ਵਿਦੇਸ਼ ਭੇਜਣ ਦੇ ਨਾਂ ''ਤੇ ਜੋੜੇ ਮਾਰੀ 10 ਲੱਖ ਦੀ ਠੱਗੀ, ਮਾਮਲਾ ਦਰਜ

01/16/2020 4:45:54 PM

ਭੋਗਪੁਰ (ਸੂਰੀ)— ਭੋਗਪੁਰ ਪੁਲਸ ਵੱਲੋਂ ਇਕ ਏਜੰਟ ਜੋੜੇ ਖਿਲਾਫ 10 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਰਣਧੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਉਹ 11 ਸਾਲ ਪਹਿਲਾਂ ਦੁਬਈ ਰਹਿ ਕੇ ਆਇਆ ਹੈ ਅਤੇ ਦੁਬਈ 'ਚ ਹੀ ਉਸ ਦੀ ਜਾਣ-ਪਛਾਣ ਟ੍ਰੈਵਲ ਏਜੰਟ ਰਾਜੇਸ਼ ਕੁਮਾਰ ਅਤੇ ਉਸ ਦੀ ਘਰ ਵਾਲੀ ਰੂਬੀ ਨਾਲ ਹੋਈ ਸੀ। ਰਣਧੀਰ ਸਿੰਘ ਜਦੋਂ ਵਾਪਸ ਭਾਰਤ ਆਇਆ ਤਾਂ ਟ੍ਰੈਵਲ ਏਜੰਟ ਰਾਜੇਸ਼ ਕੁਮਾਰ ਨੇ ਦੁਬਈ ਤੋਂ ਫੋਨ ਕੀਤਾ ਕਿ ਉਹ ਦੁਬਈ 'ਚ ਇਕ ਹੋਟਲ ਖੋਲ੍ਹ ਰਿਹਾ ਹੈ ਅਤੇ ਉਸ ਨੂੰ ਹੋਟਲ 'ਚ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ ਅਤੇ ਉਸ ਨੇ ਰਣਧੀਰ ਸਿੰਘ ਨੂੰ ਬੰਦਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ।

