ਆਸਟ੍ਰੇਲੀਆ ਤੋਂ ਆਇਆ ਲਾੜਾ ਵਿਆਹ ਕਰਕੇ ਕਰ ਗਿਆ ਕਾਰਾ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ
Wednesday, Sep 11, 2024 - 06:46 PM (IST)
ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਬੰਗਾ ਪੁਲਸ ਨੇ ਆਪਣੇ ਆਪ ਨੂੰ ਵਿਦੇਸ਼ ਵਿੱਚ ਪੱਕਾ ਹੋਣ ਅਤੇ ਵਿਆਹ ਤੋਂ ਬਾਅਦ ਲਾੜੀ ਨੂੰ ਆਪਣੇ ਨਾਲ ਵਿਦੇਸ਼ ਨਾਲ ਲੈ ਕੇ ਜਾਣ ਵਾਲੇ ਲਾੜੇ ਸਮੇਤ ਤਿੰਨ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਜਸਮੀਨ ਕੌਰ ਪੁੱਤਰੀ ਤਰਨਜੀਤ ਸਿੰਘ ਨਿਵਾਸੀ ਸੁੱਜੋ ਨੇ ਦੱਸਿਆ ਕਿ ਉਸ ਦਾ ਵਿਆਹ 21 ਫਰਵਰੀ 2024 ਨੂੰ ਨਵਨੀਤ ਸਿੰਘ ਪੁੱਤਰ ਲਖਵੀਰ ਸਿੰਘ ਨਿਵਾਸੀ ਨੋਰਾ ਨਾਲ ਗੁਰੂ ਮਰਿਆਦਾ ਤਹਿਤ ਗੁਰਦੁਆਰਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਸੁੱਜੋ ਵਿਖੇ ਹੋਇਆ ਸੀ।
ਵਿਆਹ ਦੀਆਂ ਬਾਕੀ ਰਸਮਾਂ ਬੰਗਾ ਦੇ ਇਕ ਨਿੱਜੀ ਪੈਲੇਸ ਵਿੱਚ ਹੋਈਆਂ ਸਨ, ਜਿਸ ਦੌਰਾਨ ਉਸ ਦੇ ਮਾਤਾ-ਪਿਤਾ ਨੇ ਸਮੱਰਥਾ ਅਨੁਸਾਰ ਕੀਮਤੀ ਸਾਮਾਨ ਦਿੱਤਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਉਕਤ ਵਿਆਹ ਵਿੱਚ ਅੰਦਾਜ਼ੇ ਮੁਤਾਬਕ ਕਰੀਬ 25 ਲੱਖ ਰੁਪਏ ਦਾ ਖ਼ਰਚਾ ਆਇਆ। ਉਸ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਦੇ ਪਤੀ ਨਵਨੀਤ ਸਿੰਘ ਅਤੇ ਉਸ ਦੇ ਪਿਤਾ ਲਖਵੀਰ ਸਿੰਘ , ਮਾਤਾ ਹਰਵਿੰਦਰ ਕੌਰ ਵਾਸੀ ਨੋਰਾ ਨੇ ਦੱਸਿਆ ਕਿ ਨਵਨੀਤ ਆਸਟ੍ਰੇਲੀਆ ਪੱਕਾ ਹੋ ਚੁੱਕਾ ਹੈ ਅਤੇ ਵਿਆਹ ਤੋਂ ਬਾਅਦ ਉਹ ਉਸ ਨੂੰ ਵੀ ਆਪਣੇ ਨਾਲ ਪੱਕੇ ਤੌਰ 'ਤੇ ਵਿਦੇਸ਼ ਲੈ ਜਾਵੇਗਾ।
ਇਹ ਵੀ ਪੜ੍ਹੋ- ਪਹਿਲੀ ਪਤਨੀ ਦੇ ਹੁੰਦਿਆਂ ਕਰਵਾ ਲਿਆ ਦੂਜਾ ਵਿਆਹ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਉਸ ਨੇ ਦੱਸਿਆ ਕਿ ਵਿਆਹ ਉਪੰਰਤ ਉਹ ਚਾਰ ਮਹੀਨਿਆਂ ਤੱਕ ਆਪਣੇ ਸੁਹਰੇ ਘਰ ਪਿੰਡ ਨੋਰਾ ਰਹੀ, ਜਿਸ ਦੌਰਾਨ ਉਸ ਦੇ ਸੁਹਰੇ, ਸੱਸ ਅਤੇ ਪਤੀ ਦਾ ਰਵੱਈਆ ਉਸ ਪ੍ਰਤੀ ਠੀਕ ਨਹੀਂ ਰਿਹਾ ਅਤੇ ਵਿਆਹ ਤੋਂ ਕੁਝ ਹੀ ਦਿਨਾਂ ਮਗਰੋਂ ਉਸ ਦੀ ਸੱਸ ਉਸ ਨੂੰ ਦਾਜ ਵਿੱਚ ਕਾਰ ਵਿੱਚ ਨਾ ਲੈ ਕੇ ਆਉਣ ਦੇ ਤਾਹਨੇ ਮਾਰਨ ਲੱਗੀ ਅਤੇ ਉਸ ਦੇ ਪਤੀ ਨੇ ਵੀ ਉਸ ਨੂੰ ਕਦੀ ਵੀ ਪਤਨੀ ਵਾਂਗੂੰ ਨਹੀਂ ਸਮਝਿਆ। ਉਸ ਦਾ ਪਤੀ ਮਨਪ੍ਰੀਤ ਨਾਮੀ ਔਰਤ, ਜਿਸ ਦੀ ਉਨ੍ਹਾਂ ਦੇ ਘਰ ਵਿੱਚ ਬਹੁਤ ਦਖ਼ਲ ਅੰਦਾਜ਼ੀ ਸੀ, ਉਸ ਦੇ ਘਰ ਦੇਰ ਰਾਤ 12-12 ਵਜੇ ਬੈਠਾ ਰਹਿੰਦਾ ਸੀ ਅਤੇ ਸ਼ਰਾਬ ਪੀ ਕੇ ਘਰ ਆ ਕੇ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਜਿਸ ਸਬੰਧੀ ਉਹ ਆਪਣੇ ਪੇਕੇ ਪਰਿਵਾਰ ਨੂੰ ਦੱਸਦੀ ਰਹਿੰਦੀ ਸੀ।
