ਇਨ੍ਹਾਂ 6 ਤਰੀਕਿਆਂ ਨਾਲ ਘੱਟ ਕਰੋ ਕੈਲਰੀ, ਭਾਰ ਘਟਾਉਣ ’ਚ ਮਿਲੇਗੀ ਮਦਦ

Tuesday, Aug 06, 2024 - 01:39 PM (IST)

ਇਨ੍ਹਾਂ 6 ਤਰੀਕਿਆਂ ਨਾਲ ਘੱਟ ਕਰੋ ਕੈਲਰੀ, ਭਾਰ ਘਟਾਉਣ ’ਚ ਮਿਲੇਗੀ ਮਦਦ

ਜਲੰਧਰ– ਅਜੋਕੇ ਸਮੇਂ ’ਚ ਮੋਟਾਪਾ ਇਕ ਗੰਭੀਰ ਸਮੱਸਿਆ ਬਣ ਗਿਆ ਹੈ। ਅੱਜ-ਕੱਲ ਹਰ ਦੂਜਾ ਵਿਅਕਤੀ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹੈ। ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਕਈ ਵਾਰ ਡਾਈਟਿੰਗ ਕਰਨ ਤੇ ਜਿਮ ’ਚ ਘੰਟਿਆਂ ਬੱਧੀ ਪਸੀਨਾ ਵਹਾਉਣ ਦੇ ਬਾਵਜੂਦ ਵੀ ਭਾਰ ਘੱਟ ਨਹੀਂ ਹੁੰਦਾ। ਦਰਅਸਲ ਭਾਰ ਘਟਾਉਣ ਲਈ ਕੈਲਰੀ ਦੀ ਮਾਤਰਾ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਅਸੀਂ ਦਿਨ ਭਰ ਜਿੰਨੀ ਕੈਲਰੀ ਲੈਂਦੇ ਹਾਂ, ਉਸ ਤੋਂ ਵੱਧ ਕੈਲਰੀ ਬਰਨ ਕਰਨਾ ਭਾਰ ਘਟਾਉਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਜਦੋਂ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ ਤਾਂ ਸਰੀਰ ਚਰਬੀ ਨੂੰ ਊਰਜਾ ’ਚ ਬਦਲਦਾ ਹੈ ਤੇ ਇਸ ਦੀ ਵਰਤੋਂ ਕਰਦਾ ਹੈ।

ਇਸ ਕਾਰਨ ਸਰੀਰ ਦਾ ਭਾਰ ਘੱਟ ਹੋਣ ਲੱਗਦਾ ਹੈ। ਬਹੁਤ ਸਾਰੇ ਲੋਕ ਕੈਲਰੀ ਦੀ ਮਾਤਰਾ ਨੂੰ ਘਟਾਉਣ ਲਈ ਬਹੁਤ ਘੱਟ ਖਾਣਾ ਜਾਂ ਖਾਣਾ ਛੱਡਣਾ ਸ਼ੁਰੂ ਕਰ ਦਿੰਦੇ ਹਨ ਪਰ ਲੋੜ ਤੋਂ ਘੱਟ ਕੈਲਰੀ ਖਾਣ ਨਾਲ ਤੁਸੀਂ ਕਮਜ਼ੋਰੀ ਮਹਿਸੂਸ ਕਰ ਸਕਦੇ ਹੋ। ਇਹ ਮੈਟਾਬੋਲਿਜ਼ਮ ਨੂੰ ਵੀ ਹੌਲੀ ਕਰ ਸਕਦਾ ਹੈ, ਜਿਸ ਨਾਲ ਭਾਰ ਵਧਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰ ਘਟਾਉਣ ਲਈ ਕੈਲਰੀ ਦੀ ਮਾਤਰਾ ਨੂੰ ਕਿਵੇਂ ਘੱਟ ਕੀਤਾ ਜਾਵੇ? ਅੱਜ ਇਸ ਲੇਖ ’ਚ ਤੁਹਾਨੂੰ ਕੈਲਰੀ ਦੀ ਮਾਤਰਾ ਨੂੰ ਘਟਾਉਣ ਦੇ ਕੁਝ ਆਸਾਨ ਨੁਸਖ਼ੇ ਦੱਸਾਂਗੇ। ਇਨ੍ਹਾਂ ਨੁਸਖ਼ਿਆਂ ਦਾ ਪਾਲਣ ਕਰਨ ਨਾਲ ਤੁਹਾਨੂੰ ਭਾਰ ਘਟਾਉਣ ’ਚ ਮਦਦ ਮਿਲੇਗੀ। ਆਓ ਜਾਣਦੇ ਹਾਂ ਕੈਲਰੀ ਘੱਟ ਕਰਨ ਦੇ ਕੁਝ ਆਸਾਨ ਨੁਸਖ਼ੇ–

