ਪਾਣੀ ਪੀਣ ''ਤੇ ਵੀ ਨਹੀਂ ਬੁੱਝ ਰਹੀ ਪਿਆਸ ਤਾਂ ਹੋ ਜਾਓ ਸਾਵਧਾਨ ! ਹੋ ਸਕਦੈ ਇਸ ਬੀਮਾਰੀ ਦਾ ਸੰਕੇਤ
Wednesday, Oct 01, 2025 - 01:13 PM (IST)

ਹੈਲਥ ਡੈਸਕ- ਸਿਹਤਮੰਦ ਜੀਵਨ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਕ ਸਿਹਤਮੰਦ ਵਿਅਕਤੀ ਨੂੰ ਦਿਨ-ਭਰ 'ਚ ਤਕਰੀਬਨ 3-4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਪਰ ਜੇ ਤੁਹਾਨੂੰ ਸਾਰਾ ਦਿਨ ਵਾਰ-ਵਾਰ ਪਿਆਸ ਲੱਗ ਰਹੀ ਹੈ, ਤਾਂ ਇਹ ਸਧਾਰਨ ਗੱਲ ਨਹੀਂ ਹੈ। ਬਹੁਤ ਵੱਧ ਪਿਆਸ ਲੱਗਣਾ ਸੰਭਾਵਿਤ ਸਿਹਤ ਸਮੱਸਿਆ ਦਾ ਸੂਚਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ
ਡਾਇਬੀਟੀਜ਼ ਹੈ ਸਭ ਤੋਂ ਆਮ ਕਾਰਨ
ਜਦੋਂ ਸਰੀਰ 'ਚ ਖੂਨ ਦਾ ਸ਼ੁਗਰ ਪੱਧਰ ਬਹੁਤ ਵੱਧ ਹੋ ਜਾਂਦਾ ਹੈ, ਤਾਂ ਕਿਡਨੀ ਇਸ ਵਾਧੂ ਗਲੂਕੋਜ਼ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਇਸ ਕਾਰਨ ਵਾਰ-ਵਾਰ ਪਿਸ਼ਾਬ ਆਉਂਦਾ ਹੈ ਅਤੇ ਸਰੀਰ 'ਚ ਪਾਣੀ ਦੀ ਘਾਟ ਹੋਣ ਲੱਗਦੀ ਹੈ। ਨਤੀਜੇ ਵੱਜੋਂ, ਵਿਅਕਤੀ ਨੂੰ ਵਾਰ-ਵਾਰ ਅਤੇ ਵੱਧ ਪਿਆਸ ਲੱਗਣ ਲੱਗਦੀ ਹੈ।
ਡਾਇਬੀਟੀਜ਼ ਦੇ ਹੋਰ ਲੱਛਣ
- ਵਾਰ-ਵਾਰ ਪਿਸ਼ਾਬ ਆਉਣਾ
- ਅਚਾਨਕ ਭਾਰ ਘਟਣਾ
- ਥਕਾਵਟ ਮਹਿਸੂਸ ਹੋਣਾ
- ਧੁੰਦਲੀ ਨਜ਼ਰ
- ਭੁੱਖ ਵੱਧ ਜਾਣਾ
ਇਹ ਵੀ ਪੜ੍ਹੋ : ਲਗਾਤਾਰ ਸਰਦੀ-ਜ਼ੁਕਾਮ ਤੇ ਸਿਰਦਰਦ ਨੂੰ ਨਾ ਕਰੋ Ignore, ਹੋ ਸਕਦੈ ਖ਼ਤਰਨਾਕ ਵਾਇਰਸ ਦਾ ਸੰਕੇਤ
ਹੋਰ ਸੰਭਾਵਿਤ ਕਾਰਨ
ਡਾਇਬੀਟੀਜ਼ ਇਨਸਿਪਿਡਸ: ਇਹ ਇਕ ਵੱਖ ਤਰ੍ਹਾਂ ਦੀ ਸਥਿਤੀ ਹੈ, ਜੋ ਬਲੱਡ ਸ਼ੂਗਰ ਨਾਲ ਜੁੜੀ ਨਹੀਂ ਹੁੰਦੀ ਪਰ ਇਸ ਦੇ ਲੱਛਣ ਵੀ ਲਗਭਗ ਉਹੀ ਹੁੰਦੇ ਹਨ- ਵਾਰ-ਵਾਰ ਪਿਸ਼ਾਬ ਆਉਣਾ ਅਤੇ ਬਹੁਤ ਪਿਆਸ ਲੱਗਣਾ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਸਰੀਰ 'ਚ ADH (ਐਂਟੀ-ਡਾਇਯੂਰੇਟਿਕ ਹਾਰਮੋਨ) ਦੀ ਕਮੀ ਹੋ ਜਾਂਦੀ ਹੈ।
ਡਿਹਾਈਡ੍ਰੇਸ਼ਨ: ਜੇ ਸਰੀਰ 'ਚ ਪਾਣੀ ਘੱਟ ਹੋ ਜਾਵੇ, ਤਾਂ ਪਹਿਲਾ ਸੰਕੇਤ ਵਾਰ-ਵਾਰ ਪਿਆਸ ਲੱਗਣਾ ਹੁੰਦਾ ਹੈ। ਇਹ ਤੇਜ਼ ਗਰਮੀ, ਬਹੁਤ ਪਸੀਨਾ, ਉਲਟੀ ਜਾਂ ਦਸਤ ਨਾਲ ਹੋ ਸਕਦਾ ਹੈ।
ਕਿਡਨੀ ਦੀ ਸਮੱਸਿਆ: ਜੇ ਕਿਡਨੀ ਠੀਕ ਤਰ੍ਹਾਂ ਕੰਮ ਨਾ ਕਰੇ, ਤਾਂ ਸਰੀਰ 'ਚ ਪਾਣੀ ਦੀ ਬਰਾਬਰੀ ਨਹੀਂ ਰਹਿੰਦੀ, ਜਿਸ ਨਾਲ ਵਾਰ-ਵਾਰ ਪਿਆਸ ਲੱਗ ਸਕਦੀ ਹੈ।
ਡਾਕਟਰ ਨਾਲ ਸੰਪਰਕ ਕਦੋਂ ਕਰੀਏ?
ਜੇ ਤੁਹਾਨੂੰ ਲਗਾਤਾਰ ਵਾਰ-ਵਾਰ ਪਿਆਸ ਲੱਗ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਰਹੀ ਹੈ, ਹਮੇਸ਼ਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਅਤੇ ਨਜ਼ਰ ਧੁੰਦਲੀ ਹੋ ਰਹੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਬਲੱਡ ਸ਼ੂਗਰ ਸਮੇਤ ਹੋਰ ਜ਼ਰੂਰੀ ਟੈਸਟ ਕਰਵਾਓ। ਡਾਇਬੀਟੀਜ਼ ਇਕ 'ਸਾਇਲੈਂਟ ਕਿਲਰ' ਵਾਂਗ ਕੰਮ ਕਰਦਾ ਹੈ, ਪਰ ਸਮੇਂ 'ਤੇ ਪਛਾਣ ਹੋਵੇ ਤਾਂ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8