Study Visa ''ਤੇ ਅਮਰੀਕਾ ਭੇਜਣ ਦੇ ਨਾਂ ''ਤੇ 9 ਲੱਖ ਰੁਪਏ ਦੀ ਠੱਗੀ
Thursday, Feb 19, 2026 - 02:34 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ਾਤਰ ਏਜੰਟਾਂ ਦੀ ਖੇਡ ਰੁਕਣ ਦਾ ਨਾਮ ਨਹੀਂ ਲੈ ਰਹੀ। ਅਜਿਹੇ ਹੀ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਇਕ ਨੌਜਵਾਨ ਨੂੰ ਜਾਲਸਾਜ਼ਾਂ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਚਪਤ ਲਗਾ ਦਿੱਤੀ। ਥਾਣਾ ਮੇਹਰਬਾਨ ਦੀ ਪੁਲਸ ਨੇ ਪੀੜਤ ਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਸੋਨੀਆ ਬਸਰਾ ਅਤੇ ਵਾਸਨ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਮਨਦੀਪ ਸਿੰਘ ਨੂੰ ਆਪਣੇ ਝਾਂਸੇ ਵਿਚ ਲਿਆ ਸੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਸਟੱਡੀ ਬੇਸ 'ਤੇ ਅਮਰੀਕਾ ਦਾ ਵੀਜ਼ਾ ਦਿਵਾ ਦੇਣਗੇ ਅਤੇ ਉੱਥੇ ਸੈਟਲ ਹੋਣ ਵਿਚ ਮਦਦ ਕਰਨਗੇ।
ਅਮਰੀਕਾ ਜਾਣ ਦੇ ਇਸੇ ਲਾਲਚ ਵਿਚ ਆ ਕੇ ਪੀੜਤ ਨੇ ਮੁਲਜ਼ਮਾਂ ਨੂੰ ਕੁੱਲ 9 ਲੱਖ ਰੁਪਏ ਦੀ ਵੱਡੀ ਰਾਸ਼ੀ ਸੌਂਪ ਦਿੱਤੀ। ਮੁਲਜ਼ਮਾਂ ਨੇ ਪੈਸੇ ਤਾਂ ਲੈ ਲਏ ਪਰ ਜਦੋਂ ਵੀਜ਼ੇ ਦੀ ਗੱਲ ਆਈ ਤਾਂ ਉਹ ਟਾਲ-ਮਟੋਲ ਕਰਨ ਲੱਗੇ ਅਤੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਨਦੀਪ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਪੀੜਤ ਨੇ ਵਿਦੇਸ਼ ਨਾ ਜਾ ਸਕਣ ਦੀ ਸਥਿਤੀ ਵਿਚ ਆਪਣੀ ਰਕਮ ਵਾਪਸ ਮੰਗਣੀ ਸ਼ੁਰੂ ਕੀਤੀ। ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਨਾ ਤਾਂ ਪੀੜਤ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਉਸ ਦੀ ਮਿਹਨਤ ਦੀ ਕਮਾਈ ਵਾਪਸ ਕੀਤੀ। ਕਾਫੀ ਸਮੇਂ ਤੱਕ ਚੱਕਰ ਲਗਵਾਉਣ ਤੋਂ ਬਾਅਦ ਜਦੋਂ ਕੋਈ ਹੱਲ ਨਹੀਂ ਨਿਕਲਿਆ, ਤਾਂ ਪੀੜਤ ਨੇ ਪੁਲਸ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ। ਪੁਲਸ ਨੇ ਜਾਂਚ ਵਿਚ ਪਾਇਆ ਕਿ ਮੁਲਜ਼ਮਾਂ ਦੀ ਨੀਅਤ ਸ਼ੁਰੂ ਤੋਂ ਹੀ ਠੱਗੀ ਕਰਨ ਦੀ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
