ਭਾਰਤ–ਕੈਨੇਡਾ ਰਿਸ਼ਤਿਆਂ ’ਚ ਨਵੀਂ ਸਵੇਰ : ਸੀ. ਈ. ਪੀ. ਏ. ਗੱਲਬਾਤ ਮੁੜ ਸ਼ੁਰੂ ਹੋਣ ਦਾ ਸਵਾਗਤ
Wednesday, Nov 26, 2025 - 09:31 AM (IST)
ਇਕ ਮਹੱਤਵਪੂਰਨ ਅਗਾਂਹ-ਵਧੂ ਕਦਮ ਤਹਿਤ ਭਾਰਤ ਅਤੇ ਕੈਨੇਡਾ ਨੇ ਕੰਪ੍ਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਐਗਰੀਮੈਂਟ (ਸੀ. ਈ. ਪੀ. ਏ.) ’ਤੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟਾਈ ਹੈ—ਇਹ ਇਕ ਸੰਕੇਤ ਹੈ ਕਿ ਦੋਵੇਂ ਦੇਸ਼ ਭੂਤਕਾਲ ਪਿੱਛੇ ਛੱਡ ਕੇ ਸਾਂਝੇ ਅਤੇ ਦਿਲੇਰੀ ਭਰੇ ਆਰਥਿਕ ਭਵਿੱਖ ਵੱਲ ਵਧਣ ਲਈ ਤਿਆਰ ਹਨ। ਇਹ ਵਚਨਬੱਧਤਾ ਦੱਖਣੀ ਅਫਰੀਕਾ ’ਚ ਜੀ-20 ਸਿਖਰ ਸੰਮੇਲਨ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਵੱਲੀ ਮੁਲਾਕਾਤ ਦੌਰਾਨ ਦੁਹਰਾਈ ਗਈ। ਉਨ੍ਹਾਂ ਦੀ ਇਹ ਮੁਲਾਕਾਤ ਕੇਵਲ ਰਾਜਨੀਤਕ ਨੇੜਤਾ ਦੀ ਬਹਾਲੀ ਨਹੀਂ, ਸਗੋਂ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਇਕ ਅਸਲ ਬਦਲਾਅ ਹੈ—ਜੋ ਰਾਜਨੀਤਕ ਹਿੰਮਤ, ਦੂਰਦਰਸ਼ਤਾ ਅਤੇ ਲੋਕਾਂ ਦੇ ਹਿਤ ਲਈ ਠੋਸ ਨਤੀਜੇ ਦੇਣ ਦੇ ਸਾਂਝੇ ਇਰਾਦੇ ਨਾਲ ਭਰੀ ਹੋਈ ਹੈ।
ਦੂਰਦਰਸ਼ੀ ਲੀਡਰਸ਼ਿਪ : ਕਾਰਨੀ ਅਤੇ ਮੋਦੀ
ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਨਾਲ ਨਵੀਨ ਭਾਈਵਾਲੀ ਨੇ ਕੈਨੇਡਾ ਦੀ ਵਿਸ਼ਵ ਆਰਥਿਕ ਦ੍ਰਿਸ਼ਟੀ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਲੀਡਰਸ਼ਿਪ ਹੇਠ ਓਟਾਵਾ ਨੇ ਵਪਾਰ ਗੱਲਬਾਤ ਦੀ ਇਸ ਮੁੜ ਸ਼ੁਰੂਆਤ ਨੂੰ ਸਿਰਫ ਲੈਣ-ਦੇਣ ਨਹੀਂ, ਸਗੋਂ ਬਦਲਾਅਕਾਰੀ ਨਜ਼ਰੀਏ ਨਾਲ ਅੱਗੇ ਵਧਾਇਆ ਹੈ। ਪਿਛਲੇ ਤਣਾਅ ਦੇ ਬਾਵਜੂਦ ਭਰੋਸਾ ਬਹਾਲ ਕਰਨ ਦੀ ਕਾਰਨੀ ਦੀ ਇੱਛਾ ਲੀਡਰਸ਼ਿਪ ਦੀ ਇਕ ਅਨੋਖੀ ਉਦਾਹਰਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜਨੀਤਕ ਪਕੜ ਦਾ ਪ੍ਰਦਰਸ਼ਨ ਕੀਤਾ ਹੈ। ਤਣਾਅ ਭਰੇ ਦੌਰ ਤੋਂ ਬਾਅਦ ਵੀ ਡੂੰਘੇ ਅਤੇ ਇੱਛੁਕ ਤਰੀਕੇ ਨਾਲ ਜੁੜਨ ਦੀ ਉਨ੍ਹਾਂ ਦੀ ਤਿਆਰੀ ਦੱਸਦੀ ਹੈ ਕਿ ਕੈਨੇਡਾ ਭਾਰਤ ਦੀ ਆਰਥਿਕ ਯਾਤਰਾ ਦਾ ਇਕ ਅਹਿਮ ਹਿੱਸੇਦਾਰ ਹੈ। ਇਕੱਠੇ ਮਿਲ ਕੇ ਦੋਵਾਂ ਨੇ 2030 ਤੱਕ 50 ਬਿਲੀਅਨ ਅਮਰੀਕੀ ਡਾਲਰ ਦੇ ਦੁਵੱਲੇ ਵਪਾਰ ਦਾ ਟੀਚਾ ਰੱਖਿਆ ਹੈ—ਇਕ ਵੱਡੀ ਇੱਛਾ ਵਾਲਾ ਟੀਚਾ, ਜੋ ਪੂਰਾ ਹੋਣ ’ਤੇ ਮੌਜੂਦਾ ਵਪਾਰ ਦੀ ਮਾਤਰਾ ਨੂੰ ਲੱਗਭਗ ਦੁੱਗਣਾ ਕਰ ਦੇਵੇਗਾ।
ਚੁਣੌਤੀਆਂ ’ਤੇ ਪਾਰ ਪਾਉਣਾ ਸਪੱਸ਼ਟਤਾ, ਹਿੰਮਤ ਅਤੇ ਵਚਨਬੱਧਤਾ
ਇਹ ਨਵੀਂ ਰਫਤਾਰ ਆਪਣੇ ਆਪ ਨਹੀਂ ਬਣੀ। ਜਿਵੇਂ ਕਈਆਂ ਨੇ ਨੋਟ ਕੀਤਾ, ਕੁਝ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਫਿਰਕਾਪ੍ਰਸਤ ਸੰਗਠਨਾਂ ਵੱਲੋਂ ਇਸ ਸਾਂਝ ਨੂੰ ਪਟੜੀ ਤੋਂ ਉਤਾਰਨ ਦੀ ਜਾਣ-ਬੁੱਝ ਕੇ ਕੋਸ਼ਿਸ਼ ਕੀਤੀ ਗਈ। ਇਹ ਲੋਕ ਪੁਰਾਣੇ ਤਣਾਵਾਂ ਨੂੰ ਆਪਣੇ ਹਿੱਤ ਲਈ ਵਰਤਣਾ ਚਾਹੁੰਦੇ ਸਨ ਪਰ ਕਾਰਨੀ ਸਰਕਾਰ ਨੇ ਸੋਚ ਦੀ ਸਪੱਸ਼ਟਤਾ ਅਤੇ ਰਾਜਨੀਤਕ ਹਿੰਮਤ ਦਾ ਪ੍ਰਦਰਸ਼ਨ ਕੀਤਾ—ਪਿੱਛੇ ਹਟਣ ਦੀ ਬਜਾਏ, ਉਹ ਹੋਰ ਪੱਕੇ ਹੋ ਕੇ ਅੱਗੇ ਵਧੇ।
ਗੱਲਬਾਤ ਦੀ ਇਹ ਮੁੜ ਸ਼ੁਰੂਆਤ ਕੂਟਨੀਤਿਕ ਪਿਘਲਾਅ ਦੇ ਸੰਦਰਭ ’ਚ ਵੀ ਆਈ ਹੈ। ਪਹਿਲਾਂ ਦੇ ਤਣਾਅ ਖ਼ਾਸ ਕਰ ਸੁਰੱਖਿਆ ਅਤੇ ਭਰੋਸੇ ਨੂੰ ਲੈ ਕੇ 2023 ’ਚ ਵਪਾਰ ਗੱਲਬਾਤ ਦੇ ਰੁਕਣ ਦਾ ਕਾਰਨ ਬਣੇ ਸਨ। ਕਾਰਨੀ ਅਤੇ ਮੋਦੀ ਦੀ ਨਵੀਂ ਮੁਲਾਕਾਤ ਕੋਈ ਰਸਮੀ ਕਦਮ ਨਹੀਂ, ਇਹ ਭਰੋਸਾ ਮੁੜ ਬਣਾਉਣ ਅਤੇ ਆਪਸੀ ਲਾਭ ਵਾਲੀ ਭਾਗੀਦਾਰੀ ਸਿਰਜਣ ਦਾ ਬੁਨਿਆਦੀ ਫੈਸਲਾ ਹੈ।
