ਪੋਹ ਦੀ ਠੰਡ ਨੇ ਜਨ-ਜੀਵਨ ਨੂੰ ਲਾਈਆਂ ਬਰੇਕਾਂ, ਸੜਕਾਂ ''ਤੇ ਮੱਠੀ ਰਫ਼ਤਾਰ ਨਾਲ ਚੱਲਦੇ ਨਜ਼ਰ ਆਏ ਵਾਹਨ

Friday, Dec 19, 2025 - 12:53 PM (IST)

ਪੋਹ ਦੀ ਠੰਡ ਨੇ ਜਨ-ਜੀਵਨ ਨੂੰ ਲਾਈਆਂ ਬਰੇਕਾਂ, ਸੜਕਾਂ ''ਤੇ ਮੱਠੀ ਰਫ਼ਤਾਰ ਨਾਲ ਚੱਲਦੇ ਨਜ਼ਰ ਆਏ ਵਾਹਨ

ਸੁਲਤਾਨਪੁਰ ਲੋਧੀ (ਧੀਰ)-ਪੋਹ ਮਹੀਨੇ ਦੀ ਸ਼ੁਰੂਆਤ ’ਚ ਹੀ ਪੈਣ ਲੱਗੀ ਸੰਘਣੀ ਧੁੰਦ ਦੇ ਨਾਲ-ਨਾਲ ਠੰਡ ’ਚ ਵੀ ਵਾਧਾ ਹੋ ਗਿਆ ਹੈ। ਧੁੰਦ ਕਾਰਨ ਸੜਕਾਂ ’ਤੇ ਵਾਹਨ ਕੀੜੀ ਦੀ ਰਫ਼ਤਾਰ ਨਾਲ ਚੱਲਦੇ ਹਨ। ਸਵੇਰ ਵੇਲੇ ਮਜ਼ਬੂਰੀ ਵੱਸ ਘਰਾਂ ’ਚੋਂ ਨਿੱਕਲੇ ਲੋਕ ਠਰੂੰ-ਠਰੂੰ ਕਰਦੇ ਮੰਜ਼ਿਲ ਵੱਲ ਨੂੰ ਜਾਂਦੇ ਦਿਖਾਈ ਦਿੰਦੇ ਹਨ। ਵਿਦਿਆਰਥੀਆਂ ਨੂੰ ਵੀ ਅਜਿਹੇ ਮੌਸਮ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਠੰਡ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ।

ਵੇਰਵਿਆਂ ਮੁਤਾਬਕ ਸੁਲਤਾਨਪੁਰ ਲੋਧੀ ਅਤੇ ਇਸ ਦੇ ਨਾਲ ਲੱਗਦੇ ਦੀ ਇਲਾਕਿਆਂ ’ਚ ਲੰਘੇ 24 ਘੰਟਿਆਂ ਤੋਂ ’ਚ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ। ਸੰਘਣੀ ਧੁੰਦ ਹੋਣ ਕਾਰਨ ਵਾਤਾਵਰਣ ’ਚ 100 ਫ਼ੀਸਦੀ ਨਮੀ ਦਰਜ ਕੀਤੀ ਗਈ ਹੈ। ਅੱਜ ਸਵੇਰ ਵੇਲੇ ਕਰੀਬ 10 ਵਜੇ ਤੋਂ ਆ ਬਾਅਦ ਹੀ ਸੜਕਾਂ ’ਤੇ ਕੁਝ ਦਿਖਾਈ ਦੇਣਾ ਸ਼ੁਰੂ ਹੋਇਆ। ਪੰਜਾਬ ਸਰਕਾਰ ਕਿ ਵੱਲੋਂ ਸਕੂਲਾਂ ’ਚ ਛੁੱਟੀਆਂ 24 ਦਸੰਬਰ ਤੋਂ ਹੀ ਕਰਨ ਦਾ ਐਲਾਨ ਕੀਤਾ ਹੈ। ਜਦੋਂਕਿ ਬੱਚਿਆਂ ਨੂੰ ਸਕੂਲ ਜਾਣ ’ਚ ਹੁਣ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮੌਸਮ ’ਚ ਸਿਹਤ ਵਿਭਾਗ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਠੰਡ ਤੋਂ ਬਚਾਅ ਰੱਖਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਟਾਂਡਾ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਲਜੀਤ ਸਿੰਘ ਦੇ ਮਾਮਲੇ 'ਚ ਵੱਡੀ ਅਪਡੇਟ! ਵਿਦੇਸ਼ ਨਾਲ ਜੁੜੇ ਤਾਰ

