ਮੋਟਾਪੇ ਨੂੰ ਲੈ ਕੇ ਬੋਲੇ PM ਮੋਦੀ, ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
Friday, Aug 15, 2025 - 10:19 AM (IST)

ਨਵੀਂ ਦਿੱਲੀ : ਭਾਰਤ ਅੱਜ ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 12ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਅਤੇ ਉੱਥੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ, ਆਤਮਨਿਰਭਰ ਭਾਰਤ, ਜੀਐਸਟੀ ਵਿੱਚ ਕੀਤੇ ਗਏ ਬਦਲਾਅ ਸਮੇਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੋਟਾਪੇ ਵਿਰੁੱਧ ਲੜਾਈ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਟਾਪਾ ਦੇਸ਼ ਲਈ ਇੱਕ ਵੱਡੀ ਚੁਣੌਤੀ ਵਜੋਂ ਉੱਭਰ ਰਿਹਾ ਹੈ ਅਤੇ ਇਸ ਵਿਰੁੱਧ ਲੜਾਈ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।
79ਵੇਂ ਆਜ਼ਾਦੀ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਮਾਹਿਰਾਂ ਅਨੁਸਾਰ, ਆਉਣ ਵਾਲੇ ਸਾਲਾਂ ਵਿੱਚ ਤਿੰਨ ਵਿੱਚੋਂ ਇੱਕ ਵਿਅਕਤੀ ਮੋਟਾਪਾ ਦਾ ਸ਼ਿਕਾਰ ਹੋਵੇਗਾ। ਉਨ੍ਹਾਂ ਕਿਹਾ, "ਮੈਂ ਸਿਹਤ ਦੇ ਮਾਮਲੇ ਵਿੱਚ ਇੱਕ ਚਿੰਤਾ ਪ੍ਰਗਟ ਕਰਨਾ ਚਾਹੁੰਦਾ ਹਾਂ। ਦੇਸ਼ ਦੇ ਹਰ ਪਰਿਵਾਰ ਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਮੋਟਾਪਾ ਸਾਡੇ ਦੇਸ਼ ਲਈ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਸਾਨੂੰ ਆਪਣੇ ਆਪ ਨੂੰ ਮੋਟਾਪੇ ਤੋਂ ਬਚਾਉਣਾ ਪਵੇਗਾ।" PM ਮੋਦੀ ਨੇ ਆਪਣੇ ਪਹਿਲਾਂ ਦਿੱਤੇ ਸੁਝਾਅ ਨੂੰ ਦੁਹਰਾਉਂਦੇ ਹੋਏ ਪਰਿਵਾਰਾਂ ਨੂੰ 10 ਫ਼ੀਸਦੀ ਘੱਟ ਖਾਣਾ ਪਕਾਉਣ ਵਾਲਾ ਤੇਲ ਖਰੀਦਣ ਅਤੇ ਇਸਦੀ ਵਰਤੋਂ ਨੂੰ 10 ਫ਼ੀਸਦੀ ਘਟਾਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲਗਭਗ ਹਰ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਮੋਟਾਪੇ ਤੋਂ ਪੀੜਤ ਜ਼ਰੂਰ ਹੈ। ਸਾਨੂੰ ਇਸ ਸਮੱਸਿਆ ਤੋਂ ਬਚਣਾ ਪਵੇਗਾ ਅਤੇ ਮੋਟਾਪੇ ਨੂੰ ਹਰਾਉਣਾ ਪਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਪਰਿਵਾਰ ਇਹ ਪ੍ਰਣ ਲੈਣ ਕਿ ਜਦੋਂ ਵੀ ਖਾਣਾ ਪਕਾਉਣ ਵਾਲਾ ਤੇਲ ਘਰ ਆਵੇ, ਤਾਂ ਇਸਨੂੰ ਪਹਿਲਾਂ ਨਾਲੋਂ 10% ਘੱਟ ਮਾਤਰਾ ਵਿੱਚ ਖਰੀਦਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਮੋਟਾਪੇ ਵਿਰੁੱਧ ਲੜਾਈ ਵਿੱਚ ਯੋਗਦਾਨ ਪਾ ਸਕਾਂਗੇ। ਦੱਸ ਦੇਈਏ ਕਿ ਮੋਟਾਪਾ ਹੋਣ ਕਾਰਨ ਸ਼ੂਗਰ, ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਡਾਇਟਿੰਗ ਅਤੇ ਕਸਰਤ ਕਰਦੇ ਹਨ, ਜਿਸ ਦਾ ਅਸਰ ਕੁਝ ਸਮੇਂ ਤੱਕ ਰਹਿੰਦਾ ਹੈ।