1. ਭੋਜਨ ’ਚ ਪ੍ਰੋਟੀਨ ਦੀ ਮਾਤਰਾ ਵਧਾਓ
ਜੇਕਰ ਤੁਸੀਂ ਆਪਣੀ ਕੈਲਰੀ ਦੀ ਮਾਤਰਾ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ’ਚ ਪ੍ਰੋਟੀਨ ਦੀ ਮਾਤਰਾ ਵਧਾਓ। ਪ੍ਰੋਟੀਨ ਖਾਣ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ। ਪ੍ਰੋਟੀਨ ਮੈਟਾਬੌਲਿਕ ਰੇਟ ਨੂੰ ਵੀ ਵਧਾਉਂਦਾ ਹੈ, ਜੋ ਵਾਧੂ ਕੈਲਰੀ ਤੇ ਚਰਬੀ ਨੂੰ ਬਰਨ ਕਰਨ ’ਚ ਮਦਦ ਕਰਦਾ ਹੈ।

2. ਪਾਣੀ ਪੀਓ
ਕੈਲਰੀ ਦੀ ਮਾਤਰਾ ਘੱਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਪਾਣੀ ਪੀਣਾ। ਸਰੀਰ ’ਚ ਪਾਣੀ ਦੀ ਕਮੀ ਕਾਰਨ ਵਿਅਕਤੀ ਨੂੰ ਵਾਰ-ਵਾਰ ਭੁੱਖ ਲੱਗਦੀ ਹੈ। ਅਜਿਹੇ ’ਚ ਅਸੀਂ ਜ਼ਿਆਦਾ ਖਾਣਾ ਖਾਂਦੇ ਹਾਂ, ਜਿਸ ਨਾਲ ਭਾਰ ਵਧਣ ਲੱਗਦਾ ਹੈ। ਇਸ ਲਈ ਤੁਹਾਨੂੰ ਭਰਪੂਰ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖ਼ਾਸ ਕਰਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਤੋਂ ਦੋ ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਢਿੱਡ ਭਰਿਆ ਹੋਇਆ ਮਹਿਸੂਸ ਹੋਵੇਗਾ ਤੇ ਤੁਸੀਂ ਜ਼ਿਆਦਾ ਖਾਣ ਤੋਂ ਬਚੋਗੇ।

3. ਛੋਟੀ ਪਲੇਟ ’ਚ ਖਾਓ
ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਪਰ ਤੁਸੀਂ ਛੋਟੀ ਪਲੇਟ ’ਚ ਖਾਣਾ ਖਾ ਕੇ ਵੀ ਕੈਲਰੀ ਦੀ ਮਾਤਰਾ ਘੱਟ ਕਰ ਸਕਦੇ ਹੋ। ਦਰਅਸਲ, ਜਦੋਂ ਅਸੀਂ ਵੱਡੀ ਥਾਲੀ ’ਚ ਖਾਣਾ ਖਾਂਦੇ ਹਾਂ ਤਾਂ ਹਿੱਸੇ ਦਾ ਆਕਾਰ ਵੀ ਆਪਣੇ ਆਪ ਵੱਧ ਜਾਂਦਾ ਹੈ, ਜਦਕਿ ਜਦੋਂ ਤੁਸੀਂ ਇਕ ਛੋਟੀ ਪਲੇਟ ’ਚ ਖਾਂਦੇ ਹੋ ਤਾਂ ਤੁਸੀਂ ਘੱਟ ਭੋਜਨ ਪਰੋਸੋਗੇ। ਇਸ ਨਾਲ ਕੈਲਰੀ ਦੀ ਮਾਤਰਾ ਘੱਟ ਕਰਨ ’ਚ ਮਦਦ ਮਿਲੇਗੀ।

