ਰੋਜ਼ਾਨਾ ਇਕ ਮੁੱਠੀ ''ਮਖਾਣਾ'' ਖਾਣ ਨਾਲ ਜੜ੍ਹੋਂ ਖ਼ਤਮ ਹੋਣਗੀਆਂ ਇਹ ਗੰਭੀਰ ਬਿਮਾਰੀਆਂ
Tuesday, Mar 10, 2026 - 10:47 AM (IST)
ਹੈਲਥ ਡੈਸਕ - ਅਜੋਕੇ ਦੌਰ 'ਚ ਜਿੱਥੇ ਅਸੀਂ ਜੰਕ ਫੂਡ ਦੇ ਆਦੀ ਹੁੰਦੇ ਜਾ ਰਹੇ ਹਾਂ, ਉੱਥੇ ਹੀ ਸਾਡੀ ਰਸੋਈ 'ਚ ਇਕ ਅਜਿਹੀ ਚੀਜ਼ ਮੌਜੂਦ ਹੈ ਜੋ ਸਾਨੂੰ ਸੁਪਰਫੂਡ ਵਰਗੀ ਤਾਕਤ ਦੇ ਸਕਦੀ ਹੈ। ਜੀ ਹਾਂ ਬਿਲਕੁਲ! ਅਸੀਂ ਗੱਲ ਕਰ ਰਹੇ ਹਾਂ 'ਮਖਾਣੇ'ਦੀ। ਮਖਾਣੇ ਸਿਰਫ਼ ਵਰਤ 'ਚ ਖਾਣ ਵਾਲੀ ਚੀਜ਼ ਨਹੀਂ ਹਨ, ਸਗੋਂ ਇਹ ਕੈਲਸ਼ੀਅਮ, ਪ੍ਰੋਟੀਨ ਅਤੇ ਆਇਰਨ ਵਰਗੇ ਤੱਤਾਂ ਨਾਲ ਭਰਪੂਰ ਇੱਕ ਔਸ਼ਧੀ ਹੈ।
ਜਾਣੋ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ :-
ਹੱਡੀਆਂ ਲਈ ਵਰਦਾਨ
- ਉਮਰ ਵਧਣ ਦੇ ਨਾਲ ਹੱਡੀਆਂ ਅਤੇ ਜੋੜਾਂ ਦਾ ਦਰਦ ਇਕ ਆਮ ਸਮੱਸਿਆ ਹੈ। ਮਖਾਣੇ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਲੋਹੇ ਵਰਗੀਆਂ ਮਜ਼ਬੂਤ ਬਣਾਉਂਦਾ ਹੈ ਅਤੇ ਗਠੀਏ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ
- ਡਾਇਬੀਟੀਜ਼ ਦੇ ਮਰੀਜ਼ਾਂ ਲਈ ਮਖਾਣਾ ਬਹੁਤ ਫਾਇਦੇਮੰਦ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਾਰਨ ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ।
ਦਿਲ ਨੂੰ ਰੱਖੇ ਤੰਦਰੁਸਤ
- ਮਖਾਣੇ 'ਚ ਮੈਗਨੀਸ਼ੀਅਮ ਜ਼ਿਆਦਾ ਅਤੇ ਸੋਡੀਅਮ ਘੱਟ ਹੁੰਦਾ ਹੈ। ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵਧਣ ਨਹੀਂ ਦਿੰਦਾ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।
ਤੇਜ਼ੀ ਨਾਲ ਘਟੇਗਾ ਵਜ਼ਨ
- ਜੇਕਰ ਤੁਸੀਂ ਡਾਇਟਿੰਗ ਕਰ ਰਹੇ ਹੋ, ਤਾਂ ਮਖਾਣੇ ਸਭ ਤੋਂ ਵਧੀਆ ਸਨੈਕ ਹਨ। ਇਸ 'ਚ ਫਾਈਬਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪੇਟ ਦੇਰ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ।
ਚਿਹਰੇ 'ਤੇ ਲਿਆਵੇ ਕੁਦਰਤੀ ਨਿਖਾਰ
- ਮਖਾਣੇ 'ਚ 'ਐਂਟੀ-ਏਜਿੰਗ' ਤੱਤ ਹੁੰਦੇ ਹਨ। ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ, ਜਿਸ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਝੁਰੜੀਆਂ ਜਲਦੀ ਨਹੀਂ ਆਉਂਦੀਆਂ।
ਕਿਵੇਂ ਕਰੀਏ ਵਰਤੋਂ?
ਸਿਹਤ ਮਾਹਿਰਾਂ ਅਨੁਸਾਰ, ਮਖਾਣਿਆਂ ਨੂੰ ਹਲਕੇ ਦੇਸੀ ਘਿਓ 'ਚ ਭੁੰਨ (Roast) ਕੇ ਖਾਣਾ ਸਭ ਤੋਂ ਵਧੀਆ ਹੈ। ਤੁਸੀਂ ਇਸ ਨੂੰ ਦੁੱਧ 'ਚ ਉਬਾਲ ਕੇ ਜਾਂ ਖੀਰ ਬਣਾ ਕੇ ਵੀ ਲੈ ਸਕਦੇ ਹੋ। ਰਾਤ ਨੂੰ ਸੌਣ ਵੇਲੇ ਦੁੱਧ ਨਾਲ ਮਖਾਣੇ ਖਾਣ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ।
