ਅਕਾਲੀ ਦਲ ਲੀਡਰਸ਼ਿਪ ਲਈ ਜਲੰਧਰ ਹਲਕੇ ਤੋਂ ਉਮੀਦਵਾਰ ਦੀ ਭਾਲ ਬਣੀ ਚੁਣੌਤੀ, ਇਨ੍ਹਾਂ ਨਾਵਾਂ ''ਤੇ ਚੱਲ ਰਹੀ ਚਰਚਾ
Thursday, Apr 18, 2024 - 01:37 PM (IST)
ਜਲੰਧਰ (ਮਹੇਸ਼)- ਦੇਸ਼ ਭਰ ’ਚ ਹੋ ਰਹੀਆ ਪਾਰਲੀਮੈਂਟਰੀ ਚੋਣਾਂ ’ਚ ਪੰਜਾਬ ਅੰਦਰ ਤਕਰੀਬਨ ਹਰ ਵੱਡੀ ਰਾਜਸੀ ਪਾਰਟੀ ’ਚ ਨਿੱਤ ਨਵੇਂ ਰੁਝਾਨ ਬਣਦੇ ਹਨ। ਜਲੰਧਰ ਪਾਰਲੀਮੈਂਟ ਹਲਕੇ ’ਚ 2 ਵੱਡੀਆ ਪਾਰਟੀਆਂ ਦੇ ਉਮੀਦਵਾਰ ਦਲਬਦਲੀ ਕਾਰਨ ਟਿਕਟ ਹਾਸਲ ਕਰਨ ’ਚ ਸਫ਼ਲ ਹੋਏ। ਇਸੇ ਕਰਕੇ ਪਵਨ ਟੀਨੂੰ ਦੇ ‘ਆਪ’ਉਮੀਦਵਾਰ ਐਲਾਨ ਹੋਣ ਨਾਲ ਅਕਾਲੀ ਲੀਡਰਸ਼ਿਪ ਵੱਲੋਂ ਯੋਗ ਉਮੀਦਵਾਰ ਦੀ ਭਾਲ ਨਿਰੰਤਰ ਜਾਰੀ ਹੈ। ਪ੍ਰਾਪਤ ਸੂਚਨਾ ਅਨੁਸਾਰ ਜ਼ਿਲ੍ਹੇ ਦੀ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਉਮੀਦਵਾਰ ਵਜੋਂ ਅਕਾਲੀ ਪਿਛੋਕੜ ਅਤੇ ਪੰਥਕ ਸੋਚ ਵਾਲੇ ਸਿੱਖ ਚਿਹਰੇ ਨੂੰ ਅਗੇ ਲਿਆਉਣ ਬਾਰੇ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾ ਚੁੱਕੀ ਹੈ।
ਬਸਪਾ ਪਿਛੋਕੜ ਵਾਲਾ ਉਮੀਦਵਾਰ ਡਾ. ਸੁਖੀ ਬਸਪਾ ਨਾਲ ਸਮਝੌਤਾ ਹੋਣ ਦੇ ਬਾਵਜੂਦ ਜ਼ਿਮਨੀ ਚੋਣ ਹਾਰ ਗਿਆ ਸੀ। ਇਕ ਬਸਪਾ ਪਿਛੋਕੜ ਵਾਲਾ ਅਕਾਲੀ ਦਲ ਛੱਡ ਗਿਆ ਤੇ ਹੋਰ ਬਸਪਾ ਪਿਛੋਕੜ ਵਾਲੇ ਸਾਬਕਾ ਵਿਧਾਇਕ ਨੂੰ ਪਾਰਲੀਮੈਂਟ ਚੋਣਾਂ ’ਚ ਅਗੇ ਲਿਆਉਣ ’ਤੇ ਵੀ ਲੋਕਲ ਲੀਡਰਸ਼ਿਪ ਸਹਿਮਤ ਨਹੀਂ। ਜ਼ਿਲਾ ਅਕਾਲੀ ਲੀਡਰਸ਼ਿਪ ਦਾ ਤਰਕ ਹੈ ਕਿ ਜੇ ਅਕਾਲੀ ਹਾਈ ਕਮਾਨ ਪੰਥਕ ਮੁੱਦੇ ਵੱਲ ਮੁੜੀ ਹੈ ਤਾਂ ਇਸ ਨੂੰ ਅਕਾਲੀ ਵਿਰਾਸਤ ਵਾਲਾ ਉਮੀਦਵਾਰ ਹੀ ਅੱਗੇ ਲਿਆਉਣਾ ਚਾਹੀਦਾ ਹੈ, ਜਿਸ ਨਾਲ ਸ਼੍ਰੋਮਣੀ ਕਮੇਟੀ ਤੇ ਅਐਂਬਲੀ ਚੋਣਾਂ ਲਈ ਵਧੀਆ ਧਰਾਤਲ ਤਿਆਰ ਹੋਵੇਗਾ। ਇਸੇ ਕਾਰਨ ਕੁਝ ਦਿਨਾ ਤੋਂ ਅਕਾਲੀ ਹਲਕਿਆਂ ’ਚ ਜਲੰਧਰ ਹਲਕੇ ਤੋਂ ਸਰਵਣ ਸਿੰਘ ਫਿਲੌਰ, ਪ੍ਰੋ. ਹਰਬੰਸ ਸਿੰਘ ਬੋਲੀਨਾ ਅਤੇ ਸਾਬਕਾ ਐੱਸ. ਐੱਸ. ਪੀ. ਹਰਮੋਹਨ ਸਿੰਘ ਸੰਧੂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ- ਭਾਜਪਾ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ, ਇਸੇ ਲਈ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜਿਆ: ਭਗਵੰਤ ਮਾਨ
