ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਕਰ ਰਹੀ ਹੈ ਸਿੱਖ ਹਿਤੈਸ਼ੀ ਹੋਣ ਦਾ ਢੋਂਗ : ਚੁੱਘ
Wednesday, Sep 18, 2024 - 10:42 PM (IST)
ਚੰਡੀਗੜ੍ਹ/ਜਲੰਧਰ, (ਹਰੀਸ਼ ਚੰਦਰ, ਵਿਸ਼ੇਸ਼)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕਾਂਗਰਸ ਸਿੱਖਾਂ ਨਾਲ ਕੀਤੇ ਗਏ ਆਪਣੇ ਘਿਨੌਣੇ ਗੁਨਾਹਾਂ ਨੂੰ ਲੁਕਾਉਣ ਲਈ ਕਰ ਰਹੀ ਹੈ।
ਉਨ੍ਹਾਂ ਨੇ ਪੰਜਾਬ ਕਾਂਗਰਸ ਨੂੰ ਸਵਾਲ ਕੀਤਾ ਕਿ ਕੀ ਇਹ ਸੱਚ ਨਹੀਂ ਹੈ ਕਿ ਰਾਹੁਲ ਗਾਂਧੀ ਦੇ ਵਿਦੇਸ਼ਾਂ ’ਚ ਦਿੱਤੇ ਗਏ ਸਿੱਖਾਂ ਪ੍ਰਤੀ ਬਿਆਨ ਦੀ ਦੁਰਵਰਤੋਂ ਕੁਝ ਸਾਜ਼ਿਸ਼ੀ ਅਨਸਰ ਭਾਰਤ ਵਿਰੋਧੀ ਪ੍ਰਚਾਰ ਕਰਨ ਲਈ ਕਰ ਰਹੇ ਹਨ, ਜਿਨ੍ਹਾਂ ਦਾ ਸਾਥ ਪੰਜਾਬ ਦੇ ਆਗੂ ਦੇ ਰਹੇ ਹਨ। ਇਸ ਘਿਨੌਣੇ ਕੰਮ ’ਤੇ ਪੂਰੀ ਕਾਂਗਰਸ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਬਜਾਏ ਸਿਆਸੀ ਲਾਹਾ ਲੈ ਰਹੀ ਹੈ। ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਸਿੱਖ ਹਿਤੈਸ਼ੀ ਹੋਣ ਦਾ ਢੋਂਗ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ 1984 ਹੋਵੇ ਜਾਂ 2024, ਕਾਂਗਰਸ ਤੇ ਗਾਂਧੀ ਪਰਿਵਾਰ ਨੇ ਹਮੇਸ਼ਾ ਹੀ ਸਿੱਖ ਕੌਮ ਸਮੇਤ ਪੂਰੇ ਦੇਸ਼ ਨੂੰ ਆਪਸ ’ਚ ਲੜਾਉਣ ਦਾ ਕੰਮ ਕੀਤਾ ਹੈ। 1984 ਦੇ ਸਿੱਖ ਵਿਰੋਧੀ ਕਤਲੇਆਮ ’ਚ ਸਿੱਖਾਂ ਦੀ ਹੱਤਿਆ ਕਰਨ ਵਾਲੀ ਭੀੜ ਦੀ ਅਗਵਾਈ ਕਾਂਗਰਸ ਦੇ ਹੀ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐੱਚ. ਕੇ. ਐੱਲ. ਭਗਤ ਅਤੇ ਕਮਲਨਾਥ ਵਰਗੇ ਆਗੂਆਂ ਨੇ ਕੀਤੀ ਸੀ। ਗੁਰਦੁਆਰੇ ਸਾੜੇ ਗਏ, ਦਿੱਲੀ ਤੇ ਦੇਸ਼ ਦੇ ਦੋ ਦਰਜਨ ਤੋਂ ਵੱਧ ਹੋਰ ਸ਼ਹਿਰਾਂ ’ਚ ਹਫੜਾ-ਦਫੜੀ ਮਚ ਗਈ, ਮੌਤ ਦਾ ਤਾਂਡਵ ਕੀਤਾ ਗਿਆ। ਇਨ੍ਹਾਂ ਹੱਤਿਆਵਾਂ ’ਚ ਸ਼ਾਮਲ ਕਾਂਗਰਸੀ ਆਗੂਆਂ ਦੀ ਕਾਂਗਰਸ ਨੇ ਹਮੇਸ਼ਾ ਵਡਿਆਈ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ’ਚ ਸਿਰਫ਼ ਕਾਂਗਰਸ ਦੇ ਹੀ ਸ਼ਾਸਨਕਾਲ ’ਚ ਇਕ ਅਜਿਹਾ ਕਾਲਾ ਅਧਿਆਇ ਆਇਆ ਸੀ, ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਸ ਸਮੇਂ ਸ਼ਾਇਦ ਰਾਹੁਲ ਗਾਂਧੀ ਛੋਟੇ ਸਨ, ਉਨ੍ਹਾਂ ਨੂੰ ਯਾਦ ਨਹੀਂ ਹੋਵੇਗਾ ਪਰ ਉਸ ਸਮੇਂ ਉਨ੍ਹਾਂ ਦੇ ਪਿਤਾ ਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹਜ਼ਾਰਾਂ ਸਿੱਖਾਂ ਦੀ ਹੱਤਿਆ ਤੇ ਕਤਲੇਆਮ ਨੂੰ ਸਿਰਫ਼ ਇਕ ਦਰੱਖਤ ਦੇ ਡਿੱਗਣ ਵਾਂਗ ਦੱਸਿਆ ਸੀ, ਅੱਜ ਤੱਕ ਨਾ ਤਾਂ ਕਾਂਗਰਸ ਤੇ ਨਾ ਹੀ ਗਾਂਧੀ ਪਰਿਵਾਰ ਨੇ ਇਸ ਅਪਰਾਧ ਲਈ ਮੁਆਫ਼ੀ ਮੰਗੀ ਹੈ।
ਮੋਦੀ ਨੇ ਦਿਵਾਇਆ ਸਿੱਖ ਸਮਾਜ ਨੂੰ ਇਨਸਾਫ਼
ਚੁੱਘ ਨੇ ਕਿਹਾ ਕਿ ਇਹ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਦੇਣ ਹੈ ਕਿ ਸਿੱਖ ਸਮਾਜ ਨੂੰ ਇਨਸਾਫ਼ ਦਿਵਾਉਣ ਤੇ 1984 ਦੇ ਦੰਗਿਆਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ, ਸਿੱਖ ਦੰਗਿਆਂ ਨਾਲ ਸਬੰਧਤ 300 ਫਾਈਲਾਂ ਨੂੰ ਮੁੜ ਖੋਲ੍ਹਿਆ ਗਿਆ ਅਤੇ ਮੁਲਜ਼ਮਾਂ ਨੂੰ ਸਜ਼ਾ ਹੋਈ। ਕੇਂਦਰ ਸਰਕਾਰ ਪੂਰੀ ਤਰ੍ਹਾਂ ਸਿੱਖਾਂ ਦੇ ਹਿੱਤਾਂ ’ਚ ਕੰਮ ਕਰਨ ’ਚ ਲੱਗੀ ਹੋਈ ਹੈ ਚਾਹੇ ਉਹ 84 ਦੇ ਦੰਗਾ ਪੀੜਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣੀ ਹੋਵੇ, ਨਾਗਰਿਕਤਾ ਸੋਧ ਕਾਨੂੰਨ ਜ਼ਰੀਏ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀ ਸਿੱਖ ਭੈਣਾਂ-ਭਰਾਵਾਂ ਨੂੰ ਨਾਗਰਿਕਤਾ ਦੇਣੀ ਹੋਵੇ ਜਾਂ ਫਿਰ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਉਣਾ ਹੋਵੇ।
ਕਾਂਗਰਸੀ ਵਿਧਵਾ ਬਸਤੀਆਂ ’ਚ ਜਾ ਕੇ ਜਾਣਨ ਮਾਵਾਂ-ਭੈਣਾਂ ਦਾ ਦਰਦ
ਚੁੱਘ ਨੇ ਵਿਧਾਨ ਸਭਾ ’ਚ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਦਿੱਲੀ ਦੀਆਂ ਵਿਧਵਾ ਬਸਤੀਆਂ ’ਚ ਜਾ ਕੇ ਇਕ ਵਾਰ ਉਨ੍ਹਾਂ ਪੀੜਤ ਮਾਵਾਂ-ਭੈਣਾਂ ਤੋਂ ਪੁੱਛਣ ਕਿ ਉਨ੍ਹਾਂ ਦੀ ਇਸ ਹਾਲਤ ਲਈ ਕੌਣ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੇ ਕਾਰਨਾਮੇ ਲੁਕਾਉਣ ਦੀ ਬਜਾਏ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਜਵਾਬ ਦੇਣਾ ਚਾਹੀਦਾ ਹੈ ਕਿ ਕਿਸ ਦੇ ਇਸ਼ਾਰੇ ’ਤੇ ਰਾਹੁਲ ਗਾਂਧੀ ਦੇਸ਼ ਦੀ ਸਮਾਜਿਕ ਸਦਭਾਵਨਾ ਨੂੰ ਤਾਰ-ਤਾਰ ਕਰਨ ਵਾਲੇ ਬਿਆਨ ਦੇਸ਼-ਵਿਦੇਸ਼ ’ਚ ਦੇ ਰਹੇ ਹਨ।