ਇਕ ਵਿਸ਼ਾਲ ਭਾਗੀਦਾਰੀ, ਸਿਰਫ਼ ਵਪਾਰ ਤੋਂ ਪਰੇ
ਦੋਵਾਂ ਨੇਤਾਵਾਂ ਵੱਲੋਂ ਸੋਚਿਆ ਗਿਆ ਕਿ ਸੀ. ਈ. ਪੀ. ਏ. ਵਿਸ਼ਾਲ ਅਤੇ ਅਕਾਂਕਸ਼ੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ ਨਵੀਂ ਗੱਲਬਾਤ ’ਚ ਸਮਾਨ ਸੇਵਾਵਾਂ, ਨਿਵੇਸ਼, ਖੇਤੀਬਾੜੀ, ਡਿਜੀਟਲ ਵਪਾਰ, ਲੇਬਰ ਮੋਬਿਲਿਟੀ ਅਤੇ ਸਥਿਰ ਵਿਕਾਸ ਸਮੇਤ ਕਈ ਖੇਤਰ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕਾਰਨੀ ਅਤੇ ਮੋਦੀ ਨੇ ਰੱਖਿਆ, ਪੁਲਾੜ, ਸਿਵਲ, ਨਿਊਕਲੀਅਰ ਊਰਜਾ ਅਤੇ ਲੰਬੇ ਸਮੇਂ ਲਈ ਯੂਰੇਨੀਅਮ ਸਪਲਾਈ ’ਚ ਭਾਗੀਦਾਰੀ ਡੂੰਘੀ ਕਰਨ ਦਾ ਵੀ ਵਾਅਦਾ ਕੀਤਾ ਹੈ।
ਇਸ ਯਤਨ ਦੀ ਕਾਮਯਾਬੀ ’ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੀ ਭੂਮਿਕਾ ਖ਼ਾਸ ਤੌਰ ’ਤੇ ਸ਼ਲਾਘਾ ਦੀ ਹੱਕਦਾਰ ਹੈ। ਉਨ੍ਹਾਂ ਨੇ ਨਾ ਸਿਰਫ ਸੰਚਾਰ ਦੇ ਪੁਲ ਮੁੜ ਜੋੜੇ, ਸਗੋਂ ਗਲਤਫਹਿਮੀਆਂ ਘਟਾਉਣ, ਰਾਜਨੀਤਿਕ ਤਣਾਅ ਨਰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਭਰੋਸੇ ਨੂੰ ਦੁਬਾਰਾ ਖੜ੍ਹਾ ਕਰਨ ’ਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਕੂਟਨੀਤਿਕ ਸੰਵੇਦਨਸ਼ੀਲਤਾ, ਸੰਤੁਲਿਤ ਰਵੱਈਆ ਅਤੇ ਰਿਸ਼ਤਿਆਂ ਨੂੰ ਨਾਕਾਰਾਤਮਕ ਪ੍ਰਭਾਵ ਤੋਂ ਬਚਾਉਣ ਦੀ ਕਲਾ ਨੇ ਸੀ. ਈ. ਪੀ. ਏ. ਦੀ ਮੁੜ ਸ਼ੁਰੂਆਤ ਲਈ ਮਜ਼ਬੂਤ ਬੁਨਿਆਦ ਰੱਖੀ ਹੈ। ਇਹ ਸਿਰਫ ਵਪਾਰਕ ਸਮਝੌਤਾ ਨਹੀਂ, ਇਹ ਰਣਨੀਤਿਕ ਭਾਗੀਦਾਰੀ ਹੈ, ਜੋ ਸਾਂਝੇ ਲੋਕਤੰਤਰਿਕ ਮੁੱਲਾਂ, ਸੋਵਰੈਨਿਟੀ ਦੇ ਸਤਿਕਾਰ ਅਤੇ ਵਿਸ਼ਵ ਪੱਧਰੀ ਸਹਿਯੋਗ ਦੀ ਲੰਬੀ ਮਿਆਦੀ ਦ੍ਰਿਸ਼ਟੀ ’ਤੇ ਆਧਾਰਿਤ ਹੈ।
ਮਨਿੰਦਰ ਗਿੱਲ
ਮੈਨੇਜਿੰਗ ਡਾਇਰੈਕਟਰ
ਰੇਡੀਓ ਇੰਡੀਆ, ਸਰੀ, ਕੈਨੇਡਾ
