ਅਸਤੀਫ਼ਾ ਨਹੀਂ ਆਇਆ ਫਿਰ ਵੀ ਮਾਮਲਾ ਗਰਮਾਇਆ! ਇਨ੍ਹਾਂ ਗੱਲਾਂ ਤੋਂ ਨਾਰਾਜ਼ ਨੇ ਜਾਖੜ

Saturday, Sep 28, 2024 - 12:04 PM (IST)

ਅਸਤੀਫ਼ਾ ਨਹੀਂ ਆਇਆ ਫਿਰ ਵੀ ਮਾਮਲਾ ਗਰਮਾਇਆ! ਇਨ੍ਹਾਂ ਗੱਲਾਂ ਤੋਂ ਨਾਰਾਜ਼ ਨੇ ਜਾਖੜ

ਚੰਡੀਗੜ੍ਹ (ਅੰਕੁਰ): ਪੂਰਾ ਦਿਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਸਤੀਫ਼ਾ ਦੇਣ ਦੀ ਚਰਚਾ ਚੱਲਦੀ ਰਹੀ। ਹਾਲਾਂਕਿ ਇਸ ਸਬੰਧੀ ਉਨ੍ਹਾਂ ਵੱਲੋਂ ਖ਼ੁਦ ਕੋਈ ਸਪੱਸ਼ਟੀਕਰਨ ਨਹੀਂ ਆਇਆ ਪਰ ਉਨ੍ਹਾਂ ਦੇ ਸਕੱਤਰ ਨੇ ਇਸ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਜਾਖੜ ਨੇ ਅਸਤੀਫ਼ਾ ਨਹੀਂ ਦਿੱਤਾ। ਮੀਡੀਆ ’ਚ ਅਸਤੀਫ਼ੇ ਦੀ ਖ਼ਬਰ ਛਿੜਦਿਆਂ ਹੀ ਸਿਆਸਤ ਗਰਮਾ ਗਈ। ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਰਵਨੀਤ ਬਿੱਟੂ ਨੂੰ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਕੇਂਦਰ ’ਚ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਹਨ। ਜਾਖੜ ਨੂੰ ਰਾਜ ਸਭਾ ਭੇਜਣ ਦੀ ਉਮੀਦ ਸੀ ਪਰ ਉਨ੍ਹਾਂ ਦੀ ਥਾਂ ਬਿੱਟੂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੇ ਹੱਕ ’ਚ ਸਨ ਪਰ ਭਾਜਪਾ ਨੇ ਉਨ੍ਹਾਂ ਦੀ ਸਲਾਹ ਨੂੰ ਦਰਕਿਨਾਰ ਕਰਦਿਆਂ ਇਕੱਲਿਆਂ ਹੀ ਚੋਣਾਂ ਲੜੀਆਂ।

ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ

ਚੰਨੀ ਨੂੰ CM ਬਣਾਏ ਜਾਣ ਤੋਂ ਨਾਰਾਜ਼ ਹੋ ਕੇ ਕਾਂਗਰਸ ਛੱਡੀ, ਭਾਜਪਾ ਨੇ ਬਣਾਇਆ ਪ੍ਰਧਾਨ

ਮਈ 2022 'ਚ ਸੁਨੀਲ ਜਾਖੜ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਕਾਂਗਰਸ ਤੋਂ ਨਾਰਾਜ਼ ਸਨ ਕਿਉਂਕਿ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਸਤੰਬਰ, 2021 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਉਹ ਅਗਲੇ ਮੁੱਖ ਮੰਤਰੀ ਹੋਣਗੇ। ਹਾਲਾਂਕਿ ਅੰਬਿਕਾ ਸੋਨੀ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਸੀ ਕਿ ਗ਼ੈਰ-ਸਿੱਖ ਪੰਜਾਬ ’ਚ ਮੁੱਖ ਮੰਤਰੀ ਨਹੀਂ ਹੋ ਸਕਦਾ। ਬਾਅਦ ’ਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ। ਸੁਨੀਲ ਜਾਖੜ 19 ਮਈ, 2022 ਨੂੰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਲਗਭਗ 14 ਮਹੀਨਿਆਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ 4 ਜੁਲਾਈ, 2023 ਨੂੰ ਅਸ਼ਵਨੀ ਸ਼ਰਮਾ ਦੀ ਥਾਂ ’ਤੇ ਉਨ੍ਹਾਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ। ਭਾਜਪਾ ਦੇ ਕਈ ਸੀਨੀਅਰ ਆਗੂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਖ਼ੁਸ਼ ਨਹੀਂ ਸਨ ਕਿਉਂਕਿ ਉਹ ਪਾਰਟੀ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ। ਤਿੰਨ ਵਾਰ ਵਿਧਾਇਕ ਰਹੇ ਜਾਖੜ ਗੁਰਦਾਸਪੁਰ ਤੋਂ ਇਕ ਵਾਰ ਲੋਕ ਸਭਾ ਮੈਂਬਰ ਵੀ ਚੁਣੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਪਿੰਡਾਂ 'ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲੋਕਾਂ ਨੇ ਜਤਾਇਆ ਰੋਸ (ਵੀਡੀਓ)

