ਪੰਜਾਬ ਦੇ ਇਸ ਇਲਾਕੇ ''ਚ BLACKOUT! ਤਪਦੀ ਗਰਮੀ ''ਚ ਖੱਜਲ-ਖੁਆਰ ਹੁੰਦੇ ਰਹੇ ਲੋਕ

Monday, Jun 29, 2026 - 01:51 PM (IST)

ਪੰਜਾਬ ਦੇ ਇਸ ਇਲਾਕੇ ''ਚ BLACKOUT! ਤਪਦੀ ਗਰਮੀ ''ਚ ਖੱਜਲ-ਖੁਆਰ ਹੁੰਦੇ ਰਹੇ ਲੋਕ

ਲੁਧਿਆਣਾ (ਖ਼ੁਰਾਨਾ): ਟਿੱਬਾ ਇਲਾਕੇ ਦੇ ਅਧੀਨ ਪੈਂਦੀ ਗਰੇਵਾਲ ਕਾਲੋਨੀ ਵਿਚ ਐਤਵਾਰ ਦੇਰ ਰਾਤ ਸ਼ਾਰਟ ਸਰਕਟ ਕਾਰਨ ਬਿਜਲੀ ਦੇ ਟਰਾਂਸਫ਼ਾਰਮਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਪੂਰੇ ਇਲਾਕੇ ਵਿਚ 'ਬਲੈਕਆਊਟ' ਜਿਹੇ ਹਾਲਾਤ ਬਣ ਗਏ। ਇਲਾਕਾ ਵਾਸੀਆਂ ਨੂੰ ਬਿਜਲੀ ਠੱਪ ਰਹਿਣ ਕਾਰਨ ਤਪਦੀ ਗਰਮੀ ਵਿਚ ਲਗਾਤਾਰ 14 ਘੰਟਿਆਂ ਤਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਕਾਫ਼ੀ ਖੱਜਲ-ਖ਼ੁਆਰ ਹੋਣਾ ਪਿਆ। 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਕਥਿਤ ਨਾਲਾਇਕੀ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਕਈ ਘੰਟਿਆਂ ਤਕ ਭੁਗਤਣਾ ਪਿਆ। ਐਤਵਾਰ ਦੇਰ ਰਾਤ ਤੋਂ ਸੋਮਵਾਰ ਬਾਅਦ ਦੁਪਹਿਰ ਤਕ ਇਲਾਕੇ ਵਿਚ ਬਿਜਲੀ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ। ਇਸ ਕਾਰਨ ਲੋਕਾਂ ਨੂੰ ਰੋਟੀ-ਸਬਜ਼ੀ ਬਣਾਉਣ ਸਣੇ ਘਰਾਂ ਦੇ ਹੋਰ ਰੂਟੀਨ ਦੇ ਕੰਮਕਾਰਾਂ ਲਈ ਖੱਜਲ-ਖੁਆਰ ਹੋਣਾ ਪਿਆ। ਨੌਕਰੀਪੇਸ਼ਾ ਵਰਗ ਦੇ ਲੋਕਾਂ ਨੂੰ ਵੀ ਸਵੇਰੇ ਕੰਮ 'ਤੇ ਜਾਣ ਤੋਂ ਪਹਿਲਾਂ ਨਹਾਉਣ-ਧੋਣ ਤੋਂ ਟਿਫ਼ਨ ਤਿਆਰ ਕਰਨ ਜਿਹੇ ਕੰਮਾਂ ਲਈ ਵੀ ਬਿਜਲੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀ ਹੋਈ। ਹਾਲਾਤ ਇਹ ਬਣੇ ਰਹੇ ਕਿ ਲੋਕ ਖਾਲੀ ਬਾਲਟੀਆਂ ਲੈ ਕੇ ਪਾਣੀ ਭਰਨ ਲਈ ਇੱਧਰ-ਉੱਧਰ ਭਟਕਦੇ ਨਜ਼ਰ ਆਏ। 

