1990 ਤੋਂ ਬਾਅਦ ਦੇਸ਼ ’ਚ ਬ੍ਰੈਸਟ ਕੈਂਸਰ ਦੇ ਮਾਮਲੇ 477 ਫੀਸਦੀ ਵਧੇ, ਮੌਤਾਂ ’ਚ ਵੀ 352 ਫੀਸਦੀ ਦਾ ਵਾਧਾ
Tuesday, Mar 03, 2026 - 11:14 PM (IST)
ਨਵੀਂ ਦਿੱਲੀ, (ਭਾਸ਼ਾ)- ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਬ੍ਰੈਸਟ ਕੈਂਸਰ ਦੁਨੀਆ ਭਰ ’ਚ ਔਰਤਾਂ ਦੀ ਮੌਤ ਜਾਂ ਬੀਮਾਰੀ ਦਾ ਇਕ ਪ੍ਰਮੁੱਖ ਕਾਰਨ ਹੈ। ਭਾਰਤ ’ਚ ਸਾਲ 1990 ਤੋਂ 2023 ਦਰਮਿਆਨ ਬ੍ਰੈਸਟ ਕੈਂਸਰ ਦੇ ਮਾਮਲਿਆਂ ’ਚ ਹੈਰਾਨ ਕਰਨ ਵਾਲਾ 477 ਫੀਸਦੀ ਅਤੇ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ’ਚ 352 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
‘ਲੈਂਸੇਟ ਓਨਕੋਲਾਜੀ’ ’ਚ ਪ੍ਰਕਾਸ਼ਿਤ ਇਸ ਅਧਿਐਨ ਰਿਪੋਰਟ ’ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਾਲ 2050 ਤੱਕ ਗਲੋਬਲ ਪੱਧਰ ’ਤੇ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਵਧ ਕੇ 35 ਲੱਖ ਹੋ ਜਾਵੇਗੀ (ਜੋ 2023 ’ਚ 23 ਲੱਖ ਤੋਂ ਇਕ ਤਿਹਾਈ ਵੱਧ ਹੈ) ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 44 ਫੀਸਦੀ ਦੇ ਵਾਧੇ ਨਾਲ 13 ਲੱਖ ਪ੍ਰਤੀ ਸਾਲ ਹੋ ਜਾਵੇਗਾ।
ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈ. ਐੱਚ. ਐੱਮ. ਈ.) ਦੀ ਕਾਇਲੇ ਭਾਂਗਡੀਆ ਦੀ ਅਗਵਾਈ ਹੇਠ ਕੀਤੇ ਗਏ ਅਧਿਐਨ ਅਨੁਸਾਰ, ਭਾਰਤ ’ਚ 2023 ’ਚ ਲੱਗਭਗ 2.03 ਲੱਖ ਕੈਂਸਰ ਦੇ ਮਾਮਲੇ ਦਰਜ ਕੀਤੇ ਗਏ (ਜੋ 1990 ਦੇ ਮੁਕਾਬਲੇ ਲੱਗਭਗ 477 ਫੀਸਦੀ ਦਾ ਵਾਧਾ ਹੈ) ਅਤੇ ਇਕ ਲੱਖ ਤੋਂ ਵੱਧ ਮੌਤਾਂ ਹੋਈਆਂ ਜੋ 352.3 ਫੀਸਦੀ ਦਾ ਵਾਧਾ ਹੈ। ਇਸ ਬੀਮਾਰੀ ਦਾ ਅਸਰ ਦੁਨੀਆ ਭਰ ’ਚ ਇਕੋ ਜਿਹਾ ਨਹੀਂ ਸੀ, ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ ਉੱਚ ਆਮਦਨ ਵਾਲੇ ਸਮੂਹਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਹੋਏ।