ਭਾਜਪਾ ਦੇ ਕਿਸੇ ਵੀ ਪ੍ਰੋਗਰਾਮ ’ਚ ਨਹੀਂ ਕਰ ਰਹੇ ਸ਼ਿਰਕਤ

ਸੁਨੀਲ ਜਾਖੜ ਨੇ 10 ਜੁਲਾਈ ਤੋਂ ਬਾਅਦ ਭਾਜਪਾ ਦੀ ਸੂਬਾ ਇਕਾਈ ਦੀ ਕਿਸੇ ਵੀ ਮੀਟਿੰਗ ’ਚ ਸ਼ਿਰਕਤ ਨਹੀਂ ਕੀਤੀ। ਉਨ੍ਹਾਂ ਨੇ ਸੂਬਾਈ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ 'ਚ ਵੀ ਹਿੱਸਾ ਨਹੀਂ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਲਾਏ ਖ਼ੂਨਦਾਨ ਕੈਂਪ ’ਚ ਵੀ ਉਹ ਨਜ਼ਰ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਦੇ ਕੁਝ ਨੇਤਾਵਾਂ ਤੋਂ ਨਾਰਾਜ਼ ਹਨ। ਉਹ ਪੰਚਾਇਤੀ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਤੇ ਅੰਤਿਮ ਰੂਪ ਦੇਣ ਲਈ ਅ ਸੂਬਾ ਭਾਜਪਾ ਦੀ ਅਹਿਮ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋਏ। ਸੂਤਰਾਂ ਮੁਤਾਬਕ ਸੂਬਾ ਇਕਾਈ ਦੇ ਕਈ ਸੀਨੀਅਰ ਨੇਤਾਵਾਂ ਨੇ ਜਾਖੜ ਨੂੰ ਫੋਨ 'ਤੇ ਫੋਨ ਕੀਤੇ ਤੇ ਉਨ੍ਹਾਂ ਨੂੰ ਇਹ ਪੁੱਛਿਆ ਕਿ ਉਹ ਭਾਜਪਾ ਦੀਆਂ ਮੀਟਿੰਗਾਂ ’ਚ ਸ਼ਾਮਲ ਕਿਉਂ ਨਹੀਂ ਹੋ ਰਹੇ? ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਜਾਖੜ ਨਾਲ ਫੋਨ ’ਤੇ ਗੱਲ ਵੀ ਕੀਤੀ, ਜਿਸ ਤੋਂ ਬਾਅਦ ਜਾਖੜ ਨੇ ਕਿਹਾ ਕਿ ਉਹ ਅੱਜ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋ ਰਹੇ ਹਨ ਤੇ ਭਵਿੱਖ ’ਚ ਵੀ ਸੂਬਾ ਪ੍ਰਧਾਨ ਵਜੋਂ ਕਿਸੇ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਸਮੇਤ ਪਾਰਟੀ ਹਾਈਕਮਾਂਡ ਨੂੰ ਸੂਚਿਤ ਕੀਤਾ ਸੀ ਕਿ ਉਹ ਸੂਬਾ ਪ੍ਰਧਾਨ ਬਣੇ ਰਹਿਣਾ ਨਹੀਂ ਚਾਹੁੰਦੇ ਪਰ ਦੋਵੇਂ ਵੱਡੇ ਨੇਤਾਵਾਂ ਨੇ ਕਿਹਾ ਕਿ ਪਾਰਟੀ ਤੁਹਾਡੇ ਕੰਮ ਤੋਂ ਖ਼ੁਸ਼ ਹੈ, ਤੁਸੀਂ ਪਾਰਟੀ ਲਈ ਕੰਮ ਕਰਦੇ ਰਹੋ। ਇਸ ਸਾਲ ਲੋਕ ਸਭਾ ਚੋਣਾਂ ’ਚ ਭਾਜਪਾ ਕੋਈ ਵੀ ਸੀਟ ਨਹੀਂ ਜਿੱਤ ਸਕੀ ਤੇ ਜਲੰਧਰ ਜ਼ਿਮਨੀ ਚੋਣ ਵੀ ਹਾਰ ਗਈ ਸੀ।

