ਕਰਨਾਟਕ ’ਚ ਇਕ ਸਾਲ ਦੇ ਅੰਦਰ ਇਕ ਵਾਰ ਫਿਰ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ

Friday, Apr 26, 2024 - 02:07 PM (IST)

ਨੈਸ਼ਨਲ ਡੈਸਕ- ਕਰਨਾਟਕ ਦੀਆਂ 28 ਲੋਕ ਸਭਾ ਸੀਟਾਂ ਵਿਚੋਂ 14 ’ਤੇ ਸ਼ੁੱਕਰਵਾਰ ਨੂੰ ਪੈਣ ਜਾ ਰਹੀਆਂ ਵੋਟਾਂ ਦੇ ਨਾਲ ਹੀ ਸੂਬੇ ਵਿਚ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਫਿਰ ਤੋਂ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹੋਣਗੀਆਂ। ਇਸ ਚੋਣ ਵਿਚ ਸੱਤਾਧਾਰੀ ਕਾਂਗਰਸ ਅਤੇ ਭਾਜਪਾ-ਜਨਤਾ ਦਲ (ਸੈਕੂਲਰ) ਗੱਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ, ਜਦੋਂਕਿ ਪਿਛਲੇ ਸਾਲ ਮਈ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਤਿੰਨਾਂ ਪਾਰਟੀਆਂ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਸੂਬੇ ਦੀਆਂ ਹੋਰ 14 ਲੋਕ ਸਭਾ ਸੀਟਾਂ ਲਈ 7 ਮਈ ਨੂੰ ਵੋਟਾਂ ਪੈਣਗੀਆਂ। ਪਹਿਲੇ ਪੜਾਅ ’ਚ ਸੂਬੇ ਦੇ ਜ਼ਿਆਦਾਤਰ ਦੱਖਣੀ ਅਤੇ ਤੱਟਵਰਤੀ ਜ਼ਿਲਿਆਂ ’ਚ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ’ਚ ਕੁੱਲ 247 ਉਮੀਦਵਾਰ (226 ਮਰਦ ਅਤੇ 21 ਔਰਤਾਂ) ਚੋਣ ਮੈਦਾਨ ’ਚ ਹਨ।

ਚੋਣਾਂ ਲਈ 2.88 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਸੂਬੇ ਦੇ 30,602 ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਕਾਂਗਰਸ ਸਾਰੀਆਂ 14 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦੋਂ ਕਿ ਭਾਜਪਾ ਨੇ 11 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਉਸ ਦੇ ਸਹਿਯੋਗੀ ਜਨਤਾ ਦਲ (ਐੱਸ) ਨੇ ਤਿੰਨ ਸੀਟਾਂ ਹਸਨ, ਮਾਂਡਿਆ ਅਤੇ ਕੋਲਾਰ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਤਿੰਨਾਂ ਤੋਂ ਇਲਾਵਾ, ਜਿਨ੍ਹਾਂ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚ ਉਡੁਪੀ-ਚਿੱਕਮੰਗਲੂਰ, ਦੱਖਣੀ ਕੰਨੜ, ਚਿਤਰਦੁਰਗ, ਤੁਮਕੁਰ, ਮੈਸੂਰ, ਚਾਮਰਾਜਨਗਰ, ਬੈਂਗਲੁਰੂ ਗ੍ਰਾਮੀਣ, ਬੈਂਗਲੁਰੂ ਉੱਤਰੀ, ਬੈਂਗਲੁਰੂ ਕੇਂਦਰੀ, ਬੈਂਗਲੁਰੂ ਦੱਖਣੀ ਅਤੇ ਚਿੱਕਬੱਲਾਪੁਰ ਸ਼ਾਮਲ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਜੇ. ਡੀ. (ਐੱਸ) ਗੱਠਜੋੜ ਵਿਚ ਸਨ ਅਤੇ ਰਾਜ ਵਿਚ ਸੱਤਾ ਵਿਚ ਸਨ। ਦੋਵਾਂ ਨੂੰ ਇਨ੍ਹਾਂ 14 ਹਲਕਿਆਂ ਵਿਚ ਸਿਰਫ਼ ਇਕ-ਇਕ ਸੀਟ ਮਿਲੀ ਸੀ। ਭਾਜਪਾ ਨੇ 11 ਸੀਟਾਂ ਜਿੱਤੀਆਂ ਸਨ ਅਤੇ ਮੰਡਿਆ ਵਿਚ ਪਾਰਟੀ ਸਮਰਥਿਤ ਆਜ਼ਾਦ ਉਮੀਦਵਾਰ ਦੀ ਜਿੱਤ ਯਕੀਨੀ ਬਣਾਈ ਸੀ। ਦੱਖਣੀ ਭਾਰਤ ਵਿਚ ਕਰਨਾਟਕ ਭਾਜਪਾ ਲਈ ਸਭ ਤੋਂ ਮਹੱਤਵਪੂਰਨ ਰਾਜ ਹੈ ਕਿਉਂਕਿ ਉਹ ਪਿਛਲੇ ਸਮੇਂ ਵਿਚ ਇਥੇ ਸੱਤਾ ਸੰਭਾਲ ਚੁੱਕੀ ਹੈ। ਇਕ ਰਾਜਨੀਤਕ ਵਿਸ਼ਲੇਸ਼ਕ ਨੇ ਕਿਹਾ ਕਿ ਇਸਦੀ ਸਹਿਯੋਗੀ ਜਨਤਾ ਦਲ (ਐੱਸ) ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਰਾਜਨੀਤਕ ਤੌਰ ’ਤੇ ਢੁਕਵੇਂ ਰਹਿਣ ਲਈ ਸੰਘਰਸ਼ ਕਰ ਰਹੀ ਹੈ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਮਨੋਜ ਕੁਮਾਰ ਮੀਨਾ ਮੁਤਾਬਕ ਪਹਿਲੇ ਪੜਾਅ ਲਈ 1.4 ਲੱਖ ਪੋਲਿੰਗ ਅਧਿਕਾਰੀ ਡਿਊਟੀ ’ਤੇ ਹੋਣਗੇ।ਉਨ੍ਹਾਂ ਤੋਂ ਇਲਾਵਾ 5 ਹਜ਼ਾਰ ਮਾਈਕ੍ਰੋ ਅਬਜ਼ਰਵਰ, 50 ਹਜ਼ਾਰ ਸਥਾਨਕ ਪੁਲਸ ਮੁਲਾਜ਼ਮ, ਨੀਮ ਫ਼ੌਜੀ ਬਲਾਂ ਦੀਆਂ 65 ਕੰਪਨੀਆਂ ਅਤੇ ਹੋਰ ਰਾਜਾਂ ਦੇ ਪੁਲਸ ਬਲ ਵੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣਗੇ। ਮੀਨਾ ਨੇ ਕਿਹਾ ਕਿ ਬੈਂਗਲੁਰੂ ਦਿਹਾਤੀ ਸੰਸਦੀ ਹਲਕੇ ਦੇ ਸਾਰੇ 2,829 ਪੋਲਿੰਗ ਸਟੇਸ਼ਨਾਂ ’ਤੇ ਵੈੱਬਕਾਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਕੁੱਲ 30,602 ਪੋਲਿੰਗ ਸਟੇਸ਼ਨਾਂ ਵਿਚੋਂ 19,701 ’ਤੇ ਵੈਬਕਾਸਟ ਕੀਤਾ ਜਾਵੇਗਾ ਅਤੇ 1,370 ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ।


Rakesh

Content Editor

Related News