ਲੁਧਿਆਣਾ ''ਚ ''ਲਾਵਾਰਸ'' ਕਾਰ ਨੇ ਫ਼ੈਲਾਈ ਦਹਿਸ਼ਤ!
Wednesday, Jun 24, 2026 - 05:08 PM (IST)
ਲੁਧਿਆਣਾ (ਤਰੁਣ): ਪੁਰਾਣੀ ਮਾਧੋਪੁਰੀ ਗਲੀ ਨੰਬਰ 3 ਇਲਾਕੇ ਵਿਚ ਇਕ ਲਾਵਾਰਿਸ ਖੜ੍ਹੀ ਕਾਰ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੂੰ ਸੂਚਨਾ ਦਿੱਤੀ, ਪਰ 3 ਦਿਨ ਬੀਤ ਜਾਣ ਦੇ ਬਾਵਜੂਦ ਕਾਰ ਉੱਥੇ ਹੀ ਖੜ੍ਹੀ ਹੈ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਪੁਲਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਕਾਫ਼ੀ ਰੋਸ ਹੈ।
ਇਲਾਕਾ ਨਿਵਾਸੀ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਐਤਵਾਰ ਦੇਰ ਰਾਤ ਨੂੰ ਕੋਈ ਇਕ ਹੋਂਡਾ ਸਿਟੀ ਕਾਰ ਨੂੰ ਨੁਕਸਾਨੀ ਹਾਲਤ ਵਿਚ ਗਲੀ ਨੰਬਰ 3 ਵਿਚ ਖੜ੍ਹੀ ਕਰ ਗਿਆ। ਸਵੇਰੇ ਜਦੋਂ ਉਹ ਬਾਹਰ ਆਏ ਤੇ ਸ਼ੱਕੀ ਹਾਲਤ ਵਿਚ ਖੜ੍ਹੀ ਕਾਰ ਨੂੰ ਵੇਖਿਆ। ਇਸ ਕਾਰਨ ਇਲਾਕਾ ਨਿਵਾਸੀ ਘਬਰਾ ਗਏ। ਇਲਾਕਾ ਨਿਵਾਸੀ ਰਮਨ ਚੋਪੜਾ ਨੇ ਕਿਹਾ ਕਿ ਕਾਰ ਵਿਚ ਬੰਬ ਜਾਂ ਨਸ਼ਾ ਆਦਿ ਕੁਝ ਵੀ ਹੋ ਸਕਦਾ ਹੈ, ਜਿਸ ਕਾਰਨ ਉਹ ਖ਼ੌਫ਼ ਹੇਠ ਹਨ। ਕੋਈ ਵੱਡੀ ਵਾਰਦਾਤ ਹੋਣ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਨੂੰ ਤੁਰੰਤ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਇਲਾਕਾ ਨਿਵਾਸੀ ਕਰਨ ਬਾਵਾ ਦਾ ਕਹਿਣਾ ਹੈ ਕਿ ਕਾਰ ਜਿੱਥੇ ਖੜ੍ਹੀ ਹੈ, ਉੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ। ਗਲੀ ਦੇ ਦੋਵੇਂ ਪਾਸੇ ਦੇ ਰਾਹ ਬੰਦ ਹੋ ਚੁੱਕੇ ਹਨ। ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ। ਉੱਥੇ ਹੀ ਸੂਤਰਾਂ ਅਨੁਸਾਰ ਕਾਰ 'ਤੇ ਦਿੱਲੀ ਦੀ ਨੰਬਰ ਪਲੇਟ ਲੱਗੀ ਹੈ, ਜੋ ਕਿਸੇ ਨੇੜਲੇ ਚੌਕ ਸੈਦਾ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਦੀ ਦੱਸੀ ਜਾ ਰਹੀ ਹੈ, ਪਰ ਇਲਾਕਾ ਵਾਸੀ ਉਸ ਨੂੰ ਨਹੀਂ ਜਾਣਦੇ। ਇਲਾਕਾ ਵਾਸੀਆਂ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਥਾਣਾ ਮੁਖੀ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਕਾਰ ਦੇ ਮਾਲਕ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਛੇਤੀ ਹੀ ਇਲਾਕਾ ਨਿਵਾਸੀਆਂ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।
