ਸਾਵਧਾਨ! ਖੂਨ 'ਚ ਇਨਫੈਕਸ਼ਨ ਹੋ ਸਕਦੀ ਹੈ ਜਾਨਲੇਵਾ, ਇਨ੍ਹਾਂ ਲੱਛਣਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼

Friday, Feb 27, 2026 - 12:20 PM (IST)

ਸਾਵਧਾਨ! ਖੂਨ 'ਚ ਇਨਫੈਕਸ਼ਨ ਹੋ ਸਕਦੀ ਹੈ ਜਾਨਲੇਵਾ, ਇਨ੍ਹਾਂ ਲੱਛਣਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼

ਹੈਲਥ ਡੈਸਕ- ਖੂਨ 'ਚ ਇਨਫੈਕਸ਼ਨ, ਜਿਸ ਨੂੰ ਡਾਕਟਰੀ ਭਾਸ਼ਾ 'ਚ 'ਸੈਪਸਿਸ' ਕਿਹਾ ਜਾਂਦਾ ਹੈ, ਕੋਈ ਸਾਧਾਰਨ ਬਿਮਾਰੀ ਨਹੀਂ ਹੈ। ਇਹ ਸਰੀਰ ਦੀ ਇਕ ਗੰਭੀਰ ਅਤੇ ਬੇਕਾਬੂ ਪ੍ਰਤੀਕਿਰਿਆ ਹੁੰਦੀ ਹੈ, ਜੋ ਉਦੋਂ ਵਾਪਰਦੀ ਹੈ ਜਦੋਂ ਕਿਸੇ ਬੈਕਟੀਰੀਆ, ਵਾਇਰਸ ਜਾਂ ਫੰਗਸ ਦੀ ਇਨਫੈਕਸ਼ਨ ਸਰੀਰ ਦੇ ਕਿਸੇ ਹਿੱਸੇ (ਜਿਵੇਂ ਫੇਫੜੇ, ਪੇਸ਼ਾਬ ਦੀ ਨਲੀ, ਜਾਂ ਜ਼ਖ਼ਮ) ਤੋਂ ਫੈਲ ਕੇ ਖੂਨ ਰਾਹੀਂ ਪੂਰੇ ਸਰੀਰ 'ਚ ਪਹੁੰਚ ਜਾਂਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਮਿਲੇ, ਤਾਂ ਇਹ 'ਸੈਪਟਿਕ ਸ਼ਾਕ' 'ਚ ਬਦਲ ਸਕਦਾ ਹੈ, ਜੋ ਕਿ ਜਾਨਲੇਵਾ ਸਾਬਤ ਹੁੰਦਾ ਹੈ।

ਇਨ੍ਹਾਂ ਲੱਛਣਾਂ ਨੂੰ ਪਛਾਣਨਾ ਹੈ ਜ਼ਰੂਰੀ

ਸੈਪਸਿਸ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਕੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ :-

- ਤੇਜ਼ ਬੁਖਾਰ ਜਾਂ ਸਰੀਰ ਦਾ ਤਾਪਮਾਨ ਬਹੁਤ ਘੱਟ ਜਾਣਾ।
- ਦਿਲ ਦੀ ਧੜਕਣ ਤੇਜ਼ ਹੋਣਾ ਅਤੇ ਸਾਹ ਲੈਣ 'ਚ ਤਕਲੀਫ।
- ਬਹੁਤ ਜ਼ਿਆਦਾ ਕਮਜ਼ੋਰੀ, ਥਕਾਵਟ ਅਤੇ ਕੰਬਣੀ ਲੱਗਣਾ।
- ਪੇਸ਼ਾਬ ਘੱਟ ਆਉਣਾ ਅਤੇ ਚਮੜੀ ਦਾ ਪੀਲਾ ਜਾਂ ਠੰਢਾ ਪੈਣਾ।
- ਉਲਝਣ, ਘਬਰਾਹਟ ਜਾਂ ਬੇਹੋਸ਼ੀ ਮਹਿਸੂਸ ਹੋਣਾ।

