ਲੁਧਿਆਣਾ ''ਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ, ਗੋਲੀਆਂ ਚੱਲਣ ਕਾਰਨ ਇਲਾਕੇ ''ਚ ਫੈਲੀ ਦਹਿਸ਼ਤ
Sunday, Jun 21, 2026 - 04:49 PM (IST)
ਲੁਧਿਆਣਾ (ਵੈੱਬ ਡੈਸਕ) : ਮਹਾਨਗਰ ਦੇ ਮਾਡਲ ਟਾਊਨ ਇਲਾਕੇ ਅਧੀਨ ਪੈਂਦੇ ਡਾ. ਅੰਬੇਡਕਰ ਨਗਰ 'ਚ ਬੀਤੀ ਦੇਰ ਰਾਤ ਪਾਰਕਿੰਗ ਦੇ ਮਾਮੂਲੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਖੂਨੀ ਟਕਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਿੰਸਕ ਵਾਰਦਾਤ ਦੌਰਾਨ ਜਿੱਥੇ ਜੰਮ ਕੇ ਇੱਟਾਂ-ਪੱਥਰ ਚੱਲੇ, ਉੱਥੇ ਹੀ ਗੋਲੀਆਂ ਦੀ ਤੜਤੜਾਹਟ ਨਾਲ ਪੂਰਾ ਇਲਾਕਾ ਦਹਿਲ ਗਿਆ। ਇਸ ਮਾਮਲੇ ਵਿੱਚ ਸੱਤਾਧਾਰੀ ਧਿਰ ਦੇ ਆਗੂ ਅਤੇ ਉਸ ਦੇ ਪਿਤਾ 'ਤੇ ਗੋਲੀਆਂ ਚਲਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦੇ 12-ਟਾਇਰੀ ਭਾਰੀ ਟਰੱਕ ਦੀ ਪਾਰਕਿੰਗ ਨੂੰ ਲੈ ਕੇ ਸਵੇਰੇ ਉਕਤ ਆਗੂ ਦੀ ਪਤਨੀ ਨਾਲ ਮਾਮੂਲੀ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਟਰੱਕ ਹਟਾ ਲਿਆ ਸੀ। ਇਸ ਰੰਜਿਸ਼ ਤਹਿਤ ਦੇਰ ਰਾਤ ਆਗੂ ਦੇ ਪਿਤਾ ਨੇ ਗਾਲੀ-ਗਲੋਚ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਘਰ 'ਤੇ ਪਥਰਾਅ ਕੀਤਾ।
ਲਖਬੀਰ ਸਿੰਘ ਅਨੁਸਾਰ ਇਸ ਤੋਂ ਬਾਅਦ ਆਗੂ ਨੇ ਆਪਣੀ ਪਿਸਤੌਲ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ 5 ਰਾਊਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉੱਥੇ ਖੜ੍ਹੇ ਇੱਕ ਮਾਸੂਮ ਬੱਚੇ ਨੂੰ ਛੂਹ ਕੇ ਲੰਘ ਗਈ। ਦੂਜੇ ਪਾਸੇ ਸੱਤਾਧਿਰ ਪਾਰਟੀ ਦੇ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਫਾਇਰਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝੂਠਾ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ। ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਦੀ ਸੂਚਨਾ ਮਿਲੀ ਸੀ। ਪੁਲਸ ਨੇ ਅਜੇ ਤੱਕ ਗੋਲੀ ਚੱਲਣ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
