ਬਦਲਦੇ ਮੌਸਮ ''ਚ ਜ਼ੁਕਾਮ, ਖੰਘ, ਬੁਖ਼ਾਰ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
Sunday, Oct 06, 2024 - 05:40 PM (IST)
ਜਲੰਧਰ- ਮੌਸਮ ਬਦਲਦੇ ਹੀ ਕਈ ਬੀਮਾਰੀਆਂ ਖ਼ਤਰਾ ਵੱਧ ਜਾਂਦਾ ਹੈ। ਘੱਟ ਤਾਪਮਾਨ ਠੰਡਾ ਅਤੇ ਸੁਹਾਵਣਾ ਮੌਸਮ ਸਭ ਨੂੰ ਚੰਗਾ ਲੱਗਦਾ ਹੈ ਪਰ ਜਿਵੇਂ ਇਹ ਮੌਸਮ ਬਦਲਦਾ ਹੈ ਤਾਂ ਇਸ ਦੌਰਾਨ ਸਰਦੀ, ਜ਼ੁਕਾਮ, ਖੰਘ, ਬੁਖ਼ਾਰ ਆਦਿ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਤੇਜ਼ੀ ਨਾਲ ਫੈਲਣ ਵਾਲੀ ਛੂਤ ਵਾਲੀ ਬੀਮਾਰੀ ਵਾਂਗ ਹੈ, ਜੋ ਕਿਸੇ ਬੀਮਾਰ ਵਿਅਕਤੀ ਦੇ ਖੰਘਣ ਜਾਂ ਛਿੱਕਣ ਨਾਲ ਜਲਦੀ ਫੈਲ ਜਾਂਦੀ ਹੈ। ਇਸ ਨਾਲ ਬੁਖ਼ਾਰ ਵੀ ਹੋ ਜਾਂਦਾ ਹੈ। ਅਜਿਹੀਆਂ ਸਮੱਸਿਆਵਾਂ ਬੱਚਿਆਂ ਨੂੰ ਜਲਦੀ ਘੇਰ ਲੈਂਦੀਆਂ ਹਨ। ਇਸ ਲਈ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ ਅਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ, ਜਿਸ ਨਾਲ ਤੁਹਾਡਾ ਇਮਿਊਨ ਸਿਸਟਮ ਸਹੀ ਰਹੇ। ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਕਿਹੜੇ ਨੁਸਖ਼ੇ ਅਪਣਾਏ ਜਾਣ, ਦੇ ਬਾਰੇ ਆਓ ਜਾਣਦੇ ਹਾਂ....
ਅਦਰਕ-ਸ਼ਹਿਦ ਦੀ ਚਾਹ:
ਅਦਰਕ ਅਤੇ ਸ਼ਹਿਦ ਦੋਵੇਂ ਚੀਜ਼ਾਂ ਜ਼ੁਕਾਮ-ਖੰਘ ਤੋਂ ਰਾਹਤ ਦਿਵਾਉਣ ਲਈ ਕਾਰਗਰ ਹਨ। ਸੁੱਕੇ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ। ਇਹ ਇਮਿਊਨਿਟੀ ਵਧਾਉਣ ਦਾ ਕੰਮ ਕਰਦੀ ਹੈ।
ਵਿਧੀ: ਅਦਰਕ ਦੇ ਕੁਝ ਟੁਕੜੇ ਪਾਣੀ 'ਚ ਉਬਾਲੋ, ਫਿਰ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਪੀਓ। ਇਹ ਗਲੇ ਦੇ ਦਰਦ ਅਤੇ ਖੰਘ 'ਚ ਆਰਾਮ ਦਿੰਦਾ ਹੈ।
ਹਲਦੀ ਵਾਲਾ ਦੁੱਧ:
ਹਲਦੀ 'ਚ ਬਹੁਤ ਸ਼ਕਤੀਸ਼ਾਲੀ ਐਂਟੀਸੈਪਟਿਕ ਅਤੇ ਐਂਟੀ-ਇਨਫਲਾਮੇਟਰੀ ਗੁਣ ਹੁੰਦੇ ਹਨ ਜੋ ਸਰੀਰ 'ਚ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ।
