪ ਤੋਂ ਬਚਾਉਣ ਦੇ ਉਪਾਅ ਕਰਨ ਦੀ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ ਬੱਚਿਆਂ ਨੂੰ ਸਕੂਲ ਆਉਣ-ਜਾਣ ਦੌਰਾਨ ਆਪਣੇ ਸਿਰ ਨੂੰ ਛੱਤਰੀ, ਟੋਪੀ, ਤੌਲੀਆ ਜਾਂ ਹੋਰ ਕਿਸੇ ਚੀਜ਼ ਨਾਲ ਢੱਕ ਕੇ ਰੱਖਣ ਬਾਰੇ ਜਾਗਰੂਕ ਵੀ ਕੀਤਾ ਜਾਵੇ।
ਸਿੱਖਿਆ ਡਾਇਰੈਕਟੋਰੇਟ ਨੇ ਵਿਦਿਆਰਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਦੁਪਹਿਰ ਵੇਲੇ ਪ੍ਰਾਰਥਨਾ ਸਭਾ ਕਰਨ ਤੋਂ ਵੀ ਬਚਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਗਰਮੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਇਕ ਯੋਜਨਾ ਬਣਾਉਣੀ ਪਵੇਗੀ।
ਰਾਜਸਥਾਨ ’ਚ ਵੀ ਵਿਦਿਆਰਥੀਆਂ ਨੂੰ ਹੀਟ ਵੇਵ ਤੋਂ ਬਚਾਉਣ ਲਈ ‘ਰਾਜਸਥਾਨ ਮਿਡਲ ਸਿੱਖਿਆ ਬੋਰਡ’ ਨੇ ਸਾਰੇ ਸਕੂਲਾਂ ਲਈ ਹੁਣ ਅਸੈਂਬਲੀ ਖੁੱਲ੍ਹੇ ਮੈਦਾਨ ’ਚ ਕਰਨ ਦੀ ਥਾਂ ਕਵਰਡ ਏਰੀਆ ’ਚ ਕਰਨ ਤੋਂ ਇਲਾਵਾ ਬੱਚਿਆਂ ਨੂੰ ਯੂਨੀਫਾਰਮ (ਮੋਟੇ ਕੱਪੜੇ ਵਾਲੀ) ਪਾ ਕੇ ਆਉਣ ਲਈ ਵੀ ਮਜਬੂਰ ਨਾ ਕਰਨ ਦੀ ਹਦਾਇਤ ਵੀ ਦਿੱਤੀ ਹੈ।
ਹਦਾਇਤ ਅਨੁਸਾਰ, ਸਕੂਲਾਂ ’ਚ ਦੁਪਹਿਰ ਦੇ ਭੋਜਨ ਦੀ ਘੰਟੀ ਵਾਂਗ ਹੀ ਪਾਣੀ ਪੀਣ ਲਈ ਵੀ ਘੰਟੀ ਵਜਾਈ ਜਾਵੇਗੀ। ਸਕੂਲਾਂ ’ਚ ਲੂ ਦੇ ਪ੍ਰਕੋਪ ਤੋਂ ਬਚਣ ਲਈ ਓ.ਆਰ.ਐੱਸ. ਘੋਲ ਜਾਂ ਫਿਰ ਲੂਣ-ਖੰਡ ਦਾ ਘੋਲ ਅਤੇ ‘ਫਸਟ ਏਡ ਬਾਕਸ’ ਰੱਖਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।
ਗਰਮੀ ਤੋਂ ਬਚਾਅ ਲਈ ਬੱਚਿਆਂ ਨੂੰ ਪਾਣੀ ਪੀਣ ਲਈ ਬ੍ਰੇਕ ਦੇਣ ਦਾ ਫੈਸਲਾ ਸਹੀ ਹੈ ਜਿਸ ਨੂੰ ਦੇਸ਼ ਦੇ ਹੋਰ ਸੂਬਿਆਂ ’ਚ ਵੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਬੱਚਿਆਂ ਦੀ ਜਾਨ ਲਈ ਕੋਈ ਖਤਰਾ ਪੈਦਾ ਨਾ ਹੋਵੇ।
-ਵਿਜੇ ਕੁਮਾਰ