ਪੀ. ਐੱਨ. ਬੀ. ਨੂੰ ਕਰਨੀ ਹੋਵੇਗੀ ਨੁਕਸਾਨ ਦੀ ਪੂਰਤੀ : ਆਰ. ਬੀ. ਆਈ.

02/16/2018 10:44:21 AM

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ 114 ਅਰਬ ਦਾ ਘਪਲਾ ਸਾਹਮਣੇ ਆਉਣ ਪਿਛੋਂ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਪੀ. ਐੱਨ. ਬੀ. 'ਤੇ ਗਾਜ ਡੇਗਦਿਆਂ ਕਿਹਾ ਹੈ ਕਿ ਸਾਰੀ ਦੇਣਦਾਰੀ ਉਸ ਨੂੰ ਹੀ ਅਦਾ ਕਰਨੀ ਹੋਵੇਗੀ। ਜੇ ਪੀ. ਐੱਨ. ਬੀ. ਨੇ ਹੋਰਨਾਂ ਬੈਂਕਾਂ ਨੂੰ ਇੰਨੇ ਵੱਡੇ ਘਪਲੇ ਦੀ ਪੂਰਤੀ ਨਾ ਕੀਤੀ ਤਾਂ ਬੈਂਕਿੰਗ ਸੈਕਟਰ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ। ਨਾਲ ਹੀ ਸਰਕਾਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਘਪਲੇ ਦੀ ਰਕਮ 20 ਹਜ਼ਾਰ ਕਰੋੜ ਰੁਪਏ ਤੱਕ ਹੋ ਸਕਦੀ ਹੈ। ਇਸ 'ਚ ਕਈ ਬੈਂਕਾਂ ਦੀ ਸ਼ਮੂਲੀਅਤ ਹੋਣ ਦਾ ਡਰ ਵੀ ਪ੍ਰਗਟ ਕੀਤਾ ਗਿਆ ਹੈ।
ਪੀ. ਐੱਨ. ਬੀ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਨੇ ਇਸ ਘਪਲੇ ਦੇ ਖੁਲਾਸੇ ਪਿਛੋਂ ਵੀਰਵਾਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਸਭ ਤੋਂ ਪਹਿਲਾਂ ਪੀ. ਐੱਨ. ਬੀ. ਦੇ ਪ੍ਰਬੰਧਕਾਂ ਨੇ ਹੀ ਇਸ ਘਪਲੇ ਦੀ ਜਾਣਕਾਰੀ ਜਾਂਚ ਏਜੰਸੀਆਂ ਨੂੰ ਦਿੱਤੀ। ਇਹ ਘਪਲਾ ਪਿਛਲੇ 7 ਸਾਲ ਤੋਂ ਚਲ ਰਿਹਾ ਸੀ। ਇਸ ਸਾਲ 3 ਜਨਵਰੀ ਨੂੰ ਬੈਂਕ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪਤਾ ਲੱਗਾ ਕਿ ਮੁੰਬਈ ਸਥਿਤ ਇਕ ਬ੍ਰਾਂਚ ਦੇ ਦੋ ਮੁਲਾਜ਼ਮ ਗੈਰ-ਕਾਨੂੰਨੀ ਢੰਗ ਨਾਲ ਲੈਣ-ਦੇਣ ਕਰ ਰਹੇ ਹਨ। ਮੁਲਾਜ਼ਮਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਇਆ ਗਿਆ ਹੈ। ਭਾਰਤ ਸਰਕਾਰ ਵੱਲੋਂ ਸਾਰੇ ਮਾਮਲੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅਪਰਾਧੀਆਂ ਨੂੰ ਫੜਨ 'ਚ ਪੂਰੀ ਮਦਦ ਸਰਕਾਰ ਵੱਲੋਂ ਮਿਲ ਰਹੀ ਹੈ। 
ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਬ੍ਰਾਂਚ ਦਾ ਮਾਮਲਾ ਹੈ। ਉਨ੍ਹਾਂ ਦਾ ਬੈਂਕ ਇਸ 'ਚੋਂ ਬਾਹਰ ਨਿਕਲਣ 'ਚ ਸਮਰੱਥ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਹੀ ਮਾਮਲਾ ਦਰਜ ਕਰਵਾਇਆ ਗਿਆ ਹੈ। ਸ਼ਾਮਲ ਹੋਣ ਵਾਲੇ ਗਰੁੱਪਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੇ ਦਸਤਾਵੇਜ਼ ਜ਼ਬਤ ਕੀਤੇ ਜਾ ਰਹੇ ਹਨ। ਪ੍ਰਭਾਵਿਤ ਬੈਂਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ।

