ਕੰਪੋਸਟਿੰਗ ਪ੍ਰਾਜੈਕਟ ਵਿਚ Investment ਦੇ ਨਾਂ ''ਤੇ 7.70 ਲੱਖ ਰੁਪਏ ਦੀ ਠੱਗੀ
Thursday, Feb 19, 2026 - 02:57 PM (IST)
ਲੁਧਿਆਣਾ (ਰਾਜ): ਸ਼ਹਿਰ ਵਿਚ ਨਿਵੇਸ਼ ਦੇ ਨਾਂ 'ਤੇ ਮੋਟੀ ਕਮਾਈ ਦਾ ਲਾਲਚ ਦੇ ਕੇ ਲੋਕਾਂ ਦੀ ਮਿਹਨਤ ਦੀ ਕਮਾਈ ਡਕਾਰਨ ਵਾਲੇ ਗਿਰੋਹ ਸਰਗਰਮ ਹਨ। ਤਾਜ਼ਾ ਮਾਮਲੇ ਵਿਚ ਇਕ ਸ਼ਾਤਰ ਗਿਰੋਹ ਨੇ ਵਰਮੀ ਕੰਪੋਸਟਿੰਗ (ਖਾਦ ਬਣਾਉਣ ਦਾ ਪ੍ਰਾਜੈਕਟ) ਦੇ ਨਾਂ 'ਤੇ ਇਕ ਵਿਅਕਤੀ ਨੂੰ ਆਪਣੇ ਜਾਲ ਵਿਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਨਿਰਮਲ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਸੰਜੇ ਕੁਮਾਰ ਸ਼ਾਹ, ਜਤਿੰਦਰ ਕੁਮਾਰ ਸ਼ਾਹ ਅਤੇ ਸੁਰਿੰਦਰ ਕੁਮਾਰ ਸ਼ਾਹ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਉਸ ਨੂੰ ਆਪਣੀ ਕੰਪਨੀ ਦੇ ਵਰਮੀ ਕੰਪੋਸਟਿੰਗ ਪ੍ਰਾਜੈਕਟ ਵਿਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ। ਮੁਲਜ਼ਮਾਂ ਨੇ ਪੀੜਤ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਸ ਪ੍ਰਾਜੈਕਟ ਵਿਚ ਪੈਸਾ ਲਗਾਉਣ ਨਾਲ ਉਸ ਨੂੰ ਵੱਡਾ ਲਾਭ ਅਤੇ ਨਿਯਮਤ ਮੁਨਾਫਾ ਹੋਵੇਗਾ। ਝਾਂਸੇ ਵਿਚ ਆ ਕੇ ਨਿਰਮਲ ਸਿੰਘ ਨੇ ਕੁੱਲ 7,70,000 ਰੁਪਏ ਦੀ ਵੱਡੀ ਰਾਸ਼ੀ ਮੁਲਜ਼ਮਾਂ ਦੇ ਹਵਾਲੇ ਕਰ ਦਿੱਤੀ। ਨਿਵੇਸ਼ ਤੋਂ ਬਾਅਦ ਜਦੋਂ ਵਾਅਦੇ ਮੁਤਾਬਕ ਨਾ ਤਾਂ ਮੁਨਾਫਾ ਮਿਲਿਆ ਅਤੇ ਨਾ ਹੀ ਅਸਲ ਰਾਸ਼ੀ ਵਾਪਸ ਆਈ, ਤਦ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ।
ਪੁਲਸ ਦੀ ਜਾਂਚ ਰਿਪੋਰਟ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਮੁਲਜ਼ਮਾਂ ਦਾ ਮਕਸਦ ਸ਼ੁਰੂ ਤੋਂ ਹੀ ਧੋਖਾਧੜੀ ਕਰਨਾ ਸੀ। ਉਨ੍ਹਾਂ ਨੇ ਪੀੜਤ ਤੋਂ ਨਿਵੇਸ਼ ਦੇ ਨਾਮ 'ਤੇ ਪੈਸੇ ਤਾਂ ਐਂਠ ਲਏ ਪਰ ਬਦਲੇ ਵਿੱਚ ਨਾ ਤਾਂ ਕੋਈ ਪ੍ਰਾਜੈਕਟ ਸ਼ੁਰੂ ਕੀਤਾ ਅਤੇ ਨਾ ਹੀ ਰਕਮ ਵਾਪਸ ਕੀਤੀ। ਵਾਰ-ਵਾਰ ਪੈਸੇ ਮੰਗਣ 'ਤੇ ਜਦੋਂ ਮੁਲਜ਼ਮਾਂ ਨੇ ਹੱਥ ਖੜ੍ਹੇ ਕਰ ਦਿੱਤੇ ਤਾਂ ਪੀੜਤ ਨੇ ਇਨਸਾਫ਼ ਲਈ ਪੁਲਸ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ।