ਇਨਫੈਕਸ਼ਨ ਦੇ ਮੁੱਖ ਕਾਰਨ

ਇਹ ਇਨਫੈਕਸ਼ਨ ਨਿਮੋਨੀਆ, ਯੂਰਿਨ ਇਨਫੈਕਸ਼ਨ, ਜਾਂ ਕਿਸੇ ਗੰਭੀਰ ਜ਼ਖ਼ਮ ਕਾਰਨ ਹੋ ਸਕਦੀ ਹੈ। ਸੋਮਿਆਂ ਅਨੁਸਾਰ, ਯੂਕੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਔਰਤ ਦੇ ਪਾਲਤੂ ਜਾਨਵਰ ਨੇ ਉਸ ਦੇ ਜ਼ਖ਼ਮ ਨੂੰ ਚੱਟ ਲਿਆ ਸੀ। ਜਾਨਵਰ ਦੀ ਲਾਰ ਖੂਨ 'ਚ ਮਿਲਣ ਕਾਰਨ ਇਨਫੈਕਸ਼ਨ ਇੰਨੀ ਵੱਧ ਗਈ ਕਿ ਉਸ ਔਰਤ ਦੇ ਹੱਥ-ਪੈਰ ਕੱਟਣੇ ਪਏ।

ਕੀ ਘਰੇਲੂ ਨੁਸਖ਼ਿਆਂ ਨਾਲ ਇਲਾਜ ਸੰਭਵ ਹੈ 

ਤੁਹਾਨੂੰ ਦੱਸ ਦਈਏ ਕਿ ਖੂਨ ਦੀ ਇਨਫੈਕਸ਼ਨ ਨੂੰ ਘਰੇਲੂ ਨੁਸਖ਼ਿਆਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਇਹ ਇਕ ਮੈਡੀਕਲ ਐਮਰਜੈਂਸੀ ਹੈ ਜਿਸ ਲਈ ਹਸਪਤਾਲ 'ਚ ਐਂਟੀਬਾਇਓਟਿਕਸ, ਆਈ.ਵੀ. ਫਲੂਡ (ਡ੍ਰਿਪ) ਅਤੇ ਗੰਭੀਰ ਹਾਲਤ 'ਚ ਆਈ.ਸੀ.ਯੂ. (ICU) ਦੀ ਦੇਖਭਾਲ ਦੀ ਲੋੜ ਹੁੰਦੀ ਹੈ।

ਖੂਨ ਨੂੰ ਸਿਹਤਮੰਦ ਰੱਖਣ ਲਈ ਨੁਸਖ਼ੇ 
ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਲਈ ਇਹ ਆਦਤਾਂ ਅਪਣਾਓ :-

ਭਰਪੂਰ ਪਾਣੀ ਪੀਓ
- ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।

ਸੰਤੁਲਿਤ ਖੁਰਾਕ
- ਹਰੀਆਂ ਪੱਤੇਦਾਰ ਸਬਜ਼ੀਆਂ, ਫਲ (ਅਨਾਰ, ਸੇਬ), ਆਇਰਨ ਅਤੇ ਵਿਟਾਮਿਨ C ਨਾਲ ਭਰਪੂਰ ਭੋਜਨ ਖਾਓ।

ਸਫਾਈ ਦਾ ਧਿਆਨ
ਜ਼ਖ਼ਮਾਂ ਨੂੰ ਸਾਫ ਰੱਖੋ, ਹੱਥ ਧੋਵੋ ਅਤੇ ਸਮੇਂ ਸਿਰ ਵੈਕਸੀਨੇਸ਼ਨ ਕਰਵਾਓ।

ਯਾਦ ਰੱਖੋ - ਸੈਪਸਿਸ ਦੇ ਮਾਮਲੇ 'ਚ ਦੇਰੀ ਜਾਨਲੇਵਾ ਹੋ ਸਕਦੀ ਹੈ, ਇਸ ਲਈ ਲੱਛਣ ਦਿਖਦੇ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


author

Sunaina

Content Editor

Related News