ਖਰਾਬ ਫਾਰਮ ਨਾਲ ਜੂਝ ਰਹੀਆਂ ਬੈਂਗਲੁਰੂ ਤੇ ਮੁੰਬਈ ਆਹਮੋ-ਸਾਹਮਣੇ

04/10/2024 10:03:28 PM

ਮੁੰਬਈ– ਖਰਾਬ ਫਾਰਮ ਨਾਲ ਜੂਝ ਰਹੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)–2024 ਦੇ ਮੈਚ ਵਿਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਭਿੜੇਗੀ, ਜਿਸ ’ਤੇ ਖੁਦ ਚੰਗੇ ਪ੍ਰਦਰਸ਼ਨ ਦਾ ਭਾਰੀ ਦਬਾਅ ਹੈ। 5 ਵਿਚੋਂ 4 ਮੈਚ ਹਾਰ ਚੁੱਕੀ ਆਰ. ਸੀ. ਬੀ. ਨੇ ਟੀਮ ਚੁਣਨ ਵਿਚ ਗਲਤੀਆਂ ਕੀਤੀਆਂ ਤੇ ਮੈਦਾਨ ’ਤੇ ਵੀ ਪ੍ਰਦਰਸ਼ਨ ਨਾਲ ਉਸਦੀ ਭਰਪਾਈ ਨਹੀਂ ਕਰ ਸਕੀ। ਅੰਕ ਸੂਚੀ ਵਿਚ ਉਹ ਮੁੰਬਈ ਤੋਂ ਇਕ ਹੀ ਸਥਾਨ ਹੇਠਾਂ ਹੈ। ਮੁੰਬਈ 4 ਵਿਚੋਂ ਇਕ ਮੈਚ ਜਿੱਤ ਕੇ 9ਵੇਂ ਸਥਾਨ ’ਤੇ ਹੈ। ਉਸ ਨੇ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਨੂੰ 29 ਦੌੜਾਂ ਨਾਲ ਹਰਾਇਆ ਸੀ। ਵਿਰਾਟ ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਆਰ. ਸੀ. ਬੀ. ਦੀ ਮੁਹਿੰਮ ਦੀ ਬੇਹੱਦ ਖਰਾਬ ਸ਼ੁਰੂਆਤ ਹੋਈ ਹੈ। ਹੁਣ ਆਈ. ਪੀ. ਐੱਲ. ਦੇ ਅੱਧੇ ਮੈਚ ਜਲਦੀ ਹੀ ਖਤਮ ਹੋਣ ਨੂੰ ਹਨ ਤੇ ਅਜਿਹੇ ਵਿਚ ਆਰ. ਸੀ. ਬੀ. ਦੇ ਵਿਦੇਸ਼ੀ ਖਿਡਾਰੀਆਂ ਨੂੰ ਲੈਅ ਲੱਭਣੀ ਪਵੇਗੀ, ਜਿਨ੍ਹਾਂ ਵਿਚ ਕਪਤਾਨ ਫਾਫ ਡੂ ਪਲੇਸਿਸ (109), ਗਲੇਨ ਮੈਕਸਵੈੱਲ (32) ਤੇ ਕੈਮਰਨ ਗ੍ਰੀਨ (68 ਦੌੜਾਂ) ਸ਼ਾਮਲ ਹਨ। ਕੋਹਲੀ ਅਜੇ ਤਕ ਇਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਸਮੇਤ 316 ਦੌੜਾਂ ਬਣਾ ਚੁੱਕਾ ਹੈ ਪਰ ਉਸ ਨੂੰ ਦੂਜੇ ਪਾਸੇ ਤੋਂ ਸਾਥ ਨਹੀਂ ਮਿਲ ਸਕਿਆ। 5 ਮਹੀਨੇ ਪਹਿਲਾਂ ਵਿਸ਼ਵ ਕੱਪ ਵਿਚ ਸੈਮੀਫਾਈਨਲ ਵਿਚ ਵਾਨਖੇੜੇ ਸਟੇਡੀਅਮ ’ਤੇ ਸੈਂਕੜੇ ਲਾਉਣ ਵਾਲਾ ਕੋਹਲੀ ਇਕ ਵਾਰ ਫਿਰ ਉਸੇ ਮੈਦਾਨ ’ਤੇ ਆਪਣੇ ਬੱਲੇ ਨਾਲ ਜਲਵਾ ਬਿਖੇਰਨਾ ਚਾਹੇਗਾ।