ਰਣਧੀਰ ਸਿੰਘ ਨੇ ਗੁਰਬੀਰ ਸਿੰਘ ਪੁੱਤਰ ਰਣਧੀਰ ਸਿੰਘ, ਰਾਮ ਤੀਰਥ ਪੁੱਤਰ ਗੱਜਾ ਸਿੰਘ ਵਾਸੀ ਵਡਾਲਾ, ਗੁਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਚਾਓਚੱਕ, ਬਲਵੰਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਹੱਦੀਪੁਰ, ਗਗਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨਡਾਲਾ, ਰਾਜਵਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਅਜੀਤ ਨਗਰ ਕਪੂਰਥਲਾ, ਕੁਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਡਿਆਲਾ, ਨਰਿੰਦਰਜੀਤ ਸਿੰਘ ਪੁੱਤਰ ਹੀਰਾ ਸਿੰਘ ਅਜੀਤ ਨਗਰ ਕਪੂਰਥਲਾ, ਮਨਜੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਡਾਲਾ, ਸੁਖਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਘੁਮਾਣ ਜ਼ਿਲਾ ਗੁਰਦਾਸਪੁਰ ਦੇ ਪਾਸਪੋਰਟਾਂ ਦੀਆਂ ਕਾਪੀਆਂ ਦੁਬਈ ਭੇਜ ਦਿੱਤੀਆਂ। ਇਸ ਤੋਂ ਥੋੜ੍ਹੇ ਦਿਨ ਬਾਅਦ ਟ੍ਰੈਵਲ ਏਜੰਟ ਰਾਜੇਸ਼ ਕੁਮਾਰ ਨੇ ਦੁਬਈ ਤੋਂ ਰਣਧੀਰ ਸਿੰਘ ਨੂੰ ਫੋਨ ਕੀਤਾ ਕਿ ਉਸ ਨੇ ਸਭ ਦੇ ਵੀਜ਼ੇ ਲਗਵਾ ਕੇ ਟਿਕਟਾਂ ਦਾ ਇੰਤਜ਼ਾਮ ਕਰ ਦਿੱਤਾ ਹੈ ਅਤੇ ਉਸ ਨੇ ਰਣਧੀਰ ਸਿੰਘ ਨੂੰ ਕਿਹਾ ਕਿ ਤੁਸੀਂ ਮੈਨੂੰ 10 ਲੱਖ ਰੁਪਏ ਦੇਣੇ ਹਨ ਇਨ੍ਹਾਂ 'ਚੋਂ 2 ਲੱਖ ਰੁਪਏ ਮੇਰੀ ਪਤਨੀ ਰੂਬੀ ਜੋ ਕਿ ਜੰਮੂ ਵਿਖੇ ਆਈ ਹੋਈ ਹੈ, ਨੂੰ ਅਡਵਾਂਸ ਦੇ ਤੌਰ 'ਤੇ ਦੇ ਦਿਓ। ਏਜੰਟ ਰਾਜੇਸ਼ ਦੀ ਪਤਨੀ ਰੂਬੀ ਨੇ ਰਣਧੀਰ ਸਿੰਘ ਨੂੰ ਫੋਨ ਕੀਤਾ ਕਿ ਉਹ ਭੋਗਪੁਰ ਆ ਗਈ ਅਤੇ ਰਣਧੀਰ ਸਿੰਘ ਨੇ ਆਪਣੇ ਰਿਸ਼ਤੇਦਾਰ ਨਰਿੰਦਰ ਸਿੰਘ ਨਾਲ ਭੋਗਪੁਰ ਬੱਸ ਅੱਡੇ 'ਚ ਜਾ ਕੇ 2 ਲੱਖ ਰੁਪਏ ਰੂਬੀ ਕੁਮਾਰੀ ਨੂੰ ਦਿੱਤੇ ਅਤੇ ਬਾਕੀ 8 ਲੱਖ ਰੁਪਏ ਰਾਜੇਸ਼ ਕੁਮਾਰ ਵਲੋਂ ਦਿੱਤੇ ਗਏ ਵੱਖ-ਵੱਖ ਬੈਂਕ ਅਕਾਂਊਟਾਂ 'ਚ ਜਮ੍ਹਾ ਕਰਵਾ ਦਿੱਤੇ। ਜਦੋਂ ਰਣਧੀਰ ਸਿੰਘ ਨੇ ਏਜੰਟ ਰਾਜੇਸ਼ ਵਲੋਂ ਭੇਜੇ ਵੀਜ਼ੇ ਅਤੇ ਟਿਕਟਾਂ ਚੈੱਕ ਕਰਵਾਈਆਂ ਤਾਂ ਸਭ ਕੁਝ ਜਾਅਲੀ ਨਿਕਲਿਆ।

ਉਸ ਤੋਂ ਬਾਅਦ ਰਾਜੇਸ਼ ਅਤੇ ਉਸ ਦੀ ਪਤਨੀ ਰੂਬੀ ਨੇ ਆਪਣੇ ਮੋਬਾਇਲ ਫੋਨ ਬੰਦ ਕਰ ਲਏ। ਐੱਸ. ਐੱਸ. ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਪ੍ਰਾਪਰਟੀ ਕੋਲੋਂ ਕਰਵਾਉਣ ਤੋਂ ਬਾਅਦ ਥਾਣਾ ਭੋਗਪੁਰ ਪੁਲਸ ਵਲੋਂ ਰਾਜੇਸ਼ ਕੁਮਾਰ ਪੁੱਤਰ ਸੰਤ ਰਾਮ ਅਤੇ ਉਸ ਦੀ ਪਤਨੀ ਰੂਬੀ ਵਾਸੀ ਬਲੇਹਰ ਜ਼ਿਲਾ ਆਰ. ਐੱਸ. ਪੁਰਾ ਜੰਮੂ ਖਿਲਾਫ ਥਾਣਾ ਭੋਗਪੁਰ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।


shivani attri

Content Editor

Related News