4. ਕਾਰਬੋਹਾਈਡ੍ਰੇਟ ਤੇ ਖੰਡ ਨੂੰ ਘਟਾਓ
ਕਾਰਬੋਹਾਈਡ੍ਰੇਟ ਤੇ ਮਿੱਠੇ ਵਾਲੀਆਂ ਚੀਜ਼ਾਂ ’ਚ ਕੈਲਰੀ ਦੀ ਵਧੇਰੇ ਮਾਤਰਾ ਹੁੰਦੀ ਹੈ। ਜੰਕ ਤੇ ਪ੍ਰੋਸੈਸਡ ਫੂਡ, ਕੋਲਡ ਡਰਿੰਕਸ, ਕੂਕੀਜ਼ ਤੇ ਮਿਠਾਈਆਂ ਦਾ ਸੇਵਨ ਤੁਹਾਡੀ ਕੈਲਰੀ ਦੀ ਗਿਣਤੀ ਨੂੰ ਕਾਫ਼ੀ ਵਧਾ ਸਕਦਾ ਹੈ। ਨਾਲ ਹੀ ਇਨ੍ਹਾਂ ਦਾ ਜ਼ਿਆਦਾ ਸੇਵਨ ਮੋਟਾਪਾ, ਸ਼ੂਗਰ ਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵਧਾ ਸਕਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਇਨ੍ਹਾਂ ਭੋਜਨਾਂ ਤੋਂ ਦੂਰੀ ਬਣਾ ਕੇ ਰੱਖੋ ਜਾਂ ਘੱਟ ਮਾਤਰਾ ’ਚ ਇਨ੍ਹਾਂ ਦਾ ਸੇਵਨ ਕਰੋ।

5. ਭੋਜਨ ’ਚ ਸਬਜ਼ੀਆਂ ਦੀ ਮਾਤਰਾ ਵਧਾਓ
ਜੇਕਰ ਤੁਸੀਂ ਕੈਲਰੀ ਦੀ ਮਾਤਰਾ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਖੁਰਾਕ ’ਚ ਫਾਈਬਰ ਦੀ ਮਾਤਰਾ ਵਧਾਓ। ਇਸ ਲਈ ਤੁਹਾਨੂੰ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਫਾਈਬਰ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ’ਚ ਵੀ ਮਦਦ ਕਰਦਾ ਹੈ। ਭਾਰ ਘਟਾਉਣ ਲਈ ਸਹੀ ਪਾਚਨ ਜ਼ਰੂਰੀ ਹੈ। ਇਸ ਲਈ ਤੁਹਾਨੂੰ ਖਾਣੇ ’ਚ ਸਲਾਦ ਤੇ ਸਬਜ਼ੀਆਂ ਦੀ ਜ਼ਿਆਦਾ ਮਾਤਰਾ ਰੱਖਣੀ ਚਾਹੀਦੀ ਹੈ।

6. ਰੋਜ਼ਾਨਾ ਫ਼ਲ ਖਾਓ
ਕੈਲਰੀ ਦੀ ਮਾਤਰਾ ਘਟਾਉਣ ਲਈ ਤੁਹਾਨੂੰ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਖਾਣੇ ਦੇ ਇਕ ਹਿੱਸੇ ਨੂੰ ਫ਼ਲਾਂ ਦੇ ਸੇਵਨ ’ਚ ਬਦਲ ਸਕਦੇ ਹੋ, ਜਿਸ ਨਾਲ ਇਹ ਤੁਹਾਨੂੰ ਤੰਦਰੁਸਤ ਵੀ ਰੱਖਣਗੇ ਤੇ ਢਿੱਡ ਵੀ ਭਰਿਆ ਰਹੇਗਾ। ਜੇਕਰ ਫ਼ਲਾਂ ਦਾ ਸਹੀ ਸੇਵਨ ਕਰਨਾ ਹੈ ਤਾਂ ਰੋਜ਼ਾਨਾ ਤੁਹਾਨੂੰ ਵੱਖ-ਵੱਖ ਫ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਇਕ ਦਿਨ ਕੇਲਾ ਖਾ ਲਿਆ ਜਾਵੇ ਤੇ ਦੂਜੇ ਦਿਨ ਸੇਬ। ਇਸੇ ਤਰ੍ਹਾਂ ਜੋ ਵੀ ਮੌਸਮੀ ਫ਼ਲ ਮਾਰਕੀਟ ’ਚ ਮੌਜੂਦ ਹੁੰਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਖਾ ਕੇ ਤੁਸੀਂ ਭਾਰ ਘੱਟ ਕਰ ਸਕਦੇ ਹੋ।


 


author

Tarsem Singh

Content Editor

Related News