ਕਾਰ ਦੀ ਟੱਕਰ ’ਚ ਬਾਈਕ ਸਵਾਰ ਦੀ ਮੌਤ, ਪਰਿਵਾਰ ਨੂੰ 23.31 ਲੱਖ ਦਾ ਮੁਆਵਜ਼ਾ

Tuesday, Sep 17, 2024 - 02:01 PM (IST)

ਕਾਰ ਦੀ ਟੱਕਰ ’ਚ ਬਾਈਕ ਸਵਾਰ ਦੀ ਮੌਤ, ਪਰਿਵਾਰ ਨੂੰ 23.31 ਲੱਖ ਦਾ ਮੁਆਵਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਮੋਟਰ ਵ੍ਹੀਕਲ ਐਕਸੀਡੈਂਟਲ ਟ੍ਰਿਬਿਊਨਲ ਨੇ ਕਰੀਬ ਸਾਢੇ ਚਾਰ ਸਾਲ ਪਹਿਲਾਂ ਕਾਰ ਦੀ ਟੱਕਰ ਕਾਰਨ ਬਾਈਕ ਸਵਾਰ ਦੀ ਮੌਤ ਦੇ ਮਾਮਲੇ ’ਚ ਪੀੜਤ ਪਰਿਵਾਰ ਨੂੰ 23 ਲੱਖ 31 ਹਜ਼ਾਰ 900 ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਇਹ ਰਕਮ ਜਿਸ ਵਾਹਨ ਨਾਲ ਹਾਦਸਾ ਹੋਇਆ ਹੈ, ਉਸ ਦੀ ਬੀਮਾ ਕੰਪਨੀ ਨੂੰ ਦੇਣੀ ਪਵੇਗੀ। ਮੁਆਵਜ਼ੇ ’ਚੋਂ 15 ਲੱਖ 31 ਹਜ਼ਾਰ 900 ਰੁਪਏ ਮ੍ਰਿਤਕ ਦੀ ਪਤਨੀ, 5 ਲੱਖ ਰੁਪਏ ਮਾਂ ਤੇ 3 ਲੱਖ ਰੁਪਏ ਪਿਤਾ ਨੂੰ ਦਿੱਤੇ ਜਾਣਗੇ। ਹਾਦਸਾ ਦਸੰਬਰ 2020 ’ਚ ਉਸ ਸਮੇਂ ਵਾਪਰਿਆ, ਜਦੋਂ ਸਬਮਰਸੀਬਲ ਪੰਪ ਆਪਰੇਟਰ ਵਜੋਂ ਕੰਮ ਕਰਨ ਵਾਲਾ ਇਸਮਾਈਲ ਖ਼ਾਨ ਬਾਈਕ ’ਤੇ ਮੋਹਾਲੀ ਤੋਂ ਪਿੰਡ ਮਨੌਲੀ ਜਾ ਰਿਹਾ ਸੀ।

ਇਸ ਦੌਰਾਨ ਦਿੱਲੀ ਨੰਬਰ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਪੀ. ਜੀ. ਆਈ. ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਮੁਲਜ਼ਮ ਕਾਰ ਚਾਲਕ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ 75 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ। ਪਟੀਸ਼ਨ ਕਰਤਾਵਾਂ ਵੱਲੋਂ ਕਿਹਾ ਗਿਆ ਸੀ ਕਿ ਮ੍ਰਿਤਕ ਦੇ ਮੋਢਿਆਂ ’ਤੇ ਪਰਿਵਾਰ ਦੀ ਜ਼ਿੰਮੇਵਾਰੀ ਸੀ। ਦੁਰਘਟਨਾ ਸਮੇਂ ਉਹ 34 ਸਾਲਾਂ ਦਾ ਸੀ। ਇਸ ਲਈ ਉਨ੍ਹਾਂ ਨੂੰ ਵਿਆਜ ਸਮੇਤ 75 ਲੱਖ ਰੁਪਏ ਦਿੱਤੇ ਜਾਣ। ਕਾਰ ਚਾਲਕ ਤੇ ਵਾਹਨ ਮਾਲਕ ਵੱਲੋਂ ਲਿਖ਼ਤੀ ਜਵਾਬ ’ਚ ਕਿਹਾ ਕਿ ਹਾਦਸੇ ’ਚ ਅਜਿਹਾ ਕੁੱਝ ਨਹੀਂ ਸੀ ਜਿਵੇਂ ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ। ਜਿਸ ਵਾਹਨ ਨਾਲ ਹਾਦਸਾ ਹੋਇਆ, ਉਸ ਦਾ ਬੀਮਾ ਕਰਵਾਇਆ ਗਿਆ ਹੈ। ਇਸ ’ਤੇ ਬੀਮਾ ਕੰਪਨੀ ਤਰਫੋਂ ਕਿਹਾ ਗਿਆ ਕਿ ਹਾਦਸਾ ਲਾਪਰਵਾਹੀ ਤੇ ਸ਼ਰਾਬ ਦੇ ਨਸ਼ੇ ’ਚ ਗਲਤ ਦਿਸ਼ਾ ਵਿਚ ਵਾਹਨ ਚਲਾਉਣ ਕਾਰਨ ਵਾਪਰਿਆ ਹੈ। ਹਾਦਸੇ ਸਮੇਂ ਨੌਜਵਾਨ ਨੇ ਹੈਲਮੇਟ ਵੀ ਨਹੀਂ ਪਾਇਆ ਸੀ।
ਇਹ ਸੀ ਮਾਮਲਾ
ਪਤਨੀ ਰਵੀਨਾ (30), ਮਾਂ ਮੁਖਤਿਆਰੀ (68) ਅਤੇ ਪਿਤਾ ਪ੍ਰੇਮ ਖਾਨ ਵੱਲੋਂ ਦੱਸਿਆ ਗਿਆ ਸੀ ਕਿ 31 ਦਸੰਬਰ 2020 ਨੂੰ ਇਸਮਾਈਲ ਖਾਨ ਬਾਈਕ ’ਤੇ ਮੋਹਾਲੀ ਤੋਂ ਮਨੌਲੀ ਪਿੰਡ ਜਾ ਰਿਹਾ ਸੀ। ਪਿੱਛੇ ਵਕੀਲ ਮੁਹੰਮਦ ਦੂਜੇ ਮੋਟਰਸਾਈਕਲ ’ਤੇ ਆ ਰਿਹਾ ਸੀ। ਉਹ ਵੇਸਟ ਵਾਟਰ ਡ੍ਰੇਨੇਜ਼ ਤੋਂ ਕੁਝ ਦੂਰ ਹੀ ਸਨ ਕਿ ਦਿੱਲੀ ਨੰਬਰ ਦੀ ਕਾਰ ’ਚ ਸਵਾਰ ਮੁਲਜ਼ਮ ਨੇ ਤੇਜ਼ ਰਫ਼ਤਾਰ ’ਚ ਵਕੀਲ ਮੁਹੰਮਦ ਦੇ ਮੋਟਰਸਾਈਕਲ ਨੂੰ ਓਵਰਟੇਕ ਕਰਦਿਆਂ ਇਸਮਾਈਲ ਖਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਤੁਰੰਤ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ। ਪੀ. ਜੀ. ਆਈ. ’ਚ 2 ਜਨਵਰੀ 2021 ਨੂੰ ਉਸ ਦੀ ਮੌਤ ਹੋ ਗਈ।


author

Babita

Content Editor

Related News