ਲੁਧਿਆਣਾ ''ਚ ਸੂਆ ਟੁੱਟਣ ਨਾਲ ਖੇਤਾਂ ''ਚ ਵੜਿਆ ਪਾਣੀ! ਸੈਂਕੜੇ ਏਕੜ ਫ਼ਸਲ ਹੋਈ ਤਬਾਹ

Wednesday, Jun 17, 2026 - 05:32 PM (IST)

ਲੁਧਿਆਣਾ ''ਚ ਸੂਆ ਟੁੱਟਣ ਨਾਲ ਖੇਤਾਂ ''ਚ ਵੜਿਆ ਪਾਣੀ! ਸੈਂਕੜੇ ਏਕੜ ਫ਼ਸਲ ਹੋਈ ਤਬਾਹ

ਲੁਧਿਆਣਾ (ਮਹਿੰਦਰੂ): ਲੁਧਿਆਣਾ ਵਿਚ ਸੂਆ ਟੁੱਟਣ ਕਾਰਨ ਆਲੇ-ਦੁਆਲੇ ਦੇ ਸੈਂਕੜੇ ਏਕੜ ਖੇਤਾਂ ਵਿਚ ਫ਼ਸਲਾਂ ਤਬਾਹ ਹੋ ਗਈਆਂ। ਪਾਣੀ ਦਾ ਬਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਇਸ ਵਿਚ ਇਕ ਟ੍ਰੈਕਟਰ-ਟਰਾਲੀ ਵੀ ਪਲਟਦੇ-ਪਲਟਦੇ ਬਚੀ ਤੇ ਟ੍ਰੈਕਟਰ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਨਹਿਰੀ ਵਿਭਾਗ ਵੱਲੋਂ ਸੂਆ ਟੁੱਟਣ ਲਈ ਇਕ ਕਿਸਾਨ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਸਥਾਨਕ ਕਿਸਾਨਾਂ ਵੱਲੋਂ ਇਸ ਨੂੰ ਨਹਿਰੀ ਵਿਭਾਗ ਦੀ ਅਣਗਹਿਲੀ ਕਰਾਰ ਦਿੰਦਿਆਂ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਗਿਆ। 

ਜਾਣਕਾਰੀ ਮੁਤਾਬਕ, ਰਾਏਕੋਟ-ਸਾਹਿਬਾਜਪੁਰਾ ਰੋਡ ਤੋਂ ਇਕ ਟ੍ਰੈਕਟਰ ਟਰਾਲੀ ਸੂਏ ਦੇ ਨੇੜਿਓਂ ਲੰਘ ਰਹੀ ਸੀ। ਇਸ ਦੌਰਾਨ ਅਚਾਨਕ ਸੂਆ ਟੁੱਟ ਗਿਆ ਤੇ ਟ੍ਰੈਕਟਰ ਟਰਾਲੀ ਵੀ ਪਾਣੀ ਦੇ ਬਹਾਅ ਵਿਚ ਫੱਸ ਗਿਆ। ਪਾਣੀ ਦਾ ਬਹਾਅ ਇੰਨਾ ਤੇਜ਼ ਸੀ ਕੀ ਟ੍ਰੈਕਟਰ ਚਾਲਕ ਗੁਰਦੀਪ ਸਿੰਘ ਵੱਲੋਂ ਟ੍ਰੈਕਟਰ ਚਾਲਕ ਹਰ ਸੰਭਵ ਕੋਸ਼ਿਸ਼ ਕਰਨ ਤੋਂ ਬਾਅਦ ਵੀ ਟ੍ਰੈਕਟਰ ਨੂੰ ਪਾਣੀ ਤੋਂ ਦੂਰ ਨਹੀਂ ਲਿਜਾ ਸਕਿਆ। ਇਸ ਦੌਰਾਨ ਜਦੋਂ ਟ੍ਰੈਕਟਰ ਪਾਣੀ ਦੇ ਬਹਾਅ ਨਾਲ ਬੇਕਾਬੂ ਹੋ ਕੇ ਪਲਟਣ ਲੱਗਿਆ ਤਾਂ ਗੁਰਦੀਪ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ। 

ਸੂਆ ਟੁੱਟਣ ਦੀ ਜਾਣਕਾਰੀ ਮਿਲਣ 'ਤੇ ਨਹਿਰੀ ਵਿਭਾਗ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਪਾਣੀ ਦਾ ਬਹਾਅ ਨੂੰ ਰੋਕਣ ਅਤੇ ਟੁੱਟੇ ਹੋਏ ਸੂਏ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਨਹਿਰੀ ਵਿਭਾਗ ਦੇ ਐੱਸ. ਡੀ. ਓ. ਜਗਦੀਪ ਸਿੰਘ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਅਜਿਹਾ ਲੱਗ ਰਿਹਾ ਹੈ ਕਿ ਕਿਸਾਨ ਦੇ ਟ੍ਰੈਕਟਰ ਦਾ ਕੋਈ ਹਿੱਸਾ ਸੂਏ ਨਾਲ ਟਕਰਾਇਆ ਹੈ, ਜਿਸ ਕਾਰਨ ਸੂਏ ਵਿਚ ਦਰਾਰ ਆਈ ਤੇ ਇਹ ਟੁੱਟ ਗਿਆ। ਉਨ੍ਹਾਂ ਕਿਹਾ ਕਿ ਫ਼ਿਲਹਾਲ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਸਾਰਾ ਕਸੂਰ ਉਕਤ ਕਿਸਾਨ ਦਾ ਕੱਢ ਕੇ ਉਸ ਦੇ ਖ਼ਿਲਾਫ਼ ਪੁਲਸ ਕਾਰਵਾਈ ਕਰਵਾਉਣ ਦੀ ਤਿਆਰੀ ਚੱਲ ਰਹੀ ਸੀ। ਜਦੋਂ ਇਸ ਗੱਲ ਦੀ ਭਿਣਕ ਪਿੰਡ ਵਾਸੀਆਂ ਨੂੰ ਪਈ ਤਾਂ ਉਹ ਭੜਕ ਉੱਠੇ ਤੇ ਇਕੱਠੇ ਹੋ ਕੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲੱਗ ਪਏ। ਕਿਸਾਨਾਂ ਦਾ ਕਹਿਣਾ ਹੈ ਕਿ ਸੂਆ ਟ੍ਰੈਕਟਰ ਦੀ ਟੱਕਰ ਨਾਲ ਨਹੀਂ ਸਗੋਂ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਟੁੱਟਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਹਿਰੀ ਵਿਭਾਗ ਆਪਣੀ ਅਣਗਹਿਲੀ ਲੁਕਾਉਣ ਲਈ ਕਿਸਾਨ ਸਿਰ ਦੋਸ਼ ਮੜ੍ਹਿਆ ਜਾ ਰਿਹਾ ਹੈ। ਉਨ੍ਹਾਂ ਨੇ ਅਜਿਹੀ ਕੋਈ ਨਾਜਾਇਜ਼ ਕਾਰਵਾਈ ਹੋਣ 'ਤੇ ਤਿੱਖਾ ਅੰਦੋਲਨ ਕਰਨ ਦੀ ਚੇਤਾਵਨੀ ਵੀ ਦਿੱਤੀ। 
 


author

Anmol Tagra

Content Editor

Related News