ਇਹ ਖ਼ਬਰ ਵੀ ਪੜ੍ਹੋ - CM ਮਾਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ, Fortis ਹਸਪਤਾਲ ਨੇ ਸਾਂਝੀ ਕੀਤੀ ਜਾਣਕਾਰੀ

ਸੋਸ਼ਲ ਮੀਡੀਆ ’ਤੇ ਇਕ ਦੂਜੇ ਨੂੰ ਹੋਏ ਮਿਹਣੋ-ਮਿਹਣੀ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਖੜ ਦੇ ਅਸਤੀਫ਼ੇ ’ਤੇ ਚੁਟਕੀ ਲੈਂਦਿਆਂ ਐਕਸ ਅਕਾਊਂਟ ’ਤੇ ਪੁੱਛਿਆ ਕਿ ਉਹ ਅੱਗੇ ਕਿੱਥੇ ਜਾ ਰਹੇ ਹਨ? ਭਾਜਪਾ ਨੇ ਸੋਸ਼ਲ ਮੀਡੀਆ ਐਕਸ ਤੇ ਰਾਜਾ ਵੜਿੰਗ ਨੂੰ ਟੈਗ ਕਰਦਿਆਂ ਲਿਖਿਆ ਕਿ ‘ਜਿੱਥੇ ਗਈਆਂ ਬੇੜੀਆਂ...ਉੱਥੇ ਗਏ ਮਲਾਹ। ਜਿਹੜਾ ਨੰਬਰ ਤੁਹਾਡੇ ਕੋਲ ਐ, ਉਹ ਕਾਂਗਰਸ ਦਾ ਨੰਬਰ ਤਾਂ ਪ੍ਰਧਾਨ ਜੀ ਨੇ ਕਦੋਂ ਦਾ ਬੰਦ ਕਰ ਦਿੱਤਾ ਪਰ ਜੇ ਕੋਈ ਕਾਂਗਰਸੀ ਸੰਪਰਕ ਕਰਨਾ ਚਾਹੁੰਦਾ ਤਾਂ 80-80-80-2024 ਇਸ ਨੰਬਰ ਉੱਤੇ ਕਰ ਲਵੇ, ਬਾਕੀ ਜੇ ਤੁਹਾਡੇ ਪ੍ਰਧਾਨ ਜੀ ਰਾਜਾ ਵੜਿੰਗ ਦਾ ਵੀ ਦਿਲ ਕਰਦਾ ਭਾਜਪਾ ’ਚ ਸ਼ਾਮਲ ਹੋਣ ਦਾ ਤਾਂ ਦੱਸ ਦਿਓ...ਸਾਡੇ ਪ੍ਰਧਾਨ ਜੀ ਵਿਚਾਰ ਕਰ ਲੈਣਗੇ।’

PunjabKesari

ਭਾਜਪਾ ਨੇ ਕਾਂਗਰਸ ’ਤੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਲਿਖਿਆ, ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ। ਖ਼ਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜ਼ੋਰਾਂ ’ਤੇ ਹਨ...ਹੋਰ ਪਤਾ ਲੱਗੇ ਸਾਡੇ ਚੱਕਰ ’ਚ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ।’

PunjabKesari

ਕਾਂਗਰਸ ਨੇ ਤੰਜ ਕਸਦਿਆਂ ਲਿਖਿਆ, ‘ਬੋਲੇ ਤਾਂ ਬੋਲੇ…ਉਹ ਬੋਲੇ ਜਿਹਦੇ ਅਸੀਂ ਭੇਤ ਖੋਲ੍ਹੇ, ਤੁਹਾਡੇ ਪ੍ਰਧਾਨ ਜੀ ਇਹ ਗੱਲ ਆਪ ਵੀ ਦੱਸ ਸਕਦੇ ਸਨ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਜਾਂ ਸਭ ਕੁਝ ਠੀਕ ਹੈ ਪਰ ਨਹੀਂ, ਉਹ ਤਾਂ ਫੋਨ ਬੰਦ ਕਰ ਕੇ ਅਲੋਪ ਹੋ ਗਏ ਹਨ।’

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News