ਸਟਾਕ ਮਾਰਕਿਟ ’ਚ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ 52 ਲੱਖ ਦੀ ਠੱਗੀ
Friday, Sep 13, 2024 - 03:19 PM (IST)
ਲੁਧਿਆਣਾ (ਗੌਤਮ) : ਸਟਾਕ ਮਾਰਕਿਟ ’ਚ ਇਨਵੈਸਟ ਕਰਵਾ ਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਅਣਪਛਾਤੇ ਲੋਕਾਂ ਨੇ ਕਾਰੋਬਾਰੀ ਤੋਂ ਲੱਖਾਂ ਰੁਪਏ ਠੱਗ ਲਏ। ਜਦੋਂ ਕਾਰੋਬਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਜਾਂਚ ਤੋਂ ਬਾਅਦ ਰਾਣੀ ਝਾਂਸੀ ਰੋਡ ਦੇ ਰਹਿਣ ਵਾਲੇ ਵਰੁਣ ਜੈਨ ਪੁੱਤਰ ਭੂਸ਼ਣ ਕੁਮਾਰ ਦੇ ਬਿਆਨ ’ਤੇ ਅਣਪਛਾਤੇ ਖ਼ਿਲਾਫ਼ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਅਤੇ ਅਮਾਨਤ ’ਚ ਖਿਆਨਤ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਵਰੁਣ ਜੈਨ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਉਸ ਦੇ ਵਟਸਐਪ ਨੰਬਰ ’ਤੇ ਉਸ ਨੂੰ ਸਟਾਕ ਮਾਰਕਿਟ ’ਚ ਇਨਵੈਸਟਮੈਂਟ ਕਰਵਾ ਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦਿੱਤਾ ਸੀ। ਉਸ ਨੇ ਉਕਤ ਅਣਪਛਾਤੇ ਦੇ ਕਹਿਣ ’ਤੇ ਵੱਖ-ਵੱਖ ਕਿਸ਼ਤਾਂ 'ਚ 52 ਲੱਖ 36 ਹਜ਼ਾਰ ਰੁਪਏ ਇਨਵੈਸਟ ਕਰ ਦਿੱਤੇ ਪਰ ਬਾਅਦ ਵਿਚ ਨਾ ਤਾਂ ਉਸ ਦੀ ਖ਼ੁਦ ਦੀ ਰਕਮ ਵਾਪਸ ਆਈ ਅਤੇ ਨਾ ਹੀ ਮੁਲਜ਼ਮ ਨੇ ਉਸ ਨੂੰ ਕੋਈ ਮੁਨਾਫ਼ਾ ਦਿਵਾਇਆ। ਉਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਮੋਬਾਇਲ ਨੰਬਰ ਵੀ ਬੰਦ ਕਰ ਲਏ, ਜਿਸ ’ਤੇ ਉਸ ਨੇ ਸਾਈਬਰ ਹੈਲਪਲਾਈਨ ’ਤੇ ਮੁਲਜ਼ਮ ਦੀ ਸ਼ਿਕਾਇਤ ਕੀਤੀ। ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਦਿੱਤੇ ਨੰਬਰਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ।