ਪੁਲਸ ਦੀ ਮੁਸਤੈਦੀ ਨਾਲ ਕਾਂਗਰਸੀ ਤੇ ਅਕਾਲੀ ਆਹਮੋ-ਸਾਹਮਣੇ ਹੋਣ ਤੋਂ ਬਚੇ

11/15/2018 6:12:29 AM

ਜਲੰਧਰ,   (ਚੋਪੜਾ)-   ਅੱਜ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਦੇ ਸਾਹਮਣੇ ਅਕਾਲੀ ਦਲ ਦੇ  ਧਰਨੇ ਦੌਰਾਨ ਅਕਾਲੀ-ਕਾਂਗਰਸੀ ਉਸ ਸਮੇਂ ਆਹਮੋ-ਸਾਹਮਣੇ ਹੋਣ ਤੋਂ ਬਚ ਗਏ ਜਦੋਂ ਜ਼ਿਲਾ  ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ ਦੀ ਅਗਵਾਈ ਵਿਚ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਜਾਂਦੇ ਕਾਂਗਰਸ ਆਗੂਆਂ ਨੂੰ ਪੁਲਸ ਨੇ ਅੱਗੇ  ਜਾਣ ਤੋਂ ਰੋਕ ਦਿੱਤਾ। ਇਸ ਦੌਰਾਨ ਆਹਲੂਵਾਲੀਆ ਸਮੇਤ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ  ਬਿੱਟਾ, ਸੂਬਾ ਸਕੱਤਰ ਅਸ਼ੋਕ ਗੁਪਤਾ, ਯਸ਼ਪਾਲ ਧੀਮਾਨ, ਅੰਮ੍ਰਿਤ ਖੋਸਲਾ ਸਮੇਤ ਕਈ ਆਗੂਆਂ  ਨੇ ਪੁਲਸ ਵਲੋਂ ਧਰਨਾ ਸਥਾਨ ’ਤੇ ਕਾਫੀ ਪਹਿਲਾਂ ਲਗਾਏ ਬੈਰੀਕੇਡਸ ਲੰਘਣ ਦੀ ਕੋਸ਼ਿਸ਼ ਕੀਤੀ  ਪਰ ਉਹ ਸਫਲ ਨਹੀਂ ਹੋ ਸਕੇ। ਅਖੀਰ ਵਿਚ ਕਾਂਗਰਸੀਆਂ ਨੇ ਉਥੇ ਸੁਖਬੀਰ ਤੇ ਮਜੀਠੀਆ ਖਿਲਾਫ  ਨਾਅਰੇਬਾਜ਼ੀ ਕਰ ਕੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ। ਇਸ ਦੌਰਾਨ ਆਹਲੂਵਾਲੀਆ ਨੇ ਕਿਹਾ ਕਿ  ਅੱਜ ਅਕਾਲੀ ਦਲ ਪੋਸਟ ਮੈਟ੍ਰਿਕ ਸਕਾਲਰਸ਼ਿਪ  ਸਕੀਮ ਦੇ ਫੰਡਜ਼ ਨੂੰ ਲੈ ਕੇ ਧਰਨੇ ਪ੍ਰਦਰਸ਼ਨ  ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਕੇਂਦਰ ਵਿਚ ਅਕਾਲੀ  ਸਮਰਥਿਤ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਅਕਾਲੀ ਸ਼ਾਸਨ ਵਿਚ ਮੋਦੀ ਸਰਕਾਰ ਨੇ ਸਕੀਮ ਦੇ  ਫੰਡ ਰੋਕੇ ਸਨ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਉਲਟਾ ਕੇਂਦਰ ਸਰਕਾਰ ਤੋਂ  ਪਿਛਲੇ ਸਾਲਾਂ ਦੇ ਬਕਾਇਆ ਫੰਡ ਲੈ ਕੇ ਦਲਿਤ ਵਿਦਿਆਰਥੀਆਂ ਨੂੰ ਦਿੱਤੇ ਹਨ। ਆਹਲੂਵਾਲੀਆ  ਨੇ ਕਿਹਾ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ 400 ਕਰੋੜ ਰੁਪਏ ਦੇ ਘਪਲਿਆਂ ਦੀ ਜਾਂਚ ਹੋ  ਰਹੀ ਹੈ ਜਿਸ ਵਿਚ ਸ਼ਾਮਲ ਸਾਰੇ ਦੋਸ਼ੀ ਜਲਦੀ ਹੀ ਸੀਖਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ  ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਪੰਜਾਬ ਨਾਲ ਸਬੰਧਤ ਹੋਣ ਦੇ ਬਾਵਜੂਦ ਪੰਜਾਬ ਦੇ  ਦਲਿਤ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਹੋ ਰਿਹਾ ਹੈ ਜਦਕਿ ਕਾਂਗਰਸ ਐੱਸ. ਸੀ./ਬੀ.  ਸੀ. ਵਿਦਿਆਰਥੀਆਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ।  ਇਸ ਮੌਕੇ ਕੌਂਸਲਰ ਓਂਕਾਰ ਰਾਜੀਵ ਟਿੱਕਾ, ਹਰਜਿੰਦਰ ਸਿੰਘ ਲਾਡਾ, ਰਾਮ ਲਾਲ ਜੱਸੀ,  ਮਨਦੀਪ ਕੌਰ, ਸੁਸ਼ਮਾ ਗੌਤਮ, ਬੱਬੂ ਥਾਪਰ, ਮਨੋਜ ਅਗਰਵਾਲ, ਕਾਕੂ ਆਹਲੂਵਾਲੀਆ, ਰਵੀਸ਼  ਸ਼ਰਮਾ, ਧੀਰਜ ਘਈ, ਭੁਪੇਸ਼ ਸੁਗੰਧ, ਅਤੁਲ ਚੱਢਾ ਤੇ ਹੋਰ ਮੌਜੂਦ ਸਨ।
 


Related News