ਮਾਹਿਰਾਂ ਅਨੁਸਾਰ ਹਵਾ ਦੇ ਗੁਣਵੱਤਾ ਸੂਚਕ ਅੰਕ ਦੇ 0 ਤੋਂ 50 ਤੱਕ ਦੇ ਪੱਧਰ ਨੂੰ ਸਿਹਤ ਲਈ ਪੂਰੀ ਤਰ੍ਹਾਂ ਲਾਭਦਾਇਕ ਮੰਨਿਆ ਜਾਂਦਾ ਹੈ ਜਦਕਿ 51 ਤੋਂ 100 ਸੰਵੇਦਨਸ਼ੀਲ ਲੋਕਾਂ ਲਈ ਹਲਕਾ ਨੁਕਸਾਨਦੇਹ ਹੁੰਦਾ ਹੈ। 101 ਤੋਂ 200 ਨੂੰ ਦਰਮਿਆਨਾ ਤੋਂ ਖਰਾਬ ਕਿਹਾ ਜਾਂਦਾ ਹੈ ਜੋ ਦਮਾ, ਦਿਲ ਤੇ ਸਾਹ ਦੇ ਮਰੀਜਾਂ ਲਈ ਹਾਨੀਕਾਰਕ ਹੈ। 201 ਤੋਂ 300 ਨੂੰ ਬਹੁਤ ਖਰਾਬ ਮੰਨਿਆ ਜਾਂਦਾ ਹੈ ਜੋ ਆਮ ਲੋਕਾਂ ਲਈ ਵੀ ਸਿਹਤ ਸਮੱਸਿਆ ਦਾ ਕਾਰਨ ਬਣਦਾ ਹੈ। 301 ਤੋਂ ਉੱਪਰ ਗੰਭੀਰ ਸਿਹਤ ਖ਼ਤਰੇ ਦਾ ਕਾਰਨ ਬਣਦਾ ਹੈ, ਜਿਸ ਕਾਰਨ ਡਾਕਟਰ ਜਿਆਦਾਤਰ ਬਿਮਾਰ ਲੋਕਾਂ ਨੂੰ ਬਾਹਰ ਜਾਣ ਤੋਂ ਪਰਹੇਜ ਕਰਨ ਦੀ ਸਲਾਹ ਦਿੰਦੇ ਹਨ।

ਗੈਸ ਗੀਜ਼ਰ ਤੇ ਅੰਗੀਠੀ ਵੇਲੇ ਰੱਖੋ ਬਚਾਅ
ਰੈੱਡ ਕ੍ਰਾਸ ਕਪੂਰਥਲਾ ਦੇ ਫਸਟ ਏਡ ਟਰੇਨਰ ਸੁਮੀਤ ਨੇ ਕਿਹਾ ਕਿ ਠੰਡ ਤੋਂ ਬਚਣ ਲਈ ਬੰਦ ਕਮਰੇ ਵਿਚ ਕੋਲੇ ਵਾਲੀ ਅੰਗੀਠੀ ਜਾਂ ਬਾਥਰੂਮ ’ਚ ਰੀਸ ਗੀਜਰ ਆਦਿ ਮੌਕੇ ਖਾਸ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬੰਦ ਕਮਰੇ ’ਚ ਅੰਗੀਠੀ ਬਾਲਣ ਨਾਲ ਹਵਾ ਕਰਾਸ ਨਹੀਂ ਹੁੰਦੀ ਤੇ ਕਾਰਬਨ ਮੋਨੋਅਕਸਾਈਡ ਪੈਦਾ ਹੋਣ ਨਾਲ ਦਮ ਘੁੱਟਣ ਲੱਗ ਪੈਂਦਾ ਹੈ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਗੈਸ ਗੀਜ਼ਰ ਬਾਥਰਮ ਤੋਂ ਬਾਹਰ ਹੋਣੇ ਚਾਹੀਦੇ ਹਨ ਅਤੇ ਜੇਕਰ ਗੀਜ਼ਰ ਅੰਦਰ ਵੀ ਹੈ ਤਾਂ ਨਹਾਉਂਦੇ ਸਮੇਂ ਬਾਥਰੂਮ ਦੀਆਂ ਖਿੜਕੀਆਂ ਆਦਿ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਹਨ। ਤਾਂ ਕਿ ਹਵਾ ਕਰਾਸ ਹੁੰਦੀ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ! ਜਲੰਧਰ ਦੇ ਹਾਈਵੇਅ 'ਤੇ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੇ ਉੱਡੇ ਪਰਖੱਚੇ

ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ : ਡਾ. ਅਮਨਪ੍ਰੀਤ ਸਿੰਘ
ਪ੍ਰਸਿੱਧ ਸਰਜਨ ਡਾ. ਅਮਨਪ੍ਰੀਤ ਸਿੰਘ ਵੱਲੋਂ ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਤਾਪਮਾਨ ਵਿਚ ਆ ਰਹੀ ਗਿਰਾਵਟ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਆ ਸਕਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਵਿਸ਼ੇਸ ਸਲਾਹ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਦੀ ਕਾਰਨ ਤਾਪਮਾਨ ਪਿਛਲੇ ਦਿਨੀਂ ਕਾਫੀ ਘੱਟ ਹੋ ਗਿਆ ਹੈ। ਇਸ ਲਈ ਵਡੇਰੀ ਉਮਰ ਅਤੇ ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਕਿਉਂਕਿ ਬਜ਼ੁਰਗ ਅਤੇ ਛੋਟੀ ਉਮਰ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਠੰਢ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਬਜ਼ੁਰਗਾਂ ਹਨਅਤੇ ਦਿਲ ਦੇ ਰੋਗੀਆਂ ਨੂੰ ਸਵੇਰੇ ਅਤੇ ਦੇਰ ਸ਼ਾਮ ਤੱਕ ਜ਼ਿਆਦਾ ਠੰਡ ’ਚ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਫ਼ਸਲਾਂ ਉੱਪਰ ਮੌਜੂਦਾ ਮੌਸਮ ਦਾ ਅਸਰ
ਬਾਰਿਸ਼ ਦੀ ਕਮੀ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਟਿਊਬਵੈਲਾਂ ਤੇ ਨਹਿਰੀ ਪਾਣੀ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਖਾਸ ਕਰਕੇ ਕਣਕ, ਸਰ੍ਹੋਂ ਤੇ ਹੋਰ ਰਬੀ ਫ਼ਸਲਾਂ ਲਈ ਨਮੀ ਦੀ ਲੋੜ ਹੁੰਦੀ ਹੈ। ਮੌਜੂਦਾ ਸੁੱਕੇ ਮੌਸਮ ਕਾਰਨ ਜਿੱਥੇ ਮਿੱਟੀ ’ਚ ਨਮੀ ਘੱਟ ਰਹੀ ਹੈ, ਉੱਥੇ ਹੀ ਫ਼ਸਲ ਦੀ ਸ਼ੁਰੂਆਤੀ ਵਾਧੇ ’ਤੇ ਵੀ ਅਸਰ ਪੈ ਸਕਦਾ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋੜ ਅਨੁਸਾਰ ਹੀ ਫਸਲ ਦੀ ਸਿੰਚਾਈ ਕਰਨ ਤੇ ਜ਼ਿਆਦਾ ਭਾਰੀ ਪਾਣੀ ਦੇਣ ਤੋਂ ਗੁਰੇਜ਼ ਕਰਨ ਤਾਂ ਜੋ ਮਿੱਟੀ ਦੀ ਬਣਾਵਟ ਖਰਾਬ ਨਾ ਹੋਵੇ ਅਤੇ ਫ਼ਸਲਾਂ ਨੂੰ ਨੁਕਸਾਨ ਨਾ ਪਹੁੰਚੇ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ’ਚ ਵੀ ਬਾਰਿਸ਼ ਨਹੀਂ ਹੁੰਦੀ ਤਾਂ ਸਿੰਚਾਈ ਦੀ ਯੋਜਨਾ ਸਮਝਦਾਰੀ ਨਾਲ ਬਣਾਉਣਾ ਬਹੁਰ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News