ਕੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਰਿਕਵਰ ਹੋਣ ਵਾਲੇ ਲੋਕ ਕਰ ਸਕਦੇ ਹਨ ਅੰਗਦਾਨ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ

Thursday, Aug 14, 2025 - 11:31 AM (IST)

ਕੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਰਿਕਵਰ ਹੋਣ ਵਾਲੇ ਲੋਕ ਕਰ ਸਕਦੇ ਹਨ ਅੰਗਦਾਨ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ

ਵੈੱਬ ਡੈਸਕ- ਹਰ ਸਾਲ 13 ਅਗਸਤ ਨੂੰ ਵਿਸ਼ਵ ਅੰਗਦਾਨ ਦਿਵਸ (World Organ Donation Day) ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਅੰਗਦਾਨ ਲਈ ਪ੍ਰੇਰਿਤ ਕਰਨਾ ਅਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੁੰਦਾ ਹੈ। ਇਸ ਸਾਲ ਦੀ ਥੀਮ ਹੈ "Answering The Call", ਜਿਸ ਦਾ ਅਰਥ ਹੈ- ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ।

ਕੋਵਿਡ ਤੋਂ ਠੀਕ ਹੋਏ ਲੋਕ ਅੰਗਦਾਨ ਕਰ ਸਕਦੇ ਹਨ

ਮਾਹਿਰਾਂ ਦੇ ਅਨੁਸਾਰ, ਕੋਵਿਡ-19 ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਅਤੇ ਟੈਸਟ 'ਚ ਨੈਗੇਟਿਵ ਆਏ ਲੋਕ ਸੁਰੱਖਿਅਤ ਤਰੀਕੇ ਨਾਲ ਅੰਗਦਾਨ ਕਰ ਸਕਦੇ ਹਨ। ਅਜਿਹੇ ਮਾਮਲਿਆਂ 'ਚ ਟ੍ਰਾਂਸਪਲਾਂਟ ਸਫ਼ਲ ਰਹੇ ਹਨ ਅਤੇ ਡੋਨਰ ਦੇ ਅੰਗਾਂ ਨਾਲ ਰਿਸੀਵਰ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਵਿਗਿਆਨਕ ਅਧਿਐਨ ਦਾ ਸਮਰਥਨ

ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡਿਸਨ (ਸੇਂਟ ਲੂਈਸ) ਦੀ ਇਕ ਸਟਡੀ 'ਚ ਪਾਇਆ ਗਿਆ ਕਿ ਪਹਿਲਾਂ ਕੋਵਿਡ ਪਾਜ਼ੇਟਿਵ ਰਹੇ ਡੋਨਰ ਦੀ ਕਿਡਨੀ ਸੁਰੱਖਿਅਤ ਤਰੀਕੇ ਨਾਲ ਟ੍ਰਾਂਸਪਲਾਂਟ ਕੀਤੀ ਜਾ ਸਕਦੀ ਹੈ ਅਤੇ ਰਿਸੀਵਰ ਨੂੰ ਕੋਈ ਇਨਫੈਕਸ਼ਨ ਨਹੀਂ ਹੁੰਦਾ।

ਮਹਾਮਾਰੀ ਦੌਰਾਨ ਸਥਿਤੀ

ਕੋਵਿਡ ਦੌਰਾਨ ਹਸਪਤਾਲਾਂ ਨੇ ਸਾਵਧਾਨੀ ਵਜੋਂ ਕੋਵਿਡ ਪਾਜ਼ੇਟਿਵ ਜਾਂ ਹਾਲ ਹੀ 'ਚ ਠੀਕ ਹੋਏ ਡੋਨਰਾਂ ਤੋਂ ਅੰਗ ਲੈਣਾ ਬੰਦ ਕਰ ਦਿੱਤਾ ਸੀ ਪਰ ਹੁਣ ਸਥਿਤੀ ਨਾਰਮਲ ਹੋਣ ਨਾਲ ਅਜਿਹੇ ਡੋਨਰਾਂ ਤੋਂ ਅੰਗ ਲੈਣਾ ਸੁਰੱਖਿਅਤ ਮੰਨਿਆ ਜਾ ਰਿਹਾ ਹੈ।