ਪੀ. ਐੱਨ. ਬੀ. ਨੇ ਸਰਕਾਰ ਕੋਲੋਂ ਮੰਗੀ ਮਦਦ
ਪੀ. ਐੱਨ. ਬੀ. ਨੇ ਇਸ ਸੰਕਟ 'ਚੋਂ ਨਿਕਲਣ ਲਈ ਸਰਕਾਰ ਕੋਲੋਂ ਮਦਦ ਮੰਗੀ ਹੈ। ਬੈਂਕ ਕੋਲ ਇੰਨੀ ਰਕਮ ਨਹੀਂ ਕਿ ਉਹ ਬਾਕੀ ਬੈਂਕਾਂ ਦੀ ਨੁਕਸਾਨਪੂਰਤੀ ਕਰ ਸਕੇ। ਇਸ ਸਬੰਧੀ ਦੋ ਅਧਿਕਾਰੀਆਂ ਨੇ ਦੱਸਿਆ ਕਿ ਜੇ ਪੀ. ਐੱਨ. ਬੀ. ਹੋਰਨਾਂ ਪ੍ਰਭਾਵਿਤ ਬੈਂਕਾਂ ਦੀ ਨੁਕਸਾਨਪੂਰਤੀ ਨਹੀਂ ਕਰਦਾ ਤਾਂ ਸਭ 30 ਬੈਂਕਾਂ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਕਾਰਨ ਵਿੱਤੀ ਮਾਰਕੀਟ 'ਚ ਅਸੰਤੁਲਨ ਦੇ ਵਧਣ ਦਾ ਵੀ ਡਰ ਹੈ। 
ਪੀ. ਐੱਨ. ਬੀ. ਘਪਲਾ ਦੇਸ਼ ਦੇ ਬੈਂਕਿੰਗ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘਪਲਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਘਪਲੇ ਨੂੰ ਬਾਹਰੀ ਲੋਕਾਂ ਨੇ ਨਹੀਂ, ਸਗੋਂ ਬੈਂਕ ਦੇ ਮੁਲਾਜ਼ਮਾਂ ਨੇ ਹੀ ਅੰਜਾਮ ਦਿੱਤਾ ਹੈ।

ਕਿਵੇਂ ਚਲ ਰਹੀ ਸੀ ਧੋਖਾਦੇਹੀ ਦੀ ਖੇਡ
ਧੋਖਾਦੇਹੀ ਦੀ ਇਹ ਖੇਡ ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) ਦੀ ਆੜ ਹੇਠ ਚਲ ਰਹੀ ਸੀ। ਇਸ ਅਧੀਨ ਇਕ ਬੈਂਕ ਦੀ ਗਾਰੰਟੀ 'ਤੇ ਦੂਜੇ ਬੈਂਕ ਭੁਗਤਾਨ ਕਰ ਰਹੇ ਸਨ। ਇਸ ਘਪਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਨਾਲ-ਨਾਲ ਯੂਨੀਅਨ ਬੈਂਕ ਆਫ ਇੰਡੀਆ, ਇਲਾਹਾਬਾਦ ਬੈਂਕ ਅਤੇ ਐਕਸਿਸ ਬੈਂਕ ਦੇ ਨਾਂ ਵੀ ਸਾਹਮਣੇ ਆ ਰਹੇ ਹਨ। 
ਉਂਝ ਉਕਤ ਬੈਂਕਾਂ ਦਾ ਕਹਿਣਾ ਹੈ ਕਿ ਉਹ  ਪੀ. ਐੱਨ. ਬੀ. ਦੇ ਲੈਟਰ ਆਫ ਅੰਡਰਟੇਕਿੰਗ ਦੇ ਆਧਾਰ 'ਤੇ ਹੀ ਉਕਤ ਭੁਗਤਾਨ ਕਰ ਰਹੇ ਸਨ।


Related News