ਗੁੱਸੇ 'ਚ ਭੜਕੇ ਇਲਾਕਾ ਵਾਸੀਆਂ ਨੇ ਦੋਸ਼ ਲਗਾਏ ਕਿ ਇਲਾਕੇ ਦੇ ਪਾਵਰਕਾਮ ਮੁਲਾਜ਼ਮ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਵਰਤ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਟ੍ਰਾਂਸਫ਼ਾਰਮਰ ਤੋਂ ਤੇਲ ਰਿਸਾਅ ਹੋਣ ਸਬੰਧੀ ਕਈ ਵਾਰ ਐੱਸ. ਡੀ. ਓ. ਤੇ ਐਕਸੀਅਨ ਨੂੰ ਸ਼ਿਕਾਇਤ ਦਿੱਤੀ ਗਈ, ਪਰ ਅਫ਼ਸਰਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਜੇਕਰ ਸਮਾਂ ਰਹਿੰਦਿਆਂ ਇਸ ਤੇਲ ਨੂੰ ਰੋਕ ਦਿੱਤਾ ਜਾਂਦਾ ਤਾਂ ਹੁਣ ਸ਼ਾਇਦ ਇਹ ਹਾਦਸਾ ਹੋਣੋਂ ਟਲ਼ ਜਾਂਦਾ। ਇਸ ਮੌਕੇ ਸਾਬਕਾ ਕੌਂਸਲਰ ਨਰੇਸ਼ ਉੱਪਲ, ਵਾਰਡ ਪ੍ਰਧਾਨ ਅਰਜੁਨ ਸਿੰਘ, ਵਿਨੇ ਚੌਧਰੀ, ਡਾ. ਰਾਮਪਾਲ, ਸੰਦੀਪ ਚਾਂਦੀ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਰਮਨ ਬਾਬਾ ਤੇ ਪ੍ਰਦੀਪ ਸਿੰਘ ਮੁਲਤਾਨੀ ਨੇ ਅਫ਼ਸਰਾਂ ਦੀ ਲਾਪਰਵਾਹੀ ਦੇ ਖ਼ਿਲਾਫ਼ ਭਾਰੀ ਰੋਸ ਜਤਾਇਆ ਹੈ। 

ਦੂਜੇ ਪਾਸੇ, ਇਲਾਕੇ ਵਿਚ ਲਗਾਤਾਰ 14 ਘੰਟੇ ਤਕ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਮੁੱਕ ਬਾਜ਼ਾਰ ਵਿਚ ਪੈਂਦੀਆਂ ਦੁਕਾਨਾਂ ਵਿਚ ਲੱਗੇ ਜਨਰੇਟਰਾਂ 'ਤੇ ਸਾਰਾ ਲੋਡ ਪੈ ਗਿਆ ਤੇ ਚਾਰਜ ਨਾ ਹੋਣ ਕਾਰਨ ਇਨਵਰਟਰ ਤੇ ਮੋਬਾਈਲ ਫ਼ੋਨ ਵੀ ਸ਼ੋਅਪੀਸ ਬਣ ਕੇ ਰਹਿ ਗਏ। ਇਲਾਕੇ ਦੇ ਲੋਕ ਆਦਿਵਾਸੀ ਇਲਾਕਿਆਂ ਜਿਹਾ ਜੀਵਨ ਬਸਰ ਕਰਨ ਲਈ ਮਜਬੂਰ ਹੋ ਗਏ, ਜਿਸ ਕਾਰਨ ਉਨ੍ਹਾਂ ਵਿਚ ਪਾਵਰਕਾਮ ਅਫ਼ਸਰਾਂ ਦੇ ਖ਼ਿਲਾਫ਼ ਭਾਰੀ ਗੁੱਸਾ ਨਜ਼ਰ ਆਇਆ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਭਿਆਨਕ ਅੱਗ 'ਤੇ ਕਾਬੂ ਪਾਇਆ। 


author

Anmol Tagra

Content Editor

Related News