ਅਣਪਛਾਤੇ ਗੱਡੀ ਸਵਾਰਾਂ ਨੇ ਆੜ੍ਹਤੀ ਤੇ ਉਸ ਦੀ ਪਤਨੀ ’ਤੇ ਕੀਤਾ ਹਮਲਾ
Wednesday, Jan 22, 2025 - 02:32 PM (IST)
ਕਪੂਰਥਲਾ (ਮਹਾਜਨ/ਭੂਸ਼ਣ)-ਕਪੂਰਥਲਾ ਦੇ ਮਾਲ ਰੋਡ ’ਤੇ ਦੋ ਅਣਪਛਾਤੇ ਗੱਡੀ ਸਵਾਰਾਂ ਵੱਲੋਂ ਇਕ ਆੜ੍ਹਤੀ ਅਤੇ ਉਸ ਦੀ ਪਤਨੀ ’ਤੇ ਹਮਲਾ ਕਰ ਦਿੱਤਾ ਗਿਆ। ਆੜ੍ਹਤੀ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਵਾਰਦਾਤ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਘਟਨਾ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ’ਚ ਜ਼ੇਰੇ ਇਲਾਜ ਅਭਿਸ਼ੇਕ ਸ਼ਰਮਾ ਪੁੱਤਰ ਰਮੇਸ਼ ਚੰਦ ਸ਼ਰਮਾ ਵਾਸੀ ਕਪੂਰਥਲਾ ਨੇ ਦੱਸਿਆ ਕਿ ਉਸਦੀ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਆੜ੍ਹਤ ਦੀ ਦੁਕਾਨ ਹੈ। ਬੀਤੇ ਦਿਨ ਦੁਪਹਿਰ ਸਮੇਂ ਉਹ ਆਪਣੀ ਪਤਨੀ ਨਾਲ ਮਾਲ ਰੋਡ ’ਤੇ ਸਾਮਾਨ ਦੀ ਖਰੀਦਦਾਰੀ ਕਰਨ ਲਈ ਗਿਆ ਸੀ।
ਇਸ ਦੌਰਾਨ ਮਾਲ ਰੋਡ ’ਤੇ ਦੋ ਅਣਪਛਾਤੇ ਨੌਜਵਾਨ ਬਿਨਾਂ ਨੰਬਰ ਤੋਂ ਥਾਰ ਗੱਡੀ ’ਚ ਸਵਾਰ ਹੋ ਕੇ ਆਏ। ਆਉਂਦੇ ਹੀ ਉਹ ਉਸ ਨਾਲ ਗਾਲੀ ਗਲੌਚ ਕਰਨ ਲੱਗ ਪਏ। ਜਦੋਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਅਣਪਛਾਤੇ ਨੌਜਵਾਨ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਉਨ੍ਹਾਂ ਨੂੰ ਧਮਕਾਇਆ। ਇਸ ਦੌਰਾਨ ਹੋਈ ਹੱਥੋਪਾਈ ’ਚ ਉਸ ਦਾ ਮੋਬਾਇਲ ਫੋਨ ਵੀ ਟੁੱਟ ਗਿਆ। ਕੁੱਟਮਾਰ ਕਰਨ ਤੋਂ ਬਾਅਦ ਦੋਵੇਂ ਅਣਪਛਾਤੇ ਨੌਜਵਾਨ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਹੋਏ ਉਹ ਉਸਦੇ ਗਲੇ ’ਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਮੌਕੇ ’ਤੇ ਆਏ ਪਰਿਵਾਰਿਕ ਮੈਂਬਰਾਂ ਨੇ ਆੜ੍ਹਤੀ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ। ਉਕਤ ਘਟਨਾ ਨੇੜੇ ਲੱਗੇ ਸੀ. ਸੀ. ਟੀ. ਟੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਥਾਣਾ ਸਿਟੀ ਪੁਲਸ ਨੇ ਆੜ੍ਹਤੀ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।