ਗੇਂਦਬਾਜ਼ੀ ਵਿਚ ਮੈਕਸਵੈੱਲ 4 ਵਿਕਟਾਂ ਲੈ ਚੁੱਕਾ ਹੈ ਪਰ ਮੁੱਖ ਗੇਂਦਬਾਜ਼ ਅਸਰ ਛੱਡਣ ਵਿਚ ਅਸਫਲ ਰਹੇ ਹਨ। ਮੁੰਬਈ ਵਿਰੁੱਧ ਉਸ ਨੇ ਹਾਲਾਂਕਿ ਪਿਛਲੇ 5 ਵਿਚੋਂ 4 ਮੈਚ ਜਿੱਤੇ ਹਨ। ਦੋਵੇਂ ਟੀਮਾਂ ਵਿਚਾਲੇ ਹੁਣ ਤਕ ਹੋਏ 32 ਮੁਕਾਬਲਿਆਂ ਵਿਚੋਂ 18 ਮੁੰਬਈ ਨੇ ਤੇ 14 ਆਰ. ਸੀ. ਬੀ. ਨੇ ਜਿੱਤੇ ਹਨ।
ਆਮ ਤੌਰ ’ਤੇ ਆਈ. ਪੀ. ਐੱਲ. ਵਿਚ ਹੌਲੀ ਸ਼ੁਰੂਆਤ ਕਰਨ ਵਾਲੀ ਮੁੰਬਈ ਟੀਮ ਨੂੰ ਪਤਾ ਹੈ ਕਿ ਹੁਣ ਦੇਰ ਕਰਨ ਨਾਲ ਨਤੀਜੇ ਉਲਟ ਹੋ ਸਕਦੇ ਹਨ। ਆਰ. ਸੀ. ਬੀ. ਨੂੰ ਹਰਾ ਕੇ ਉਸਦਾ ਇਰਾਦਾ ਲਗਾਤਾਰ ਦੂਜੀ ਜਿੱਤ ਦਰਜ ਕਰਨ ਦਾ ਹੋਵੇਗਾ ਤਾਂ ਕਿ ਟੀਮ ਦਾ ਮਨੋਬਲ ਵੱਧ ਸਕੇ ਕਿਉਂਕਿ ਅਗਲੇ ਮੈਚ ਵਿਚ ਉਸ ਨੂੰ ਚੇਨਈ ਸੁਪਰ ਕਿੰਗਜ਼ ਨਾਲ ਖੇਡਣਾ ਹੈ।
ਚੋਟੀਕ੍ਰਮ ’ਤੇ ਈਸ਼ਾਨ ਕਿਸ਼ਨ ਤੇ ਰੋਹਿਤ ਸ਼ਰਮਾ ਨੇ ਦੌੜਾਂ ਬਣਾਈਆਂ ਹਨ ਪਰ ਮੱਧਕ੍ਰਮ ਅਸਫਲ ਰਿਹਾ ਹੈ, ਜਿਸ ਲਈ ਕਪਤਾਨ ਹਾਰਦਿਕ ਪੰਡਯਾ ਨੂੰ ਜਵਾਬ ਦੇਣਾ ਹੋਵੇਗਾ। ਇਹ ਵੀ ਦੇਖਣਾ ਹੋਵੇਗਾ ਕਿ ਮੁੰਬਈ ਦੇ ਪ੍ਰਸ਼ੰਸਕਾਂ ਦਾ ਹਾਰਦਿਕ ’ਤੇ ਗੁੱਸਾ ਘੱਟ ਹੋਇਆ ਹੈ ਜਾਂ ਨਹੀਂ। ਪਿਛਲੇ ਮੈਚ ਵਿਚ ਨਿਯਮਤ ਪ੍ਰਸ਼ੰਸਕਾਂ ਦੀ ਬਜਾਏ ਹਜ਼ਾਰਾਂ ਬੱਚੇ ਮੈਦਾਨ ਵਿਚ ਸਨ, ਜਿਸ ਨਾਲ ਉਸ ਨੂੰ ਹੂਟਿੰਗ ਨਹੀਂ ਝੱਲਣੀ ਪਈ। ਸੂਰਯਕੁਮਾਰ ਯਾਦਵ ਦੀ ਵਾਪਸੀ ਨਾਲ ਬੱਲੇਬਾਜ਼ੀ ਵੀ ਮਜ਼ਬੂਤ ਹੋਈ ਹੈ।


Aarti dhillon

Content Editor

Related News