ਭਾਰਤ 'ਚ ਅੰਗਦਾਨ ਦੀ ਸਥਿਤੀ

ਅਮਰੀਕਾ ਅਤੇ ਚੀਨ ਤੋਂ ਬਾਅਦ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅੰਗ ਟ੍ਰਾਂਸਪਲਾਂਟ ਕਰਨ ਵਾਲਾ ਦੇਸ਼ ਹੈ। ਫਿਰ ਵੀ ਪ੍ਰਤੀ 10 ਲੱਖ ਅਬਾਦੀ 'ਤੇ ਅੰਗਦਾਨ ਦੀ ਦਰ ਬਹੁਤ ਘੱਟ ਹੈ। ਲੈਂਸੇਟ ਦੀ ਰਿਪੋਰਟ ਮੁਤਾਬਕ, ਭਾਰਤ 'ਚ ਹਰ ਸਾਲ 2 ਲੱਖ ਤੋਂ ਵੱਧ ਲੋਕ ਐਂਡ-ਸਟੇਜ ਕਿਡਨੀ ਫੇਲੀਅਰ ਨਾਲ ਪੀੜਤ ਹੁੰਦੇ ਹਨ ਪਰ ਸਿਰਫ਼ 11 ਹਜ਼ਾਰ ਟ੍ਰਾਂਸਪਲਾਂਟ ਹੀ ਹੋ ਪਾਉਂਦੇ ਹਨ।

ਰੁਕਾਵਟਾਂ

ਅੰਗਦਾਤਾਵਾਂ ਦੀ ਘਾਟ

ਪੇਂਡੂ ਅਤੇ ਦੂਰਦਰਾਜ਼ ਖੇਤਰਾਂ 'ਚ ਅੰਗ ਪਹੁੰਚਾਉਣ ਦੀ ਮੁਸ਼ਕਲ

ਜ਼ਿਆਦਾਤਰ ਟ੍ਰਾਂਸਪਲਾਂਟ ਪ੍ਰਾਈਵੇਟ ਹਸਪਤਾਲਾਂ 'ਚ, ਜਿਸ ਕਾਰਨ ਆਰਥਿਕ ਤੌਰ 'ਤੇ ਕਮਜ਼ੋਰ ਲੋਕ ਵਾਂਝੇ ਰਹਿ ਜਾਂਦੇ ਹਨ

ਜੀਵਤ ਅਵਸਥਾ 'ਚ ਅੰਗਦਾਨ

ਅਕਸਰ ਲੋਕ ਮੌਤ ਤੋਂ ਬਾਅਦ ਅੰਗਦਾਨ ਕਰਦੇ ਹਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਰ ਕੁਝ ਅੰਗ ਜੀਵਿਤ ਰਹਿੰਦਿਆਂ ਵੀ ਦਾਨ ਕੀਤੇ ਜਾ ਸਕਦੇ ਹਨ, ਜਿਵੇਂ:

ਕਿਡਨੀ

ਜਿਗਰ ਦਾ ਹਿੱਸਾ

ਹੱਡੀਆਂ ਦਾ ਗੂਦਾ (Bone marrow)

ਖੂਨ (Blood)

ਇਨ੍ਹਾਂ 'ਚ ਹਲਕੀ ਕਮਜ਼ੋਰੀ, ਦਰਦ ਜਾਂ ਸਰਜਰੀ ਨਾਲ ਜੁੜੇ ਇਨਫੈਕਸ਼ਨ ਦਾ ਜ਼ੋਖਮ ਹੋ ਸਕਦਾ ਹੈ ਪਰ ਕੁੱਲ ਮਿਲਾ ਕੇ ਅੰਗਦਾਨ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਕੋਵਿਡ ਤੋਂ ਠੀਕ ਹੋਏ ਲੋਕਾਂ ਲਈ ਇਹ ਖ਼ਬਰ ਉਮੀਦ ਦੀ ਕਿਰਨ ਹੈ- ਉਹ ਪੂਰੀ ਤਰ੍ਹਾਂ ਸਿਹਤਮੰਦ ਹੋਣ ਅਤੇ ਮੈਡੀਕਲ ਜਾਂਚ 'ਚ ਫਿਟ ਪਾਏ ਜਾਣ 'ਤੇ ਸੁਰੱਖਿਅਤ ਅੰਗਦਾਨ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News