ਉਸ ਨੇ ਕਿਹਾ ਕਿ ਉਸ ਦੇ ਆਪਣੇ ਪਤੀ ਨਵਨੀਤ ਨੂੰ ਵਾਰ-ਵਾਰ ਕੋਰਟ ਮੈਰਿਜ ਕਰਵਾਉਣ ਨੂੰ ਕਹਿਣ 'ਤੇ ਵੀ ਉਸ ਦੇ ਪਤੀ ਨੇ ਉਸ ਨਾਲ ਕੋਰਟ ਮੈਰਿਜ਼ ਨਹੀਂ ਸਗੋਂ 26 ਮਾਰਚ 2024 ਨੂੰ ਉਹ ਉਸ ਨੂੰ ਬਿਨਾਂ ਦੱਸੇ ਵਿਦੇਸ਼ ਚਲਾ ਗਿਆ ਜਦਕਿ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਵੀ ਉੁਹ ਆਪਣੇ ਸੁਹਰੇ ਘਰ ਰਹੀ। ਇਸ ਦੌਰਾਨ ਉਸ ਦੀ ਸੱਸ ਅਤੇ ਸੁਹਰਾ ਉਸ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕਰਦੇ ਰਹੇ। ਉਸ ਦੱਸਿਆ ਕਿ ਉਸ ਦੇ ਬੀਮਾਰ ਹੋਣ 'ਤੇ ਵੀ ਉਸ ਦੇ ਸੁਹਰੇ ਪਰਿਵਾਰ ਨੇ ਉਸ ਦਾ ਇਲਾਜ ਨਹੀਂ ਕਰਵਾਇਆ ਸਗੋਂ 16 ਜੂਨ ਨੂੰ ਉਸ ਨਾਲ ਲੜਾਈ-ਝਗੜਾ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਜਿਸ ਸਬੰਧੀ ਉਸ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਫੋਨ 'ਤੇ ਦੱਸੀ ਅਤੇ ਉਸ ਦੀ ਮਾਤਾ ਅਤੇ ਪਿਤਾ ਉਸ ਨੂੰ ਆਪਣੇ ਨਾਲ ਘਰ ਲੈ ਗਏ। ਉਸ ਦੱਸਿਆ ਕਿ ਉਸ ਨੂੰ ਹੁਣ ਪਤਾ ਲੱਗਾ ਹੈ ਕਿ ਉਸ ਦਾ ਪਤੀ ਨਵਨੀਤ ਸਿੰਘ ਵਿਦੇਸ਼ ਵਿੱਚ ਪੱਕਾ ਨਹੀਂ ਹੈ ਅਤੇ ਉਸ ਨੇ ਅਤੇ ਉਸ ਦੇ ਮਾਂ-ਪਿਤਾ ਨੇ ਝੂਠ ਬੋਲ ਕੇ ਉਸ ਨਾਲ ਉਸ ਦਾ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ- ਜਲੰਧਰ: ਡਾਕ ਵਿਭਾਗ ਦੀ ਮਹਿਲਾ ਮੁਲਾਜ਼ਮ ਦੇ ਅਗਵਾ ਮਾਮਲੇ ’ਚ ਨਵਾਂ ਮੋੜ, ਮੈਡੀਕਲ ਰਿਪੋਰਟ 'ਚ ਵੱਡਾ ਖ਼ੁਲਾਸਾ
ਮਿਲੀ ਸ਼ਿਕਾਇਤ 'ਤੇ ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੇ ਇਸ ਦੀ ਜਾਂਚ ਪੜਤਾਲ ਪੁਲਸ ਕਪਤਾਨ (ਜਾਂਚ) ਨੂੰ ਸੌਂਪੀ, ਜਿਨ੍ਹਾਂ ਨੇ ਸ਼ਿਕਾਇਤ 'ਤੇ ਆਪਣੀ ਕੀਤੀ ਜਾਂਚ ਰਿਪੋਰਟ ਸੀਨੀਅਰ ਪੁਲਸ ਕਪਤਾਨ ਨੂੰ ਸੌਂਪੀ। ਉਨ੍ਹਾਂ ਨੇ ਮਿਲੀ ਰਿਪੋਰਟ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੰਗਾ ਪੁਲਸ ਨੂੰ ਪਤੀ ਨਵਨੀਤ ਸਿੰਘ ,ਉਸ ਦੇ ਪਿਤਾ ਲਖਵੀਰ ਸਿੰਘ (ਸੁਹਰਾ) ਅਤੇ ਮਾਤਾ ਹਰਵਿੰਦਰ ਕੌਰ (ਸੱਸ) ਤਿੰਨੋਂ ਵਾਸੀ ਨੋਰਾ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਮਿਲੇ ਆਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਪੁਲਸ ਨੇ ਉਕਤ ਤਿੰਨਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 31 65(2), 85 ਅਧੀਨ ਮਾਮਲਾ ਨੰਬਰ 101 ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਖ-ਵੱਖ ਪਾਬੰਦੀਆਂ, ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