ਲੁਧਿਆਣਾ ਦੇ ਸੈਕਟਰ 32 ''ਚ ਦਹਿਸ਼ਤ, ਖਾਲਸਾ ਵੈਜ ਪੁਆਇੰਟ ''ਤੇ ਗੋਲੀਬਾਰੀ ਤੋਂ ਬਾਅਦ ਨੌਜਵਾਨ ਦਾ ਅਗਵਾ
Monday, Jun 29, 2026 - 09:42 PM (IST)
ਲੁਧਿਆਣਾ (ਰਾਜ) : ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ 32 (ਬੀ.ਸੀ.ਐੱਮ. ਸਕੂਲ ਦੇ ਪਿੱਛੇ) ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਫਾਇਰਿੰਗ ਅਤੇ ਅਗਵਾ ਦਾ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 'ਖਾਲਸਾ ਵੈਜ ਪੁਆਇੰਟ' 'ਤੇ ਨਿਊਟ੍ਰੀ-ਕੁਲਚਾ ਖਾ ਰਹੇ ਤਿੰਨ ਦੋਸਤਾਂ 'ਤੇ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਆਏ 10-12 ਹਥਿਆਰਬੰਦ ਹਮਲਾਵਰਾਂ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਲਈ ਦੋ ਹਵਾਈ ਫਾਇਰ ਕੀਤੇ ਅਤੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਅਗਵਾ ਕਰ ਲਿਆ।
ਮਿਲੀ ਜਾਣਕਾਰੀ ਅਨੁਸਾਰ ਦਿਲਜੋਤ, ਸਚਿਨ ਅਤੇ ਸ਼ੁਭਮ ਨਾਮ ਦੇ ਤਿੰਨ ਨੌਜਵਾਨ ਸੈਕਟਰ 32 ਸਥਿਤ ਖਾਲਸਾ ਵੈਜ ਪੁਆਇੰਟ 'ਤੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਕੁਝ ਦਿਨ ਪਹਿਲਾਂ ਦੂਜੇ ਗੁੱਟ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਜਿਵੇਂ ਹੀ ਵਿਰੋਧੀ ਧਿਰ ਨੂੰ ਇਨ੍ਹਾਂ ਦੇ ਉੱਥੇ ਹੋਣ ਦੀ ਭਿਣਕ ਲੱਗੀ, ਉਨ੍ਹਾਂ ਨੇ ਹਮਲਾ ਬੋਲ ਦਿੱਤਾ। ਹਮਲੇ ਦੌਰਾਨ ਸਚਿਨ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਿਹਾ, ਪਰ ਹਮਲਾਵਰਾਂ ਨੇ ਸ਼ੁਭਮ ਅਤੇ ਦਿਲਜੋਤ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਿਆ।
ਜਦੋਂ ਸ਼ੁਭਮ ਨੇ ਹਮਲਾਵਰਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ ਅਤੇ ਸਿੱਧੀਆਂ ਧਮਕੀਆਂ ਦਿੰਦੇ ਹੋਏ ਦੋ ਹਵਾਈ ਫਾਇਰ ਕੀਤੇ। ਗੋਲੀਆਂ ਦੀ ਆਵਾਜ਼ ਨਾਲ ਬਾਜ਼ਾਰ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਇਸ ਤੋਂ ਬਾਅਦ ਹਮਲਾਵਰ ਲਹੂ-ਲੁਹਾਣ ਹਾਲਤ ਵਿੱਚ ਸ਼ੁਭਮ ਨੂੰ ਇਨੋਵਾ ਗੱਡੀ ਵਿੱਚ ਸੁੱਟ ਕੇ ਫਰਾਰ ਹੋ ਗਏ, ਜਦਕਿ ਦਿਲਜੋਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਏ.ਸੀ.ਪੀ. (ACP) ਰਾਜਕੁਮਾਰ ਅਤੇ ਥਾਣਾ ਡਿਵੀਜ਼ਨ ਨੰਬਰ 7 ਦੇ ਐੱਸ.ਐੱਚ.ਓ. ਇੰਸਪੈਕਟਰ ਗਗਨਦੀਪ ਸਿੰਘ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੂੰ ਘਟਨਾ ਸਥਾਨ ਤੋਂ ਗੋਲੀਆਂ ਦੇ 2 ਖੋਲ ਬਰਾਮਦ ਹੋਏ ਹਨ,। ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਦਿਲਜੋਤ ਦੇ ਬਿਆਨਾਂ ਦੇ ਆਧਾਰ 'ਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਅਗਵਾ ਕੀਤੇ ਗਏ ਨੌਜਵਾਨ ਸ਼ੁਭਮ ਨੂੰ ਸੁਰੱਖਿਅਤ ਛੁਡਾਇਆ ਜਾ ਸਕੇ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
