NCB ਵਲੋਂ ਗ੍ਰਿਫ਼ਤਾਰ ਨਸ਼ਾ ਤਸਕਰ ਨੂੰ 10 ਸਾਲ ਦੀ ਕੈਦ
Thursday, Feb 26, 2026 - 02:09 PM (IST)
ਮੋਹਾਲੀ (ਜਸਬੀਰ ਜੱਸੀ) : ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਚਲਾਈ ਗਈ ਮੁਹਿੰਮ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਲੋਂ ਨਸ਼ੇ ਦੀ ਖੇਪ ਸਮੇਤ ਗ੍ਰਿਫ਼ਤਾਰ ਅਜੀਤ ਸਿੰਘ ਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਵਲੋਂ ਅਜੀਤ ਸਿੰਘ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਇਸ ਮਾਮਲੇ 'ਚ ਦੋਸ਼ੀ ਠਹਿਰਾਉਂਦਿਆਂ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ 20 ਫਰਵਰੀ 2018 ਨੂੰ, ਐੱਨ. ਸੀ. ਬੀ ਅਧਿਕਾਰੀਆਂ ਨੇ ਲੁਧਿਆਣਾ, ਕਠੂਆ, ਜੰਮੂ ਅਤੇ ਕਸ਼ਮੀਰ ਦੇ ਵਸਨੀਕ ਅਜੀਤ ਸਿੰਘ ਤੋਂ 2.840 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਸੀ।
ਮੌਕੇ 'ਤੇ ਪੁੱਛਗਿੱਛ ਤੋਂ ਕੁੱਝ ਸੁਰਾਗ ਮਿਲੇ, ਜਿਸ ਕਾਰਨ ਉਸ ਦੇ ਸਾਥੀ ਸ਼ਿਆਮ ਲਾਲ (ਕਠੂਆ ਤੋਂ ਵੀ) ਨੂੰ ਉਸੇ ਦਿਨ ਲੁਧਿਆਣਾ ਦੇ ਲੱਕੀ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ 1.175 ਕਿਲੋਗ੍ਰਾਮ ਸ਼ਿਆਮ ਲਾਲ ਦੇ ਕਬਜ਼ੇ 'ਚੋਂ ਚਰਸ ਬਰਾਮਦ ਕੀਤੀ ਗਈ ਸੀ। ਐੱਨ. ਸੀ. ਬੀ ਨੇ ਅਗਸਤ 2018 ਵਿਚ ਐੱਨ. ਡੀ. ਪੀ. ਐੱਸ ਅਦਾਲਤ ਲੁਧਿਆਣਾ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ, 1985 ਦੇ ਤਹਿਤ ਇਕ ਸ਼ਿਕਾਇਤ ਦਰਜ ਕਰਵਾਈ। ਅਦਾਲਤੀ ਕਾਰਵਾਈ ਦੌਰਾਨ ਸ਼ਿਆਮ ਲਾਲ ਦਾ 20 ਨਵੰਬਰ 2025 ਨੂੰ ਦਿਹਾਂਤ ਹੋ ਗਿਆ, ਜਿਸ ਕਾਰਨ ਉਸਦੇ ਖ਼ਿਲਾਫ਼ ਕਾਰਵਾਈ ਖ਼ਤਮ ਹੋ ਗਈ।
