ਚੋਰੀ ਦੇ ਇਰਾਦੇ ਨਾਲ ਘਰ ’ਚ ਦਾਖ਼ਲ ਹੋਏ ਮੁਲਜ਼ਮਾਂ ਨੂੰ ਪਿੰਡ ਵਾਸੀਆਂ ਨੇ ਕੀਤਾ ਕਾਬੂ
Sunday, Dec 14, 2025 - 05:01 PM (IST)
ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)-ਥਾਣਾ ਸਦਰ ਕਪੂਰਥਲਾ ਅਧੀਨ ਪੈਂਦੇ ਪਿੰਡ ਢੱਪਈ ਵਿਚ ਬੀਤੀ ਰਾਤ ਚੋਰੀ ਦੇ ਇਰਾਦੇ ਨਾਲ ਇਕ ਬੰਦ ਘਰ ਵਿਚ ਦਾਖ਼ਲ ਹੋਏ ਦੋ ਮੁਲਜ਼ਮਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਚੌਕੀ ਸਾਇੰਸ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਨਾਬਾਲਗ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਤੋਂ ਇਕ ਨਕਲੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਮੰਨਣ ਥਾਣਾ ਸਦਰ ਕਪੂਰਥਲਾ ਨੇ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਦੀ ਲੜਕੀ ਗਗਨਦੀਪ ਕੌਰ ਜੋ ਕਿ ਕੁਲਵੰਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਢੱਪਈ ਜ਼ਿਲਾ ਕਪੂਰਥਲਾ ਦੇ ਨਾਲ ਸ਼ਾਦੀਸ਼ੁਦਾ ਹੈ। ਉਸਦੀ ਬੇਟੀ ਦਾ ਪਤੀ ਕੁਲਵੰਤ ਸਿੰਘ ਤੇ ਸਹੁਰਾ ਨਿਰੰਜਣ ਸਿੰਘ ਅਮਰੀਕਾ ਵਿਚ ਰਹਿੰਦੇ ਹਨ। ਬੇਟੀ ਦਾ ਜੇਠ ਸੁਖਵੰਤ ਸਿੰਘ ਆਸਟ੍ਰੇਲੀਆ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ
ਉਨ੍ਹਾਂ ਦੀ ਢੱਪਈ ਵਿਚ ਸਥਿਤ ਕੋਠੀ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਲੜਕੀ ਗਗਨਦੀਪ ਕੌਰ ਮੇਰੇ ਕੋਲ ਰਹਿੰਦੀ ਹੈ। 11-12 ਦਸੰਬਰ 2025 ਦੀ ਰਾਤ ਨੂੰ ਦੋ ਮੁਲਜ਼ਮ ਮੇਰੀ ਲੜਕੀ ਦੇ ਘਰ ਢੱਪਈ ’ਚ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ। ਉਹ ਹਥਿਆਰਾਂ ਨਾਲ ਲੈਸ ਹੋ ਕੇ ਮੁੱਖ ਗੇਟ ਰਾਹੀਂ ਘਰ ਵਿਚ ਦਾਖਲ ਹੋਏ। ਮੇਰੀ ਲੜਕੀ ਨੇ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨ ਨਾਲ ਅਟੈਚ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਦੇਖਿਆ ਤੇ ਪਿੰਡ ਦੇ ਮੈਂਬਰ ਪੰਚਾਇਤ ਤੇ ਹੋਰਾਂ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਕਿ ਦੋ ਨੌਜਵਾਨ ਉਸਦੇ ਘਰ ਵਿੱਚੋਂ ਚੋਰੀ ਕਰ ਰਹੇ ਹਨ ਤੇ ਸੀਸੀਟੀਵੀ ਕੈਮਰੇ ਅਤੇ ਲਾਈਟਾਂ ਦੀ ਭੰਨਤੋੜ ਕੀਤੀ ਹੈ।
ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੂੰ ਕਾਬੂ ਕਰ ਲਿਆ। ਪਿੰਡ ਵਾਸੀਆਂ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੇ ਚੌਂਕੀ ਸਾਇੰਸ ਸਿਟੀ ਦੇ ਇੰਚਾਰਜ ਲਖਬੀਰ ਸਿੰਘ ਗੋਸਲ ਨੇ ਪੁਲਿਸ ਟੀਮ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਨਾਮ ਇੰਦਰਜੋਤ ਸਿੰਘ ਉਰਫ ਜੋਤੀ ਪੁੱਤਰ ਨਿਸ਼ਾਨ ਸਿੰਘ ਵਾਸੀ ਬਿਸ਼ਨਪੁਰ ਅਰਾਈਆਂ, ਥਾਣਾ ਕੋਤਵਾਲੀ ਕਪੂਰਥਲਾ ਦੱਸਿਆ ਤੇ ਦੂਜਾ ਮੁਲਜ਼ਮ ਨਾਬਾਲਗ ਨਿਕਲਿਆ।
ਦੋਵਾਂ ਮੁਲਜ਼ਮਾਂ ਦੀ ਤਲਾਸ਼ੀ ਕਰਨ ’ਤੇ ਉਨ੍ਹਾਂ ਕੋਲੋਂ ਇਕ ਨਕਲੀ ਪਿਸਤੌਲ ਹੋਇਆ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਗ੍ਰਿਫ਼ਤਾਰ ਮੁਲਜ਼ਮ ਇੰਦਰਜੋਤ ਸਿੰਘ ਉਰਫ਼ ਜੋਤੀ ਖ਼ਿਲਾਫ਼ ਚੋਰੀ ਦੇ ਕਈ ਮਾਮਲੇ ਦਰਜ ਹਨ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਨਾਬਾਲਗ ਮੁਲਜ਼ਮ ਨੂੰ ਹੁਸ਼ਿਆਰਪੁਰ ਦੀ ਬਾਲ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ
