ਲੁਧਿਆਣਾ ਸੈਂਟਰਲ ਜੇਲ੍ਹ ''ਚ ਇੰਟਰਨੈੱਟ ਸੇਵਾ ਠੱਪ!
Friday, Jun 19, 2026 - 03:24 PM (IST)
ਲੁਧਿਆਣਾ (ਗਣੇਸ਼): ਸੈਂਟਰਲ ਜੇਲ੍ਹ ਵਿਚ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਰਹਿਣ ਕਾਰਨ ਵੱਖ-ਵੱਖ ਪ੍ਰਸ਼ਾਸਿਕ ਤੇ ਡਿਟੀਕਲ ਕੰਮ ਪ੍ਰਭਾਵਿਤ ਹੋ ਰਹੇ ਹਨ। ਸੂਤਰਾਂ ਮੁਤਾਬਕ, ਬ੍ਰਾਡਬੈਂਡ ਲਾਈਨ ਵਿਚ ਆਈ ਤਕਨੀਕੀ ਖ਼ਰਾਬੀ ਕਾਰਨ ਜੇਲ੍ਹ ਪਰਿਸਰ ਵਿਚ ਇੰਟਰਨੈੱਟ ਕਨੈਕਟਿਵਿਟੀ ਸੁਚਾਰੂ ਨਹੀਂ ਹੋ ਪਾ ਰਹੀ। ਸਬੰਧਤ ਮੁਲਾਜ਼ਮਾਂ ਵੱਲੋਂ ਵੀਰਵਾਰ ਦੇਰ ਸ਼ਾਮ ਨੂੰ ਟੁੱਟੀ ਹੋਈ ਲਾਈਨ ਨੂੰ ਜੋੜ ਕੇ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸ਼ੁੱਕਰਵਾਰ ਸਵੇਰੇ ਇਹ ਲਾਈਨ ਦੁਬਾਰਾ ਟੁੱਟ ਗਈ, ਜਿਸ ਕਾਰਨ ਇੰਟਰਨੈੱਟ ਸੇਵਾ ਫ਼ਿਰ ਤੋਂ ਬੰਦ ਹੋ ਗਈ।
ਇੰਟਰਨੈੱਟ ਸੇਵਾ ਪ੍ਰਭਾਵਿਤ ਹੋਣ ਕਾਰਨ ਕੈਦੀਆਂ ਨਾਲ ਸਬੰਧਤ ਆਨਲਾਈਨ ਰਿਕਾਰਡ ਅਪਡੇਟ ਕਰਨ, ਆਈ. ਡੀ. ਜਨਰੇਸ਼ਨ ਤੇ ਹੋਰ ਡਿਜੀਟਲ ਪ੍ਰਕਿਰਿਆਵਾਂ ਵਿਚ ਦਿੱਕਤ ਆ ਰਹੀ ਹੈ। ਇਸ ਬਾਰੇ ਸਬੰਧਤ ਏਜੰਸੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਇੰਟਰਨੈੱਟ ਸੇਵਾ ਜਲਦੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੱਸ ਦਈਏ ਕਿ ਜੇਲ੍ਹ ਪ੍ਰਬੰਧਨ ਦੀਆਂ ਕਈ ਪ੍ਰਕਿਰਿਆਵਾਂ ਹੁਣ ਡਿਜੀਟਲ ਪ੍ਰਣਾਲੀ 'ਤੇ ਅਧਾਰਤ ਹਨ, ਅਜਿਹੇ ਵਿਚ ਇੰਟਰਨੈੱਟ ਸੇਵਾ ਠੱਪ ਹੋਣ ਨਾਲ ਕਈ ਕੰਮਾਂ ਵਿਚ ਅੜਿੱਕਾ ਪੈ ਰਿਹਾ ਹੈ।
