ਆਸਟ੍ਰੇਲੀਆ ਦਾ ਜਾਅਲੀ ਵੀਜ਼ਾ ਤੇ ਟਿਕਟ ਦੇ ਕੇ ਕੀਤੀ 5.50 ਲੱਖ ਦੀ ਧੋਖਾਦੇਹੀ

Sunday, Nov 18, 2018 - 03:26 AM (IST)

ਕਪੂਰਥਲਾ  (ਭੂਸ਼ਣ)-  ਆਸਟ੍ਰੇਲੀਆ ਦਾ ਵਰਕ ਪਰਮਿਟ ਦਿਵਾਉਣ  ਦੇ ਨਾਂ ’ਤੇ ਫਰਜ਼ੀ ਵੀਜ਼ਾ ਅਤੇ ਟਿਕਟ ਦੇ ਕੇ 5.50 ਲੱਖ ਰੁਪਏ ਦੀ ਠੱਗੀ  ਕਰਨ  ਦੇ ਇਲਜ਼ਾਮ ਵਿਚ ਥਾਣਾ ਤਲਵੰਡੀ ਚੌਧਰੀਆਂ ਪੁਲਸ ਨੇ ਜੋੜੇ  ਖਿਲਾਫ ਵੱਖ-ਵੱਖ ਧਾਰਾਵਾਂ  ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਨੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਜਾਣਕਾਰੀ  ਅਨੁਸਾਰ ਬਲਵੀਰ ਸਿੰਘ  ਪੁੱਤਰ ਦਿਲਦਾਰ ਸਿੰਘ  ਨਿਵਾਸੀ ਪਿੰਡ ਮਸੀਤਾਂ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਚਚੇਰਾ ਭਰਾ ਜੋ ਕਿ ਬੇਰੋਜ਼ਗਾਰ ਸੀ, ਨੂੰ ਵਿਦੇਸ਼ ਭੇਜਣ ਲਈ ਉਸ ਨੇ ਜਲੰਧਰ  ਦੇ ਸ਼ਾਸਤਰੀ ਨਗਰ ਨਿਵਾਸੀ ਹਰਸ਼  ਚੱਡਾ ਤੇ ਉਸ ਦੀ ਪਤਨੀ ਰਿੰਕੀ ਚੱਡਾ  ਦੇ ਨਾਲ ਸੰਪਰਕ ਕੀਤਾ ਸੀ ।  ਆਪਣੇ ਚਚੇਰੇ ਭਰਾ ਸਤਨਾਮ ਸਿੰਘ  ਨੂੰ ਵਿਦੇਸ਼ ਭੇਜਣ ਲਈ ਉਹ ਉਸ ਨੂੰ ਜਦੋਂ ਹਰਸ਼  ਅਤੇ ਉਸ ਦੀ ਦੰਪਤੀ ਰਿੰਕੀ   ਦੇ ਘਰ ਗਿਆ ਤਾਂ ਉਕਤ ਜੋੜੇ ਨੇ ਉਸ ਨੂੰ ਵਿਸ਼ਵਾਸ ਦਿੱਤਾ ਕਿ ਉਹ ਸਤਨਾਮ ਸਿੰਘ  ਨੂੰ ਆਸਟ੍ਰੇਲੀਆ ਵਿਚ ਵਰਕ ਵੀਜ਼ੇ ’ਤੇ ਭੇਜਗਾ।  ਜਿਸ ਲਈ ਉਸ ਨੂੰ 13 ਲੱਖ ਰੁਪਏ ਦੀ ਰਕਮ ਅਦਾ ਕਰਨੀ ਹੋਵੇਗੀ ਅਤੇ ਸਾਰੇ ਪੈਸੇ ਆਸਟ੍ਰੇਲੀਆ ਪਹੁੰਚ ਕੇ ਦੇਣੇ ਹੋਣਗੇ।  ਇਸ  ’ਤੇ ਜਦੋਂ ਉਹ ਆਪਣੇ ਚਚੇਰਾ ਭਰਾ  ਨਾਲ ਉਕਤ ਜੋੜੇ ਨੂੰ ਪਾਸਪੋਰਟ ਦੇਣ ਗਿਆ ਤਾਂ ਉਕਤ ਪਤੀ ਪਤਨੀ ਨੇ ਉਨ੍ਹਾਂ ਤੋਂ ਜ਼ਮਾਨਤ  ਦੇ ਤੌਰ ’ਤੇ ਕੁਝ ਰਕਮ ਮੰਗ ਲਈ।  ਜਿਸ ’ਤੇ ਉਨ੍ਹਾਂ ਨੇ 23 ਮਾਰਚ 2017 ਨੂੰ 1.50 ਲੱਖ ਰੁਪਏ ਦਾ ਚੈੱਕ ਮੁਲਜ਼ਮਾਂ ਨੂੰ  ਦੇ ਦਿੱਤੇ । ਜਿਸ  ਦੇ ਕੁਝ ਦਿਨਾਂ ਬਾਅਦ ਉਸ ਨੂੰ ਉਕਤ ਜੋੜੇ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡਾ ਕੰਮ ਬਣ ਗਿਆ ਹੈ ਅਤੇ ਆਪਣੇ ਪੇਪਰ ਲੈ ਜਾਓ ।  