ਜਲੰਧਰ ਸਿਵਲ ਹਸਪਤਾਲ ’ਚ ਫਿਰ ਤੋਂ ਚੋਰੀ ਕਰਨ ਦੀ ਫਿਰਾਕ ’ਚ ਸਨ ਚੋਰ, ਸਟਾਫ਼ ਦੀ ਮੁਸਤੈਦੀ ਕਾਰਨ ਵਾਰਦਾਤ ਟਲੀ
Thursday, Apr 25, 2024 - 02:14 PM (IST)
![ਜਲੰਧਰ ਸਿਵਲ ਹਸਪਤਾਲ ’ਚ ਫਿਰ ਤੋਂ ਚੋਰੀ ਕਰਨ ਦੀ ਫਿਰਾਕ ’ਚ ਸਨ ਚੋਰ, ਸਟਾਫ਼ ਦੀ ਮੁਸਤੈਦੀ ਕਾਰਨ ਵਾਰਦਾਤ ਟਲੀ](https://static.jagbani.com/multimedia/2024_4image_14_09_482797390untitled-21copy.jpg)
ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਇਨ੍ਹੀਂ ਦਿਨੀਂ ਚੋਰਾਂ ਨੇ ਆਪਣਾ ਸਾਮਰਾਜ ਕਾਇਮ ਕਰ ਲਿਆ ਹੈ। ਇਸ ਦੀ ਉਦਾਹਰਣ ਦਿੰਦਿਆਂ ਹਾਲ ਹੀ ’ਚ ਚੋਰਾਂ ਨੇ ਹਸਪਤਾਲ ਦੇ ਓ. ਐੱਸ. ਟੀ. ਸੈਂਟਰ ਨੂੰ ਨਿਸ਼ਾਨਾ ਬਣਾ ਕੇ ਅੰਦਰੋਂ 2 ਕੰਪਿਊਟਰ, ਮੋਬਾਇਲ ਟੈਬਲੈੱਟ, ਪ੍ਰਿੰਟਰ, ਡੀ. ਵੀ. ਆਰ. ਆਦਿ ਸਮਾਨ ਚੋਰੀ ਕਰ ਲਿਆ ਸੀ। ਓ. ਐੱਸ. ਟੀ. ਸੈਂਟਰ ਦੇ ਇੰਚਾਰਜ ਡਾ. ਕੇਤਨ ਨੇ ਦੱਸਿਆ ਕਿ ਕੇਂਦਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੁਣ ਲਾਈਟਾਂ ਲਾ ਦਿੱਤੀਆਂ ਗਈਆਂ ਹਨ ਤੇ ਜਲਦੀ ਹੀ ਲੋਹੇ ਦੇ ਗੇਟ ਵੀ ਲਾਏ ਜਾ ਰਹੇ ਹਨ।
ਇਸ ਤੋਂ ਬਾਅਦ ਇਕ ਨਵਾਂ ਖ਼ੁਲਾਸਾ ਹੋਇਆ ਹੈ ਕਿ ਚੋਰਾਂ ਨੇ ਹਸਪਤਾਲ ’ਚ ਆਕਸੀਜਨ ਪਲਾਂਟ ਨੂੰ ਬਿਜਲੀ ਸਪਲਾਈ ਕਰਨ ਲਈ ਲਾਏ ਗਏ ਨਵੇਂ ਜਨਰੇਟਰਾਂ ਦੀਆਂ ਮਹਿੰਗੀਆਂ ਬੈਟਰੀਆਂ ਚੋਰੀ ਕਰਨ ਦੀ ਯੋਜਨਾ ਬਣਾਈ ਸੀ ਪਰ ਆਕਸੀਜਨ ਪਲਾਂਟ ਦੀ ਦੇਖਰੇਖ ਕਰ ਰਹੇ ਸਟਾਫ਼ ਦੀ ਮੁਸਤੈਦੀ ਕਾਰਨ ਚੋਰੀ ਦੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਓ. ਐੱਸ. ਟੀ. ਸੈਂਟਰ ’ਚ ਚੋਰੀ ਹੋਣ ਤੋਂ ਪਹਿਲਾਂ ਸਟਾਫ਼ ਨੇ ਦੇਖਿਆ ਕਿ ਆਕਸੀਜਨ ਪਲਾਂਟ ਦੇ ਆਲੇ-ਦੁਆਲੇ ਦੀਆਂ ਟਿਊਬ ਲਾਈਟਾਂ ਬੰਦ ਪਈਆਂ ਸਨ, ਜਿਸ ਤੋਂ ਬਾਅਦ ਜੇਕਰ ਧਿਆਨ ਨਾਲ ਦੇਖਿਆ ਤਾਂ ਤਾਰਾਂ ਕੱਟੀਆਂ ਹੋਈਆਂ ਸਨ।
ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਰਸਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਇਸ ਤੋਂ ਬਾਅਦ ਪਤਾ ਲੱਗਾ ਕਿ ਪਲਾਂਟ ਨੂੰ ਆਕਸੀਜਨ ਸਪਲਾਈ ਕਰਨ ਵਾਲੇ ਜਨਰੇਟਰ ਦੀ ਕਾਪਰ ਅਰਥ ਤਾਰ ਵੀ ਕੱਟ ਕੇ ਲੈ ਗਏ। ਦਰਅਸਲ, ਚੋਰਾਂ ਦੀ ਯੋਜਨਾ ਸੀ ਕਿ ਜਨਰੇਟਰ ਨੂੰ ਖਰਾਬ ਕਰ ਕੇ ਬੰਦ ਕੀਤਾ ਜਾ ਸਕੇ ਤੇ ਬਾਅਦ ’ਚ ਉਹ ਜਨਰੇਟਰ ’ਚ ਰੱਖੀਆਂ 2 ਮਹਿੰਗੀਆਂ ਬੈਟਰੀਆਂ ਚੋਰੀ ਕਰ ਸਕਣ। ਸਟਾਫ਼ ਨੇ ਤੁਰੰਤ ਹਰਕਤ ’ਚ ਆਉਂਦਿਆਂ ਸਾਰੀਆਂ ਤਾਰਾਂ ਉੱਚੀਆਂ ਕਰਵਾ ਕੇ ਲਾਈਟਾਂ ਠੀਕ ਕਰਵਾਈਆਂ।
ਚੋਰ ਪਹਿਲਾਂ ਵੀ ਜਨਰੇਟਰ ਤੋਂ ਮਹਿੰਗੀਆਂ ਬੈਟਰੀਆਂ ਚੋਰੀ ਕਰ ਚੁੱਕੇ ਹਨ
ਆਕਸੀਜਨ ਪਲਾਂਟ ਨੂੰ ਬਿਜਲੀ ਸਪਲਾਈ ਕਰਨ ਵਾਲੇ ਜਨਰੇਟਰ ਦਾ ਤਾਲਾ ਤੋੜ ਕੇ ਚੋਰਾਂ ਨੇ 2 ਮਹਿੰਗੀਆਂ ਬੈਟਰੀਆਂ ਚੋਰੀ ਕਰ ਲਈਆਂ ਸਨ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੀਂਦ ਤੋਂ ਜਾਗਿਆ ਤੇ ਜਨਰੇਟਰ, ਜੋ ਕਿ ਕਮਜ਼ੋਰ ਹੁੰਦੇ ਹਨ, ਨੂੰ ਤਾਲਾ ਲਾ ਦਿੱਤਾ। ਦੁਬਾਰਾ ਚੋਰੀ ਨੂੰ ਰੋਕਣ ਲਈ ਜਨਰੇਟਰ ਨੂੰ 2 ਲੋਹੇ ਦੀਆਂ ਰਾਡਾਂ ਨਾਲ ਤਾਲਾ ਲਾ ਕੇ ਸੁਰੱਖਿਅਤ ਕੀਤਾ ਗਿਆ, ਜੇਕਰ ਇਸ ਪੂਰੇ ਮਾਮਲੇ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚੱਲੇਗਾ ਕਿ ਚੋਰੀ ਨੂੰ ਅੰਜਾਮ ਦੇਣ ਵਾਲੇ ਲੋਕ ਬਿਜਲੀ ਦਾ ਕੰਮ ਵੀ ਜਾਣਦੇ ਹਨ। ਇਸ ਤੋਂ ਇਲਾਵਾ ਕੁਝ ਨਸ਼ੇੜੀ, ਜੋ ਹਸਪਤਾਲ ’ਚ ਦਵਾਈ ਲੈਣ ਆਉਂਦੇ ਹਨ, ਉਹ ਸਵੇਰੇ ਹਸਪਤਾਲ ’ਚ ਆ ਕੇ ਦੇਰ ਸ਼ਾਮ ਤੱਕ ਉਥੇ ਹੀ ਬੈਠੇ ਰਹਿੰਦੇ ਹਨ ਤੇ ਹਸਪਤਾਲ ’ਚ ਰੇਕੀ ਵੀ ਕਰਦੇ ਹਨ। ਹਸਪਤਾਲ ’ਚ ਤਾਇਨਾਤ ਪੈਸਕੋ ਸਕਿਉਰਿਟੀ ਇੰਚਾਰਜ ਯਸ਼ਪਾਲ ਸਿੰਘ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁਝ ਨਸ਼ੇੜੀ ਵਿਅਕਤੀ ਬਿਨਾਂ ਕਿਸੇ ਕਾਰਨ ਆਸ-ਪਾਸ ਬੈਠ ਜਾਂਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਅਜਿਹੇ ਲੋਕਾਂ ਨੂੰ ਹਸਪਤਾਲ ਤੋਂ ਬਾਹਰ ਵੀ ਕੱਢਿਆ ਸੀ।
ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8