ਰਿਵਾਲਵਰ ਫੜ ਕੇ ਨੀਲੀ ਬੱਤੀ ਵਾਲੀ ਕਾਰ ਅੱਗੇ ਫੋਟੋ ਖਿੱਚਵਾਉਣ ਦਾ ਮਾਮਲਾ ਗਰਮਾਇਆ

Saturday, May 26, 2018 - 07:30 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਹੱਥ ਵਿਚ ਰਿਵਾਲਵਰ ਫਡ਼ ਕੇ ’ਤੇ ਨੀਲੀ ਬੱਤੀ ਵਾਲੀ ਗੱਡੀ ਅੱਗੇ ਖਡ਼੍ਹੇ ਹੋ ਕੇ ਫੋਟੋ ਖਿੱਚਵਾ ਕੇ ਫੇਸਬੁੱਕ ’ਤੇ ਪਾਉਣ ਨਾਲ ਚਰਚਾ ਵਿਚ ਆਉਣ ਵਾਲੇ ਸ਼ਹਿਰ ਦੇ ਇਕ ਨੌਜਵਾਨ ਦਾ ਮਸਲਾ ਹੁਣ ਐਡੀਸ਼ਨਲ ਚੀਫ ਸਕੱਤਰ ਅਤੇ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਦੇ ਦਰਬਾਰ ਵਿਚ ਪੁੱਜ ਗਿਆ ਹੈ, ਜਿਨ੍ਹਾਂ ਅੱਗੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲਾ ਪੁਲਸ ਮੁਖੀ ਨੂੰ ਪੂਰੇ ਕੇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨੌਜਵਾਨ ਨੇ 9 ਮਈ ਨੂੰ ਆਪਣੇ ਫੇਸਬੁੱਕ ਪੇਜ ’ਤੇ ਇਕ ਫੋਟੋ ਅਪਲੋਡ ਕੀਤੀ, ਜਿਸ ਵਿਚ ਉਸ ਨੇ ਰਿਵਾਲਵਰ ਨੂੰ ਪੈਂਟ ਵਿਚ ਪਾਇਆ ਹੋਇਆ ਹੈ ਅਤੇ ਨੀਲੀ ਬੱਤੀ ਵਾਲੀ ਗੱਡੀ ਅੱਗੇ ਖਡ਼੍ਹਾ ਹੈ। ਇਸ ਮਗਰੋਂ ਉਸਨੇ 12 ਮਈ ਨੂੰ ਮੁਡ਼ ਆਪਣੀ ਫੋਟੋ ਅਪਲੋਡ ਕੀਤੀ, ਜਿਸ ਵਿਚ ਉਸ ਨੇ ਹੱਥ ਵਿਚ ਰਿਵਾਲਵਰ ਫਡ਼ੀ ਹੋਈ ਹੈ ਅਤੇ ਨੀਲੀ ਬੱਤੀ ਵਾਲੀ ਗੱਡੀ ਅੱਗੇ ਖੜ੍ਹਾ ਹੈ। ਇਸ ਫੋਟੋ ਨੂੰ ਵੇਖ ਕੇ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਨੇ ਫੋਟੋ ਸਣੇ ਇਸ ਦੀ ਸ਼ਿਕਾਇਤ ਐਡੀਸ਼ਨਲ ਚੀਫ ਸਕੱਤਰ ਅਤੇ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਨੂੰ ਕੀਤੀ ਹੈ।
 ਕੀ ਲਿਖਿਆ ਹੈ ਸ਼ਿਕਾਇਤ ਵਿਚ 
ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਨੇ ਐਡੀਸ਼ਨਲ ਚੀਫ ਸਕੱਤਰ ਅਤੇ ਏ. ਡੀ .ਜੀ. ਪੀ. ਲਾਅ ਐਂਡ ਆਰਡਰ ਨੂੰ ਭੇਜੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਇਹ ਸ਼ਿਕਾਇਤ ਇਕ ਅਫਸਰ ਦੀ ਹਵਾ ਵਿਚ ਫਾਇਰ ਕਰਦੇ ਹੋਏ ਦੀ ਫੇਸਬੁੱਕ ’ਤੇ ਅਪਲੋਡ ਕੀਤੀ ਫੋਟੋ ਸੰਬੰਧੀ ਹੈ। ਇਸ ਫੋਟੋ ਵਿਚ ਅਫਸਰ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਦੇ ਅੱਗੇ ਖੜ੍ਹਾ ਹੈ, ਜਿਸ ’ਤੇ ਨੀਲੀ ਬੱਤੀ ਵੀ ਲੱਗੀ ਹੋਈ ਹੈ। ਜੇਕਰ ਇਹ ਵਿਅਕਤੀ ਸਰਕਾਰੀ ਅਫਸਰ ਨਹੀਂ ਹੈ ਤਾਂ ਇਸ ਦਾ ਆਪਣੇ ਆਪ ਨੂੰ ਬਤੌਰ ਸਰਕਾਰੀ ਅਫਸਰ ਦਾ ਭੁਲੇਖਾ ਪਾਉਣ ਪਿੱਛੇ ਕੀ ਕਾਰਨ ਹੈ?  ਇਸ ਕੇਸ ਦੀ ਪੂਰੀ ਪਡ਼ਤਾਲ ਕਰ ਕੇ ਕਾਰਵਾਈ ਕੀਤੀ ਜਾਵੇ ਅਤੇ ਇਹ ਵੀ ਜਾਂਚ ਕੀਤੀ ਜਾਵੇ ਕਿ ਜੋ ਰਿਵਾਲਵਰ ਇਸ ਵਿਅਕਤੀ ਕੋਲ ਹੈ, ਉਹ ਇਸ ਦਾ ਆਪਣਾ ਲਾਇਸੈਂਸੀ ਰਿਵਾਰਲਰ ਹੈ ਜਾਂ ਇਹ ਕਿਸੇ ਹੋਰ ਵਿਅਕਤੀ ਦਾ ਹੈ।
ਕੀ ਕਹਿੰਦੇ ਹਨ ਕਾਨੂੰਨੀ ਮਾਹਰ 
ਇਸ ਸੰਬੰਧੀ ਕਾਨੂੰਨੀ ਮਾਹਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਜੇਕਰ ਫੋਟੋ ਵਿਚ ਕਾਰ ਕਿਸੇ ਸਰਕਾਰੀ ਅਫਸਰ ਦੀ ਨਹੀਂ ਹੈ ਤਾਂ ਨੀਲੀ ਬੱਤੀ ਲਾਉਣ ਸੰਬੰਧੀ ਧੋਖਾਦੇਹੀ ਦਾ ਕੇਸ ਬਣਦਾ ਹੈ ਅਤੇ ਜੋ ਰਿਵਾਲਵਰ ਫੋਟੋ ਵਿਚ ਹੈ, ਜੇਕਰ ਉਹ ਉਕਤ ਵਿਅਕਤੀ ਦੀ ਨਹੀ ਹੈ ਤਾਂ ਇਸ ਵਿਰੁੱਧ  ਆਰਮਜ਼ ਐਕਟ ਦਾ ਕੇਸ ਬਣਦਾ ਹੈ।
ਕੀ ਕਹਿੰਦੇ ਹਨ ਜ਼ਿਲਾ ਪੁਲਸ ਮੁਖੀ 
 ਇਸ ਸੰਬੰਧੀ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨੇ ਕਿਹਾ ਉਨ੍ਹਾਂ ਕੋਲ ਸ਼ਿਕਾਇਤ ਪੁੱਜ ਗਈ ਹੈ ਅਤੇ  ਡੀ. ਐੱਸ. ਪੀ. ਰਾਜੇਸ਼ ਛਿੱਬਰ ਦੀ ਇਸ ਸੰਬੰਧੀ ਜਾਂਚ ਦੀ ਡਿਊਟੀ ਲਾਈ ਗਈ ਹੈ। ਡੀ. ਐੱਸ. ਪੀ. ਰਾਜੇਸ਼ ਛਿੱਬਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਮੈਂ ਦੋਵਾਂ ਪਾਰਟੀਆਂ ਨੂੰ ਬੁਲਾ ਲਿਆ ਹੈ ਅਤੇ ਕੇਸ ਦੀ ਤਫਤੀਸ਼ ਚੱਲ ਰਹੀ ਹੈ।


Related News