ਜਿਸ  ਦੌਰਾਨ ਮੁਲਜ਼ਮਾਂ ਨੇ ਉਸ ਤੋਂ ਹੋਰ ਵੀ ਰਕਮ ਲਿਆਉਣ ਨੂੰ ਕਿਹਾ।  ਜਿਸ ’ਤੇ ਉਸ ਨੇ ਆਪਣੇ ਆਡ਼੍ਹਤੀ ਤੋਂ 16 ਅਗਸਤ 2017 ਨੂੰ 4 ਲੱਖ ਰੁਪਏ ਦੀ ਰਕਮ ਲਈ ਅਤੇ ਉਸ ਨੇ ਮੁਲਜ਼ਮ ਨੂੰ ਜਾ ਕੇ  ਦੇ ਦਿੱਤੀ ।  ਜਿਸ ਦੌਰਾਨ ਮੁਲਜ਼ਮ ਨੇ ਉਸ ਨੂੰ ਇਕ ਐਗਰੀਮੈਂਟ ਵਿਖਾਇਆ ਅਤੇ ਅਗਲੇ ਕੁਝ ਦਿਨਾਂ ਵਿਚ ਪਾਸਪੋਰਟ ਤੇ ਵੀਜ਼ਾ ਲੱਗਣ ਦੀ ਗੱਲ ਕਹੀ।  
ਜਿਸ ’ਤੇ ਮੁਲਜ਼ਮ  ਨੇ ਫੋਨ ’ਤੇ ਦੱਸਿਆ ਕਿ ਪਾਸਪੋਰਟ ਲੈਣ ਲਈ ਦਿੱਲੀ ਜਾਣਾ ਹੈ ਅਤੇ ਉਥੇ ਤੋਂ ਹੀ ਸਤਨਾਮ ਸਿੰਘ  ਦੀ ਫਲਾਈਟ ਕਰਵਾਉਣੀ ਹੈ।  ਜਿਸ ’ਤੇ ਜਦੋਂ ਸਤਨਾਮ ਸਿੰਘ  ਪਾਸਪੋਰਟ ਅਤੇ ਟਿਕਟ ਲੈ ਕੇ ਦਿੱਲੀ ਪਹੁੰਚਿਆ ਤਾਂ ਪਾਸਪੋਰਟ ’ਤੇ ਲਗਾ ਵੀਜ਼ਾ ਅਤੇ ਟਿਕਟ ਫਰਜ਼ੀ ਸਾਬਤ ਹੋਏ। ਜਿਸ ਕਾਰਨ ਸਤਨਾਮ ਸਿੰਘ  ਨੂੰ  ਵਾਪਸ ਘਰ ਆਉਣਾ ਪਿਆ ।  ਇਸ ਤੋਂ ਬਾਅਦ ਜਦੋਂ ਉਹ ਉਕਤ ਜੋੜੇ ਤੋਂ ਪੈਸੇ ਲੈਣ ਲਈ ਕਈ ਵਾਰ ਉਨ੍ਹਾਂ  ਦੇ ਘਰ ਗਿਆ ਤਾਂ ਉਸ ਨੂੰ ਧਮਕੀਅਾਂ ਦੇਣ ਲੱਗੇ ਅਤੇ ਜਿਸ  ਦੌਰਾਨ ਵਾਰ-ਵਾਰ ਚੱਕਰ ਮਾਰਨ ’ਤੇ ਮੁਲਜ਼ਮ ਜੋੜੇ ਨੇ ਉਸ ਨੂੰ 30 ਸਤੰਬਰ 2017 ਨੂੰ ਇਕ ਲੱਖ ਰੁਪਏ ਦਾ ਬੈਂਕ ਚੈੱਕ  ਦੇ ਦਿੱਤਾ ਜੋ ਕਿ ਬੈਂਕ ’ਚ ਬਾਊਂਸ ਸਾਬਤ ਹੋਇਆ।  ਜਿਸ  ਕਾਰਨ ਇਨਸਾਫ  ਲਈ ਐੱਸ. ਐੱਸ. ਪੀ.  ਦੇ ਸਾਹਮਣੇ ਗੁਹਾਰ ਲਗਾਉਣੀ ਪਈ । ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਕਪੂਰਥਲਾ ਨੂੰ ਜਾਂਚ  ਦੇ ਹੁਕਮ ਦਿੱਤੇ ।  ਜਿਸ ’ਤੇ ਜਾਂਚ  ਦੌਰਾਨ ਮੁਲਜ਼ਮ  ਹਰਸ਼ ਅਤੇ ਉਸ ਦੀ ਪਤਨੀ ਰਿੰਕੀ   ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ ਗਏ।  ਜਿਸ  ਦੇ ਆਧਾਰ ਤੇ ਦੋਨਾਂ ਮੁਲਜ਼ਮਾਂ   ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


Related News