ਅਕਾਲੀ ਦਲ ਲਈ ਇਸ ਵਾਰ ਬਿਖੜਾ ਪੈਂਡਾ ਇਸ ਕਰ ਕੇ ਵੀ ਹੈ ਕਿ ਉਹ ਢਾਈ ਦਹਾਕਿਆਂ ਤੋਂ ਬਾਅਦ ਬਿਨਾਂ ਸਿਆਸੀ ਗਠਜੋੜ ਦੇ ਚੋਣ ਮੈਦਾਨ ’ਚ ਹੈ। ਕਿਸਾਨੀ ਮੋਰਚੇ ਦੌਰਾਨ ਅਕਾਲੀ-ਭਾਜਪਾ ਗਠਜੋੜ ਦੀਆਂ ਸਾਂਝ ਦੀਆਂ ਤੰਦਾਂ ਮੁੜ ਨਹੀਂ ਜੁੜੀਆਂ। ਬਸਪਾ ਨਾਲ ਸਿਆਸੀ ਸਾਂਝ ਕਈ ਵਾਰ ਬਣੀ ਤੇ ਟੁੱਟੀ। ਇਸ ਵਾਰ ਤਾਂ ਬਸਪਾ ਇਕੱਲਿਆ ਚੋਣ ਲੜਨ ਦਾ ਫੈਸਲਾ ਲੈਣ ਕਰ ਕੇ ਅਕਾਲੀ ਦਲ ਹੱਥੋਂ ਦਲਿਤ ਵੋਟ ਦਾ ਵੱਡਾ ਹਿੱਸਾ ਨਿਕਲ ਸਕਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਅਕਾਲੀ ਦਲ ਦਾ ਪੰਥਕ ਵੋਟ ਵੱਲ ਪਰਤਣਾ ਜ਼ਰੂਰੀ ਹੈ, ਜਿਹੜੀ ਕਈ ਮੁੱਦਿਆਂ ਤੇ ਲੀਡਰਸ਼ਿਪ ਨਾਲ ਨਾਰਾਜ਼ ਹੈ। ਕਿਸਾਨੀ ਵੋਟ ਵੀ ਜ਼ਿਆਦਾਤਰ ਸਿੱਖ ਚਿਹਰੇ ਵੱਲ ਪਰਤੇਗੀ।
ਇਹ ਵੀ ਪੜ੍ਹੋ- ਮਾਸੂਮ 'ਦਿਲਰੋਜ਼' ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ
ਸਰਵਣ ਸਿੰਘ ਫਿਲੌਰ ਅਕਾਲੀ ਸਿਆਸਤ ’ਚ ਬਹੁਤ ਸੀਨੀਅਰ ਨੇਤਾ ਹਨ। ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਰਹੇ। ਪ੍ਰੋ. ਹਰਬੰਸ ਸਿੰਘ ਬੋਲੀਨਾ ਅਜਿਹੇ ਪੰਥਕ ਪਰਿਵਾਰ ਨਾਲ ਸਬੰਧਤ ਹਨ, ਜਿਹੜਾ ਇਕ ਸਦੀ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਪੰਥਕ ਤੇ ਸਿਆਸੀ ਮਾਮਲਿਆਂ ਪ੍ਰਤੀ ਡੂੰਘੀ ਸਮਝ ਵਾਲੇ ਪ੍ਰੋ. ਬੋਲੀਨਾ ਵੱਲੋਂ ਸ਼੍ਰੋਮਣੀ ਕਮੇਟੀ ’ਚ ਤੇ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਵਜੋਂ ਯਾਦਗਾਰੀ ਇਤਿਹਾਸਕ ਸੇਵਾਵਾਂ ਨਿਭਾਈਆਂ ਗਈਆਂ। ਸਾਬਕਾ ਪੁਲਸ ਅਫਸਰ ਹਰਮੋਹਨ ਸਿੰਘ ਸੰਧੂ ਅਕਾਲੀ ਵਿਰਾਸਤ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਅਜਾਇਬ ਸਿੰਘ ਸੰਧੂ ਵਿਰੋਧੀ ਧਿਰ ਦੇ ਵਿਧਾਨ ਸਭਾ ’ਚ ਲੀਡਰ ਅਤੇ ਮਾਤਾ ਕੈਬਨਿਟ ਮੰਤਰੀ ਰਹੇ ਹਨ।
ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਵਾਤਾਵਰਨ ਤਬਦੀਲੀ ਤੋਂ ਦਹਿਸ਼ਤਗਰਦ ਵੀ ਪ੍ਰੇਸ਼ਾਨ, ਭਾਰਤ ’ਚ ਕਈ ਥਾਵਾਂ ਹੁਣ ਲੁਕਣਯੋਗ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8