ਜਗਦੀਸ਼ ਗਰਚਾ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ: ਸੁਖਬੀਰ ਬਾਦਲ

Thursday, Apr 04, 2024 - 10:28 PM (IST)

ਜਗਦੀਸ਼ ਗਰਚਾ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ: ਸੁਖਬੀਰ ਬਾਦਲ

ਲੁਧਿਆਣਾ (ਖੁੱਲਰ, ਮੁੱਲਾਂਪੁਰੀ) - ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕਰ ਲਈ। ਇਸ ਮੌਕੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵੱਲੋਂ ਆਪਣੇ ਸਾਥੀਆਂ ਸਮੇਤ ਬਾਦਲ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ।

ਦੱਸ ਦੇਈਏ ਕਿ ਗਰਚਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ’ਚ ਰਹਿ ਕੇ ਜਿਸ ਬਦਲਾਅ ਲਈ ਸੰਘਰਸ਼ ਕੀਤਾ ਸੀ, ਉਸ ਦੀ ਪੂਰਤੀ ਦਾ ਪ੍ਰਮਾਣ ਉਸ ਵੇਲੇ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਨੂੰ ਦਰਕਿਨਾਰ ਕਰ ਦਿੱਤਾ।

ਇਹ ਵੀ ਪੜ੍ਹੋ- ਉੱਤਰਾਖੰਡ ਦੇ 11,729 ਪੋਲਿੰਗ ਸਟੇਸ਼ਨਾਂ 'ਚੋਂ 5,892 'ਤੇ ਹੋਵੇਗੀ ਵੈਬਕਾਸਟਿੰਗ: ਜੋਗਦੰਡੇ

ਗਰਚਾ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਪਾਰਟੀ ’ਚ ਜੋ ਬਦਲਾਅ ਦੇਖਣਾ ਚਾਹੁੰਦੇ ਸੀ, ਉਸ ਦੀ ਸ਼ੁਰੂਆਤ ਹੋਣ ਉਪਰੰਤ ਉਹ ਇਹ ਮਹਿਸੂਸ ਕਰਦੇ ਹਨ ਕਿ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਬਹੁਤ ਲੋੜ ਹੈ। ਜਿਸ ਅਕਾਲੀ ਦਲ ਨੂੰ ਉਨ੍ਹਾਂ ਨੇ ਕਈ ਦਹਾਕਿਆਂ ਤੱਕ ਖੂਨ-ਪਸੀਨਾ ਅਤੇ ਅਣਥੱਕ ਮਿਹਨਤ ਕਰ ਕੇ ਉਸਾਰਨ ’ਚ ਆਪਣਾ ਯੋਗਦਾਨ ਪਾਇਆ, ਉਸ ਨੂੰ ਮੁੜ ਬਹਾਲ ਕਰਨ ਲਈ ਹਰ ਯਤਨ ਕਰਨਗੇ।

ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ 104 ਸਾਲ ਪੁਰਾਣੇ ਅਕਾਲੀ ਇਤਿਹਾਸ, ਅਕਾਲੀ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਨ ਦਾ ਜੋ ਪ੍ਰਣ ਲਿਆ ਹੈ, ਉਸ ਤੋਂ ਖੁਸ਼ ਹੋ ਕੇ ਅਤੇ ਆਪਣੇ ਸਿਆਸੀ ਗੁਰੂ ਅਤੇ ਸਭ ਤੋਂ ਨਜ਼ਦੀਕੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜੰਦ ਨੂੰ ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦੇ ਦੇਖ ਕੇ ਉਨ੍ਹਾਂ ਦਾ ਮਾਰਗ ਦਰਸ਼ਨ, ਸਾਥ ਅਤੇ ਆਸ਼ੀਰਵਾਦ ਦੇਣ ’ਚ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਗਰਚਾ ਪਰਿਵਾਰ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ, ਜਿਨ੍ਹਾਂ ਦਾ ਫਾਇਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਨਜ਼ਰ ਆਵੇਗਾ।

ਇਸ ਮੌਕੇ ਸਾਬਕਾ ਮੰਤਰੀ ਹੀਰਾ ਇੰਘ ਗਾਬੜੀਆ, ਬਿਕਰਮਜੀਤ ਸਿੰਘ ਖਾਲਸਾ, ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਪਰਉਪਕਾਰ ਸਿੰਘ ਘੁੰਮਣ, ਸੰਤਾ ਸਿੰਘ ਉਮੈਦਪੁਰੀ, ਹਰਪ੍ਰੀਤ ਸਿੰਘ, ਬਾਬਾ ਅਜੀਤ ਸਿੰਘ, ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਭੱਠਲ, ਬੀਬੀ ਸੁਰਿੰਦਰ ਕੌਰ ਦਿਆਲ, ਸਰਪੰਚ ਕੰਵਲਜੀਤ ਸਿੰਘ ਦੂਆ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਲਾਧ ਸਿੰਘ ਢੱਲ, ਵਿਪਨ ਸੂਦ ਕਾਕਾ, ਹਰਪ੍ਰੀਤ ਸਿੰਘ ਗੁਰਮ, ਜਗਬੀਰ ਸਿੰਘ ਸੋਖੀ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News