ਵਿਧੀ: ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ 'ਚ ਇਕ ਛੋਟਾ ਚਮਚ ਹਲਦੀ ਮਿਲਾ ਕੇ ਪੀਓ।
ਤੁਲਸੀ ਦੇ ਪੱਤੇ:
ਤੁਲਸੀ ਦੇ ਪੱਤਿਆਂ 'ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਜ਼ੁਕਾਮ ਅਤੇ ਖੰਘ 'ਚ ਰਾਹਤ ਦਿੰਦੇ ਹਨ।
ਵਿਧੀ: ਤੁਲਸੀ ਦੇ ਕੁਝ ਪੱਤੇ ਪਾਣੀ 'ਚ ਉਬਾਲੋ ਅਤੇ ਇਸੇ ਪਾਣੀ ਨੂੰ ਪੀਓ।
ਮੁਲੇਠੀ ਦੀ ਚਾਹ:
ਮੁਲੇਠੀ ਖੰਘ 'ਚ ਰਾਹਤ ਦਿੰਦੇ ਹਨ।
ਵਿਧੀ: ਮੁਲੇਠੀ ਦੇ ਕੁਝ ਟੁਕੜੇ ਪਾਣੀ 'ਚ ਉਬਾਲੋ ਅਤੇ ਇਸ ਨੂੰ ਛਾਣ ਕੇ ਪੀਓ। ਇਸ ਨਾਲ ਗਲੇ ਦੀ ਸੋਜ ਅਤੇ ਦਰਦ 'ਚ ਆਰਾਮ ਮਿਲਦਾ ਹੈ।
ਭਾਂਪ ਲਵੋ:
ਜੇ ਤੁਹਾਨੂੰ ਨੱਕ ਬੰਦ ਹੋਣ ਜਾਂ ਖੰਘ ਦੀ ਸਮੱਸਿਆ ਹੈ, ਤਾਂ ਗਰਮ ਪਾਣੀ ਦੀ ਭਾਫ਼ ਲਵੋ। ਇਸ ਵਿਚਾਲੇ ਪਾਣੀ 'ਚ ਨਿੰਬੂ, ਅਦਰਕ ਪਾਉਣਾ ਹੋਰ ਵੀ ਲਾਭਦਾਇਕ ਹੋ ਸਕਦਾ ਹੈ।
ਸ਼ਹਿਦ ਅਤੇ ਕਾਲੀ ਮਿਰਚ:
ਕਾਲੀ ਮਿਰਚ 'ਚ ਐਂਟੀਇਨਫਲਾਮੇਟਰੀ ਗੁਣ ਹੁੰਦੇ ਹਨ ਜੋ ਖੰਘ ਤੋਂ ਰਾਹਤ ਦਿੰਦੇ ਹਨ।
ਵਿਧੀ: ਇਕ ਚਮਚ ਸ਼ਹਿਦ 'ਚ ਇਕ ਚੁਟਕੀ ਕਾਲੀ ਮਿਰਚ ਪਾਓ ਅਤੇ ਇਸ ਮਿਸ਼ਰਣ ਨੂੰ ਹੌਲੀ-ਹੌਲੀ ਖਾਓ। ਇਹ ਖੰਘ 'ਚ ਆਰਾਮ ਦੇਵੇਗਾ।
ਸਾਵਧਾਨੀਆਂ:
ਪਾਣੀ ਪੀਣਾ: ਜ਼ਿਆਦਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।
ਹਲਕਾ ਭੋਜਨ: ਹਲਕਾ ਅਤੇ ਪੋਸ਼ਟਿਕ ਭੋਜਨ ਜਿਵੇਂ ਕਿ ਸੂਪ, ਖਿਚੜੀ ਅਤੇ ਸਬਜ਼ੀਆਂ ਵਰਤੋ, ਜੋ ਸਰੀਰ ਨੂੰ ਆਰਾਮ ਅਤੇ ਤਾਕਤ ਦੇਣਗੇ।
ਆਰਾਮ ਕਰੋ: ਬਿਮਾਰੀ ਦੌਰਾਨ ਪੂਰਾ ਆਰਾਮ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਸਰੀਰ ਇਨਫੈਕਸ਼ਨ ਨਾਲ ਲੜ ਸਕੇ।
ਨੋਟ : ਇਹ ਘਰੇਲੂ ਨੁਸਖ਼ੇ ਬਦਲਦੇ ਮੌਸਮ 'ਚ ਜ਼ੁਕਾਮ, ਖੰਘ ਅਤੇ ਬੁਖ਼ਾਰ ਤੋਂ ਰਾਹਤ ਦਿੰਦੇ ਹਨ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜਬੂਤ ਬਣਾਉਣ 'ਚ ਮਦਦ ਕਰਦੇ ਹਨ।